ਪੁਲਿਸ ਨੇ ਗੜ੍ਹਾ ਇਲਾਕੇ ’ਚ ਨਸ਼ੇ ਸਮੱਗਲਰਾਂ ਦੇ ਘਰ ਮਾਰਿਆ ਛਾਪਾ
ਪੁਲਿਸ ਨੇ ਗੜ੍ਹਾ ਇਲਾਕੇ ’ਚ ਨਸ਼ੇ ਤਸਕਰਾਂ ਦੇ ਘਰ ਮਾਰਿਆ ਛਾਪਾ
Publish Date: Sun, 25 May 2025 09:47 PM (IST)
Updated Date: Sun, 25 May 2025 09:52 PM (IST)

- ਚਾਰ ਕਾਬੂ, ਨਸ਼ੀਲੇ ਪਦਾਰਥ ਬਰਾਮਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ’ਚ ਚਲਾਈ ਜਾ ਰਹੀ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਤਹਿਤ ਪੁਲਿਸ ਲਗਾਤਾਰ ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਹਰ ਰੋਜ਼ ਪੁਲਿਸ ਛਾਪੇਮਾਰੀ ਕਰ ਕੇ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਣ ’ਚ ਲੱਗੀ ਹੋਈ ਹੈ। ਐਤਵਾਰ ਸਵੇਰੇ ਪੁਲਿਸ ਨੇ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਤਹਿਤ ਸ਼ਹਿਰ ਦੇ ਗੜ੍ਹਾ ਇਲਾਕੇ ’ਚ ਛਾਪਾ ਮਾਰਿਆ। ਇਸ ਦੌਰਾਨ ਭਾਰੀ ਪੁਲਿਸ ਫੋਰਸ ਨੂੰ ਦੇਖ ਕੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਾਰਵਾਈ ਦੌਰਾਨ ਪੁਲਿਸ ਨੇ ਨਸ਼ਾ ਸਮੱਗਲਰਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਤੇ ਸਾਮਾਨ ਦੀ ਜਾਂਚ ਕੀਤੀ। ਪੁਲਿਸ ਵੱਲੋਂ ਕੁਝ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਡੀਸੀਪੀ ਆਪ੍ਰੇਸ਼ਨ ਨਰੇਸ਼ ਡੋਗਰਾ ਦੀ ਅਗਵਾਈ ਹੇਠ ਏਡੀਸੀਪੀ ਹਰਿੰਦਰ ਸਿੰਘ ਗਿੱਲ, ਏਸੀਪੀ ਮਾਡਲ ਟਾਊਨ ਰੂਪਦੀਪ ਕੌਰ ਤੇ ਥਾਣਾ ਸੱਤ ਦੇ ਮੁਖੀ ਭੂਸ਼ਣ ਕੁਮਾਰ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ। ਇਸ ਕਾਰਵਾਈ ਦੌਰਾਨ ਚਾਰ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡੀਸੀਪੀ ਨਰੇਸ਼ ਡੋਗਰਾ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਨੂੰ ਕੁਝ ਸਮੇਂ ਤੋਂ ਇਲਾਕੇ ’ਚ ਨਸ਼ਿਆਂ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਕੁਝ ਨੌਜਵਾਨ ਦੇਰ ਰਾਤ ਨੂੰ ਇਲਾਕੇ ’ਚ ਨਸ਼ੇ ਦਾ ਸੇਵਨ ਕਰਨ ਲਈ ਆਉਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਨਸ਼ਾ ਸਮ੍ੱਗਲਰਾਂ ਦੀ ਸੂਚੀ ਬਣਾਈ ਤੇ ਘਰਾਂ ਦੀ ਤਲਾਸ਼ੀ ਲਈ। ਤਲਾਸ਼ੀ ਮੁਹਿੰਮ ਦੌਰਾਨ ਇਲਾਕੇ ਦੇ ਲੋਕ ਪੁਲਿਸ ਨੂੰ ਦੇਖ ਕੇ ਘਬਰਾ ਗਏ, ਜਿਸ ਨੂੰ ਦੇਖ ਕੇ ਪੁਲਿਸ ਨੇ ਲੋਕਾਂ ਨੂੰ ਸਮਝਾਇਆ ਕਿ ਇਹ ਕਾਰਵਾਈ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਣ ਲਈ ਕੀਤੀ ਗਈ ਹੈ। ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਟੀਮ ਨੇ ਨਸ਼ੀਲੇ ਪਦਾਰਥ ਬਰਾਮਦ ਕੀਤੇ। ਡੀਸੀਪੀ ਨਰੇਸ਼ ਡੋਗਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਲਾਕੇ ’ਚ ਨਸ਼ਿਆਂ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਉਸ ਨੂੰ 9592920502 ’ਤੇ ਸੂਚਿਤ ਕਰਨ। ਨਸ਼ਾ ਸਮੱਗਲਰਾਂ ਬਾਰੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਤੇ ਕਿਸੇ ਵੀ ਇਲਾਕੇ ’ਚ ਨਸ਼ੇ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨਸ਼ਾ ਸਮੱਗਲਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਨਸ਼ੇ ਦੇ ਕੋਹੜ ਨੂੰ ਛੱਡ ਦੇਣ ਨਹੀਂ ਤਾਂ ਸਲਾਖਾਂ ਪਿੱਛੇ ਜਾਣ ਲਈ ਤਿਆਰ ਹੋ ਜਾਣ। ਉਨ੍ਹਾਂ ਕਿਹਾ ਕਿ ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿੱਡੀ ਵੀ ਵੱਡੀ ਪਹੁੰਚ ਦਾ ਮਾਲਕ ਕਿਉਂ ਨਾ ਹੋਵੇ।