ਸ਼ਰਾਬ ਮਾਫੀਆ ’ਤੇ ਪੁਲਿਸ ਦਾ ਸ਼ਿਕੰਜਾ: ਵੱਖ-ਵੱਖ ਥਾਵਾਂ ਤੋਂ 52 ਬੋਤਲਾਂ ਬਰਾਮਦ, ਕਈ ਗ੍ਰਿਫ਼ਤਾਰ
ਜ਼ਿਲ੍ਹਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਗੜਦੀਵਾਲਾ ਅਤੇ ਇੰਡਸਟਰੀਅਲ ਫੋਕਲ ਪਾਇੰਟ ਪੁਰਹੀਰਾਂ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਸ਼ਰਾਬ ਬਰਾਮਦ ਕਰਕੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਹੋਰ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਹਾਂ ਮਾਮਲਿਆਂ ਵਿੱਚ ਆਬਕਾਰੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਜਾਂਚ ਜਾਰੀ ਹੈ।
Publish Date: Tue, 28 Apr 2026 12:05 PM (IST)
Updated Date: Tue, 28 Apr 2026 12:09 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਜ਼ਿਲ੍ਹਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਗੜਦੀਵਾਲਾ ਅਤੇ ਇੰਡਸਟਰੀਅਲ ਫੋਕਲ ਪਾਇੰਟ ਪੁਰਹੀਰਾਂ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਸ਼ਰਾਬ ਬਰਾਮਦ ਕਰਕੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਹੋਰ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਹਾਂ ਮਾਮਲਿਆਂ ਵਿੱਚ ਆਬਕਾਰੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਜਾਂਚ ਜਾਰੀ ਹੈ।
ਸਿਰ 'ਤੇ ਕੈਨ ਰੱਖ ਕੇ ਲਿਜਾਈ ਜਾ ਰਹੀ ਸੀ ਨਾਜਾਇਜ਼ ਸ਼ਰਾਬ, ਪੁਲਿਸ ਨੇ ਦਬੋਚਿਆ
ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 16 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐੱਸ.ਆਈ ਸਤਪਾਲ ਸਿੰਘ ਦੀ ਅਗਵਾਈ ਵਿੱਚ ਜਦੋਂ ਪੁਲਿਸ ਪਾਰਟੀ ਗਸ਼ਤ ਦੌਰਾਨ ਅੱਲੜ ਪਿੰਡ ਚੌਕ ਪਾਸ ਮੌਜੂਦ ਸੀ ਤਾਂ ਕੱਚੇ ਰਸਤੇ ਤੋਂ ਇੱਕ ਵਿਅਕਤੀ ਸਿਰ ਉੱਪਰ ਪਲਾਸਟਿਕ ਦੀ ਵਜਨਦਾਰ ਕੈਨ ਚੁੱਕੀ ਆਉਂਦਾ ਦਿਖਾਈ ਦਿੱਤਾ।
ਪੁਲਿਸ ਪਾਰਟੀ ਨੂੰ ਦੇਖ ਕੇ ਉਕਤ ਵਿਅਕਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੁਸਤੈਦ ਕਰਮਚਾਰੀਆਂ ਨੇ ਉਸ ਨੂੰ ਘੇਰ ਕੇ ਕਾਬੂ ਕਰ ਲਿਆ। ਫੜੇ ਗਏ ਵਿਅਕਤੀ ਦੀ ਪਛਾਣ ਸੁੱਖਾ ਵਾਸੀ ਅੰਬਾਲਾ ਜੱਟਾ ਵਜੋਂ ਹੋਈ ਹੈ। ਪੁਲਿਸ ਦਾ ਦੋਸ਼ ਹੈ ਕਿ ਜਦੋਂ ਕੈਨ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਕਥਿਤ ਤੌਰ ’ਤੇ 16 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ।
ਡੇਅਰੀ ਦੇ ਤੁੜੀ ਵਾਲੇ ਕਮਰੇ 'ਚ ਚੱਲ ਰਿਹਾ ਸੀ ਸ਼ਰਾਬ ਦਾ ਕਾਰੋਬਾਰ; ਇਕ ਕਾਬੂ, ਦੂਜਾ ਫ਼ਰਾਰ
ਇੰਡਸਟਰੀਅਲ ਫੋਕਲ ਪਾਇੰਟ ਪੁਰਹੀਰਾਂ ਦੀ ਪੁਲਿਸ ਨੇ ਨਿਊ ਫਤਿਹਗੜ੍ਹ ਇਲਾਕੇ ਵਿੱਚ ਇੱਕ ਡੇਅਰੀ 'ਤੇ ਛਾਪੇਮਾਰੀ ਕਰਕੇ ਸ਼ਰਾਬ ਦੀਆਂ 3 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਮੁਤਾਬਕ ਏ.ਐੱਸ.ਆਈ ਅਸ਼ੋਕ ਕੁਮਾਰ ਜਦੋਂ ਸਰਕਾਰੀ ਗੱਡੀ ਵਿੱਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਮਨਪ੍ਰੀਤ ਸਿੰਘ ਉਰਫ਼ ਮੱਮੂ ਦੀ ਡੇਅਰੀ ਦੇ ਬਾਹਰ ਦੋ ਵਿਅਕਤੀ ਖੜ੍ਹੇ ਹੋ ਕੇ ਸ਼ਰਾਬ ਵੇਚ ਰਹੇ ਸਨ।
ਪੁਲਿਸ ਪਾਰਟੀ ਨੂੰ ਵਰਦੀ ਵਿੱਚ ਦੇਖ ਕੇ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਮੱਮੂ ਵਾਸੀ ਨਿਊ ਫਤਿਹਗੜ੍ਹ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਉਸ ਦੇ ਸਾਥੀ ਜਸਵੀਰ ਸਿੰਘ ਵਾਸੀ ਨਿਊ ਫਤਿਹਗੜ੍ਹ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਜਦੋਂ ਡੇਅਰੀ ਦੇ ਅੰਦਰ ਤੁੜੀ ਵਾਲੇ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ 3 ਗੱਤਾ ਪੇਟੀਆਂ (ਕੁੱਲ 36 ਬੋਤਲਾਂ) ਪੰਜਾਬ ਕਲੱਬ ਗੋਲਡ ਵਿਸਕੀ ਬਰਾਮਦ ਹੋਈ। ਪੁਲਿਸ ਨੇ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਫ਼ਰਾਰ ਮਨਪ੍ਰੀਤ ਸਿੰਘ ਦੀ ਭਾਲ ਜਾਰੀ ਹੈ।