ਦੇਹਾਤ ਪੁਲਿਸ ਨੇ ਖੂੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਵਿਦੇਸ਼ ’ਚ ਬੈਠੇ ਗੈਂਗਸਟਰਾਂ ਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਨੈੱਟਵਰਕ ਨੂੰ ਤੋੜਣ ਲਈ ਵੱਡੇ ਪੱਧਰ ’ਤੇ ਅਭਿਆਨ ਸ਼ੁਰੂ ਕਰ ਦਿੱਤਾ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੇਹਾਤ ਪੁਲਿਸ ਨੇ ਖੂੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਵਿਦੇਸ਼ ’ਚ ਬੈਠੇ ਗੈਂਗਸਟਰਾਂ ਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਨੈੱਟਵਰਕ ਨੂੰ ਤੋੜਣ ਲਈ ਵੱਡੇ ਪੱਧਰ ’ਤੇ ਅਭਿਆਨ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ’ਚ ਗੈਂਗ ’ਤੇ ਆਧਾਰਿਤ ਫਿਲਮ ’ਤੇ ਰੋਕ ਲੱਗਣ ਤੋਂ ਬਾਅਦ ਪੁਲਿਸ ਦੀ ਕਾਰਵਾਈ ਹੋਰ ਤੇਜ਼ ਹੋ ਗਈ ਹੈ। ਇਸ ਅਭਿਆਨ ਦੇ ਤਹਿਤ ਜਲੰਧਰ ਦੇਹਾਤ ਪੁਲਿਸ ਨੇ ਲਗਪਗ 400 ਸ਼ੱਕੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦਾ ਕਿਸੇ ਨਾ ਕਿਸੇ ਰੂਪ ’ਚ ਬਿਸ਼ਨੋਈ ਗੈਂਗ, ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧ ਦੱਸਿਆ ਜਾ ਰਿਹਾ ਹੈ। ਜਾਂਚ ਏਜੰਸੀਆਂ, ਐਂਟੀ ਗੈਂਗਸਟਰ ਟਾਸਕ ਫੋਰਸ, ਕਾਊਂਟਰ ਇੰਟੈਲੀਜੈਂਸ ਅਤੇ ਇੰਟਰਨਲ ਸਿਕਿਊਰਟੀ ਵਿੰਗ ਵੱਲੋਂ ਸਾਂਝੇ ਕੀਤੇ ਡਾਟਾ ਦੇ ਆਧਾਰ ’ਤੇ ਪੁਲਿਸ ਇਨ੍ਹਾਂ ’ਤੇ ਫੋਕਸ ਕਰ ਰਹੀ ਹੈ। ਪੁਲਿਸ ਹੁਣ ਇਸ ਨੈੱਟਵਰਕ ਨੂੰ ਪੜਾਅਬੱਧ ਢੰਗ ਨਾਲ ਖਤਮ ਕਰਨ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ।
400 ਸ਼ੱਕੀਆਂ ’ਚੋਂ 178 ਸਭ ਤੋਂ ਮਹੱਤਵਪੂਰਨ ਟਾਰਗੇਟ
