ਪੁਲਿਸ ਨੇ ਮਾਡਲ ਹਾਊਸ ’ਚ ਨਸ਼ਾ ਤਸਕਰ ਦਾ ਘਰ ਢਾਹਿਆ
ਜਾਸ, ਜਲੰਧਰ : ਮਾਡਲ
Publish Date: Wed, 13 May 2026 10:30 PM (IST)
Updated Date: Wed, 13 May 2026 10:33 PM (IST)
ਜਾਸ, ਜਲੰਧਰ : ਮਾਡਲ ਹਾਊਸ ’ਚ ਇਕ ਨਸ਼ਾ ਤਸਕਰ ਦੇ ਘਰ, ਜਿਸ ਨੂੰ ਨਗਰ ਨਿਗਮ ਤੇ ਪੁਲਿਸ ਨੇ ਪਹਿਲਾਂ ਤੋੜਿਆ ਸੀ, ਉਸ ਨੇ ਫਿਰ ਤੋਂ ਉਸਾਰੀ ਕਰ ਲਈ ਸੀ। ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਬੁੱਧਵਾਰ ਨੂੰ ਉਸ ’ਤੇ ਮੁੜ ਕਾਰਵਾਈ ਕੀਤੀ ਗਈ। ਨਗਰ ਨਿਗਮ ਦੇ ਰਿਕਾਰਡ ਅਨੁਸਾਰ, ਤਸਕਰ ਦੇ ਘਰ ਦਾ ਅੱਗੇ ਦਾ ਹਿੱਸਾ ਗ਼ੈਰ ਕਾਨੂੰਨੀ ਸੀ। ਪੁਲਿਸ ਦੀ ਸੁਰੱਖਿਆ ਵਿਚਾਲੇ ਮਾਡਲ ਹਾਊਸ ਦੇ ਇਸ ਤਸਕਰ ’ਤੇ ਦੂਜੀ ਵਾਰੀ ਕਾਰਵਾਈ ਕੀਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਗਰ ਨਿਗਮ ਤੇ ਕਮਿਸ਼ਨਰੇਟ ਪੁਲਿਸ ਨੇ ਬੁੱਧਵਾਰ ਦੁਪਹਿਰ ਨੂੰ ਮਾਡਲ ਹਾਊਸ ਨੇੜੇ ਤਾਰਾਂ ਵਾਲੀ ਗਲੀ ’ਚ ਸਥਿਤ ਨਸ਼ਾ ਤਸਕਰ ਲਖਬੀਰ ਕੌਰ ਰੇਖਾ ਪਤਨੀ ਸੰਦੀਪ ਕੁਮਾਰ ਦਾ ਘਰ ਦਾ ਢਹਿ-ਢੇਰੀ ਕਰ ਦਿੱਤਾ। ਏਡੀਸੀਪੀ 2 ਰਾਕੇਸ਼ ਯਾਦਵ ਨੇ ਦੱਸਿਆ ਕਿ ਲਖਬੀਰ ਕੌਰ ਰੇਖਾ ਤੇ ਦੇਵਰ ਸੂਰਜ ਖ਼ਿਲਾਫ਼ ਕੁੱਲ 15 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਨਗਰ ਨਿਗਮ ਦੀ ਟੀਮ ਵੱਲੋਂ ਇਨ੍ਹਾਂ ਦੇ ਘਰ 'ਤੇ ਕਾਰਵਾਈ ਕੀਤੀ ਗਈ ਸੀ ਪਰ ਇਨ੍ਹਾਂ ਨੇ ਘਰ ਨੂੰ ਦੁਬਾਰਾ ਬਣਾ ਲਿਆ ਸੀ, ਜਿਸ ਕਾਰਨ ਨਗਰ ਨਿਗਮ ਨੇ ਅੱਜ ਮੁੜ ਕਾਰਵਾਈ ਕੀਤੀ ਤੇ ਇਸ ਕਾਰਵਾਈ ਲਈ ਪੁਲਿਸ ਦੀ ਮਦਦ ਮੰਗੀ ਸੀ। ਨਗਰ ਨਿਗਮ ਵੱਲੋਂ ਉਨ੍ਹਾਂ ਨੂੰ ਕਈ ਵਾਰੀ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਨ੍ਹਾਂ ਨੇ ਸਹਿਯੋਗ ਨਹੀਂ ਦਿੱਤਾ, ਜਿਸ ਕਾਰਨ ਬੁੱਧਵਾਰ ਨਗਰ ਨਿਗਮ ਦੀ ਮਦਦ ਨਾਲ ਉਨ੍ਹਾਂ ਦੇ ਘਰ ’ਤੇ ਕੀਤੇ ਗਏ ਗ਼ੈਰ-ਕਾਨੂੰਨੀ ਨਿਰਮਾਣ ਨੂੰ ਤੋੜਿਆ ਜਾ ਰਿਹਾ ਹੈ।