ਧਰਨੇ ਦੀ ਚਿਤਾਵਨੀ ਮਗਰੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ
ਧਰਨੇ ਦੀ ਚੇਤਾਵਨੀ ਮਗਰੋਂ ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ
Publish Date: Fri, 08 May 2026 09:58 PM (IST)
Updated Date: Fri, 08 May 2026 09:59 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਹਲਕਾ ਫਿਲੌਰ ਦੇ ਪਿੰਡ ਖਹਿਰਾ ਵਿੱਚ ਬਜ਼ੁਰਗ ਗੁਰਸਿੱਖ ਜੋੜੇ ਬਲਵੀਰ ਕੌਰ ਅਤੇ ਸਰਬਜੀਤ ਸਿੰਘ ਨਾਲ ਹੋਈ ਕੁੱਟਮਾਰ ਤੇ ਕੇਸਾਂ ਤੇ ਕੱਕਾਰਾਂ ਦੀ ਬੇਅਦਬੀ ਦੇ ਮਾਮਲੇ ਵਿਚ ਧਰਨੇ ਦੀ ਚਿਤਾਵਨੀ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਨੌਜਵਾਨ ਕਾਂਗਰਸ ਆਗੂ ਰਜਿੰਦਰ ਸੰਧੂ, ਹਮਖਿਆਲੀ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਵੱਲੋਂ ਡੀਐੱਸਪੀ ਦਫ਼ਤਰ ਫਿਲੌਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਧਰਨੇ ਦੀਆਂ ਤਿਆਰੀਆਂ ਦੌਰਾਨ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ। ਇਸ ਦੌਰਾਨ ਐੱਸਐੱਚਓ ਫਿਲੌਰ ਵੱਲੋਂ ਰਜਿੰਦਰ ਸੰਧੂ ਨੂੰ ਜਾਣਕਾਰੀ ਦਿੱਤੀ ਗਈ ਕਿ ਮੁਲਜ਼ਮ ਅਮਰਦੀਪ ਪੁੱਤਰ ਮੇਜਰ ਸਿੰਘ ਖ਼ਿਲਾਫ਼ ਥਾਣਾ ਫਿਲੌਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਭਾਵੇਂ ਪੁਲਿਸ ਵੱਲੋਂ ਕੇਸ ਦਰਜ ਕਰ ਦਿੱਤਾ ਗਿਆ ਸੀ, ਫਿਰ ਵੀ ਇਕੱਠੀਆਂ ਹੋਈਆਂ ਜਥੇਬੰਦੀਆਂ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਪ੍ਰਸ਼ਾਸਨ ਨੂੰ 15 ਦਿਨਾਂ ਦੇ ਅੰਦਰ ਮੁਲਜ਼ਮ ਦੀ ਗ੍ਰਿਫ਼ਤਾਰੀ ਕਰਨ ਲਈ ਅਲਟੀਮੇਟਮ ਦਿੱਤਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਨਿਰਧਾਰਿਤ ਸਮੇਂ ਵਿੱਚ ਕਾਰਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਲੋਕ ਇਨਸਾਫ਼ ਆਗੂ ਜਰਨੈਲ ਫਿਲੌਰ, ਮੱਖਣ ਸਿੰਘ ਖਹਿਰਾ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ), ਜਥੇਦਾਰ ਹਰਜਿੰਦਰ ਸਿੰਘ, ਹਰਚਰਨ ਸਿੰਘ ਲਸਾੜਾ, ਕਿਸਾਨ ਆਗੂ ਜਸਵਿੰਦਰ ਢੇਸੀ, ਅਮਰੀਕ ਸਿੰਘ ਭਾਰਸਿੰਘਪੁਰਾ, ਮਨੋਹਰ ਸਿੰਘ ਲਸਾੜਾ, ਅਮਰੀਕ ਸਿੰਘ ਥਲਾਂ, ਬਲਰਾਮ ਸਿੰਘ ਨੰਗਲ, ਨੰਬਰਦਾਰ ਪ੍ਰੇਮ ਲਾਲ, ਸੁਖਦੇਵ ਸਿੰਘ ਔਲਖ ਪ੍ਰਧਾਨ ਨੰਬਰਦਾਰ ਯੂਨੀਅਨ ਫਿਲੌਰ, ਨੰਬਰਦਾਰ ਬਲਵਿੰਦਰ ਸਿੰਘ ਗੜਾ ਅਤੇ ਹੋਰ ਆਗੂ ਹਾਜ਼ਰ ਸਨ।