ਪੁਲਿਸ ਨੂੰ ਵੱਖ-ਵੱਖ ਏਜੰਸੀਆਂ ਤੋਂ ਕੁੱਲ 16 ਸੂਚੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ’ਚ 427 ਲੋਕਾਂ ਦੇ ਨਾਮ ਸ਼ਾਮਲ ਸਨ। ਹਾਲਾਂਕਿ ਡੁਪਲੀਕੇਟ ਐਂਟਰੀਆਂ ਹਟਾਉਣ ਤੋਂ ਬਾਅਦ 178 ਅਜਿਹੇ ਸ਼ੱਕੀ ਸਾਹਮਣੇ ਆਏ ਹਨ, ਜਿਨ੍ਹਾਂ ’ਤੇ ਤੁਰੰਤ ਕਾਰਵਾਈ ਜ਼ਰੂਰੀ ਮੰਨੀ ਗਈ ਹੈ। ਇਹੀ 178 ਲੋਕ ਇਸ ਵੇਲੇ ਜਾਂਚ ਦਾ ਮੁੱਖ ਕੇਂਦਰ ਬਣੇ ਹੋਏ ਹਨ। ਇਨ੍ਹਾਂ ਸੂਚੀਆਂ ’ਚ ਸ਼ਾਮਲ ਲੋਕ ਵੱਖ-ਵੱਖ ਸ਼੍ਰੇਣੀਆਂ ਨਾਲ ਸਬੰਧਤ ਹਨ, ਜਿਵੇਂ ਕਿ ਵਿਦੇਸ਼ ’ਚ ਬੈਠੇ ਹੈਂਡਲਰਾਂ ਦੇ ਸਾਥੀ, ਜ਼ਮਾਨਤ ’ਤੇ ਬਾਹਰ ਆਏ ਮੁਲਜ਼ਮ, ਜੇਲ੍ਹ ’ਚ ਬੰਦ ਅਪਰਾਧੀ, ਪਰਿਵਾਰਕ ਮੈਂਬਰ ਤੇ ਨੇੜਲੇ ਰਿਸ਼ਤੇਦਾਰ, ਸ਼ੱਕੀ ਸਹਿਯੋਗੀ ਆਦਿ।
ਜਲੰਧਰ ਤੋਂ ਬਾਹਰ ਵੀ ਫੈਲਿਆ ਨੈੱਟਵਰਕ
ਜਾਂਚ ’ਚ ਸਾਹਮਣੇ ਆਇਆ ਹੈ ਕਿ ਲਗਪਗ 200 ਸ਼ੱਕੀ ਜਲੰਧਰ ਤੋਂ ਬਾਹਰ ਦੇ ਜ਼ਿਲ੍ਹਿਆਂ ਤੇ ਸ਼ਹਿਰਾਂ ਨਾਲ ਸਬੰਧਤ ਹਨ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਗੈਂਗ ਦਾ ਨੈੱਟਵਰਕ ਸਿਰਫ਼ ਇਕ ਸ਼ਹਿਰ ਤੱਕ ਸੀਮਿਤ ਨਹੀਂ, ਸਗੋਂ ਪੂਰੇ ਰਾਜ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਫੈਲਿਆ ਹੋਇਆ ਹੈ। ਕੁਝ ਕੜੀਆਂ ਵਿਦੇਸ਼ਾਂ ਤੱਕ ਵੀ ਜੁੜੀਆਂ ਹੋਈਆਂ ਹਨ, ਜਿੱਥੋਂ ਗੈਂਗ ਦੇ ਆਪਰੇਸ਼ਨ ਚਲਾਏ ਜਾ ਰਹੇ ਹਨ।
ਬੀਕੇਆਈ ਤੇ ਵਿਦੇਸ਼ੀ ਗੈਂਗਸਟਰਾਂ ਨਾਲ ਕੁਨੈਕਸ਼ਨ
ਪੁਲਿਸ ਦੀ ਜਾਂਚ ਸਿਰਫ਼ ਬਿਸ਼ਨੋਈ ਗੈਂਗ ਤੱਕ ਸੀਮਿਤ ਨਹੀਂ ਹੈ। ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਸਾਥੀਆਂ ਨੂੰ ਵੀ ਇਸ ਅਭਿਆਨ ’ਚ ਸ਼ਾਮਲ ਕੀਤਾ ਗਿਆ ਹੈ। ਕਾਊਂਟਰ ਇੰਟੈਲੀਜੈਂਸ ਦੀ ਰਿਪੋਰਟ ਅਨੁਸਾਰ ਕਈ ਸ਼ੱਕੀ ਐਸੇ ਹਨ ਜਿਨ੍ਹਾਂ ਦੇ ਸਿੱਧੇ ਸਬੰਧ ਅੱਤਵਾਦੀ ਸੰਗਠਨਾਂ ਨਾਲ ਹਨ। ਪਿਛਲੇ ਚਾਰ ਮਹੀਨਿਆਂ ’ਚ ਪੁਲਿਸ ਨੇ 30 ਗੈਂਗਸਟਰਾਂ ਦੇ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਤੇ ਬੀਕੇਆਈ ਨਾਲ ਜੁੜੇ 6 ਅੱਤਵਾਦੀਆਂ ਨੂੰ ਕਾਬੂ ਕੀਤਾ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਪੁਲਿਸ ਇਸ ਅਭਿਆਨ ਨੂੰ ਵੱਡੇ ਪੱਧਰ ‘ਤੇ ਚਲਾ ਰਹੀ ਹੈ।
ਡਾਟਾਬੇਸ ਤੋਂ ਤਿਆਰ ਹੋਈ ਪੂਰੀ ਰਣਨੀਤੀ
ਪੁਲਿਸ ਨੇ ਇਸ ਪੂਰੇ ਅਭਿਆਨ ਨੂੰ ਡਾਟਾ-ਡ੍ਰਿਵਨ ਅਪ੍ਰੋਚ ਦੇ ਤਹਿਤ ਤਿਆਰ ਕੀਤਾ ਹੈ। ਐਂਟੀ ਗੈਂਗਸਟਰ ਟਾਸਕ ਫੋਰਸ, ਕਾਊਂਟਰ ਇੰਟੈਲੀਜੈਂਸ ਤੇ ਇੰਟਰਨਲ ਸਿਕਿਊਰਟੀ ਤੋਂ ਮਿਲੀਆਂ ਜਾਣਕਾਰੀਆਂ ਨੂੰ ਇਕੱਠਾ ਕਰਕੇ ਇਕ ਵੱਡਾ ਡਾਟਾਬੇਸ ਤਿਆਰ ਕੀਤਾ ਗਿਆ ਹੈ। ਹੁਣ ਪੁਲਿਸ ਸ਼ੱਕੀਆਂ ਦੀ ਤਲਾਸ਼ ’ਚ ਛਾਪੇਮਾਰੀ ਕਰ ਰਹੀ ਹੈ ਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾ ਰਹੀ ਹੈ, ਤਾਂ ਜੋ ਗੈਂਗ ਦੇ ਸੰਪਰਕ ਤੇ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ। ਇਸ ਤੋਂ ਇਲਾਵਾ ਹਵਾਲਾ ਤੇ ਗੈਰਕਾਨੂੰਨੀ ਫੰਡਿੰਗ ਦੇ ਸਰੋਤਾਂ ’ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੇਵਲ ਛੋਟੇ ਗੁਰਗਿਆਂ ਨੂੰ ਪਕੜਣ ਨਾਲ ਸਮੱਸਿਆ ਖਤਮ ਨਹੀਂ ਹੋਵੇਗੀ, ਇਸ ਲਈ ਪੂਰੇ ਨੈੱਟਵਰਕ ਨੂੰ ਜੜ੍ਹ ਤੋਂ ਖਤਮ ਕਰਨਾ ਜ਼ਰੂਰੀ ਹੈ
''ਪੁਲਿਸ ਨੇ ਇਹ ਯਕੀਨੀ ਬਣਾਉਣ ਲਈ ਸਖ਼ਤੀ ਵਧਾ ਦਿੱਤੀ ਹੈ ਕਿ ਗੈਂਗਸਟਰਾਂ ਤੇ ਅੱਤਵਾਦੀਆਂ ਦਾ ਨੈੱਟਵਰਕ ਨਾ ਵਧ ਸਕੇ। ਇਸਦੇ ਨਾਲ ਹੀ ਗੈਂਗ ਨਾਲ ਜੁੜੇ ਲੋਕਾਂ ’ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ’ਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਵਿਦੇਸ਼ ’ਚ ਬੈਠੇ ਹੈਂਡਲਰਾਂ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗੈਂਗ ਦੇ ਡਿਜਿਟਲ ਨੈੱਟਵਰਕ ਨੂੰ ਵੀ ਟ੍ਰੈਕ ਕੀਤਾ ਜਾਵੇਗਾ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਤੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ।''
ਡੀਆਈਜੀ ਨਵੀਨ ਸਿੰਗਲਾ