20 ਕਿੱਲੋਮੀਟਰ ਤੱਕ ਪਿੱਛਾ ਕੀਤਾ ਪੁਲਿਸ ਨੇ ਮੁਲਜ਼ਮ ਦਾ, ਛੱਤਾਂ ਟੱਪ ਕੇ ਫ਼ਰਾਰ
20 ਕਿਲੋਮੀਟਰ ਤੱਕ ਪਿੱਛਾ ਕੀਤਾ ਪੁਲਿਸ ਨੇ ਮੁਲਜ਼ਮ ਦਾ, ਛੱਤਾਂ ਟੱਪ ਕੇ ਹੋਇਆ ਫਰਾਰ
Publish Date: Mon, 06 Oct 2025 11:19 PM (IST)
Updated Date: Mon, 06 Oct 2025 11:19 PM (IST)

ਸਵਿਫਟ ਚੋਂ 55 ਗ੍ਰਾਮ ਸਮੈਕ ਬਰਾਮਦ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਥਾਨਕ ਦੁਸ਼ਹਿਰਾ ਗਰਾਊਂਡ ਬਜ਼ਾਰ ਚ ਸੋਮਵਾਰ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਚਾਲਕ ਬੜੀ ਤੇਜ਼ੀ ਨਾਲ ਗੱਡੀਆਂ ਨੂੰ ਠੋਕਦਾ ਹੋਇਆ ਬਾਜ਼ਾਰ ’ਚ ਆ ਵੜਿਆ। ਇਹ ਕਾਰ ਚਾਲਕ ਪੁਲਿਸ ਦੀਆਂ ਗੱਡੀਆਂ ਵੱਲੋਂ ਕੀਤੇ ਜਾ ਰਹੇ ਪਿੱਛੇ ਦੌਰਾਨ ਇੱਥੇ ਪਹੁੰਚਿਆ ਸੀ। ਕਰੀਬ 20 ਕਿਲੋਮੀਟਰ ਤੱਕ ਪਿੱਛਾ ਕਰਨ ਦੇ ਬਾਵਜੂਦ ਨੌਜਵਾਨ ਆਖਰਕਾਰ ਕਾਰ ਢੰਡੋਵਾਲ ਰੋਡ ਤੇ ਖੜ੍ਹੀ ਕਰ ਕੇ ਫਰਾਰ ਹੋ ਗਿਆ। ਪੁਲਿਸ ਨੇ ਕਾਰ ’ਚੋਂ 55 ਗ੍ਰਾਮ ਸਮੈਕ ਬਰਾਮਦ ਕੀਤੀ ਹੈ। --- ਨਾਕਾਬੰਦੀ ਤੋੜ ਕੇ ਪਿੰਡ ਪੰਡੋਰੀ ਵੱਲ ਭਜਾਈ ਕਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਦਿਹਾਤੀ ਸੀਆਈਏ ਸਟਾਫ ਦੇ ਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇਕ ਨੌਜਵਾਨ ਸਵਿਫਟ ਗੱਡੀ ’ਚ ਸਵਾਰ ਹੋ ਕੇ ਨਸ਼ਾ ਲੈ ਕੇ ਨਕੋਦਰ ਵੱਲ ਨੂੰ ਜਾ ਰਿਹਾ ਹੈ। ਇਤਲਾਹ ਮਿਲਣ ਤੇ ਸੀਆਈਏ ਸਟਾਫ ਨੇ ਨਕੋਦਰ ਰੇਲਵੇ ਫਾਟਕਾਂ ਤੇ ਨਾਕਾਬੰਦੀ ਕੀਤੀ ਪਰ ਇਸ ਸਵਿਫਟ ਕਾਰ ਚਾਲਕ ਨੇ ਨਾਕਾਬੰਦੀ ਦੇਖਦਿਆਂ ਆਪਣੀ ਕਾਰ ਨੂੰ ਪਿੰਡ ਪੰਡੋਰੀ ਵੱਲ ਭਜਾ ਲਿਆ। --- ਅੱਧੀ ਦਰਜਨ ਤੋਂ ਵੱਧ ਵਾਹਨਾਂ ਨੂੰ ਮਾਰੀ ਟੱਕਰ ਇਸ ਪੂਰੀ ਘਟਨਾ ਦੌਰਾਨ ਜਦੋਂ ਪੁਲਿਸ ਵੱਲੋਂ ਕਾਰ ਚਾਲਕ ਦਾ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਸਵੀਫਟ ਕਾਰ ਚਾਲਕ ਨੇ ਰਸਤੇ ’ਚ ਜੋ ਵੀ ਅੱਗੇ ਆਇਆ, ਉਸ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਅੱਧੀ ਦਰਜਨ ਤੋਂ ਵੀ ਵੱਧ ਵਾਹਨਾਂ ਨੂੰ ਟੱਕਰ ਮਾਰੀ ਹੈ। ਪੁਲਿਸ ਅਧਿਕਾਰੀ ਨਿਰਮਲ ਸਿੰਘ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਕਿਸੇ ਵੀ ਵਾਹਨ ਚਾਲਕ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਪਰ ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਜ਼ਰੂਰ ਕੀਤੀ ਜਾਵੇਗੀ। --- ਕਾਰ ਛੱਡ ਕੇ ਛੱਤਾਂ ਟੱਪ ਹੋਇਆ ਫਰਾਰ ਕਾਰ ਚਾਲਕ ਸ਼ਾਹਕੋਟ ਦੁਸਹਿਰਾ ਗਰਾਊਂਡ ਕੋਲ ਪਹੁੰਚਿਆ ਤਾਂ ਅੱਗੇ ਜਾਮ ਲਗਾ ਹੋਇਆ ਸੀ। ਜਿਸ ਕਰਕੇ ਉਹ ਆਪਣੀ ਕਾਰ ਛੱਡ ਫਰਾਰ ਹੋ ਗਿਆ। ਮੌਕੇ ਦੇ ਗਵਾਹਾਂ ਮੁਤਾਬਕ, ਉਸ ਨੇ ਆਪਣੀ ਕਾਰ ਢੰਡੋਵਾਲ ਰੋਡ ਤੇ ਖੜ੍ਹੀ ਕੀਤੀ ਤੇ ਖੁਦ ਗੱਡੀ ਦੀ ਛੱਤ ਤੇ ਚੜ੍ਹ ਗਿਆ ਤੇ ਇੱਥੋਂ ਉਹ ਨੇੜਲੀ ਦੁਕਾਨ ਦੀ ਛੱਤ ਤੇ ਜਾ ਚੜ੍ਹਿਆ ਤੇ ਦੇਖਦੇ ਹੀ ਦੇਖਦੇ ਮੌਕੇ ਤੋਂ ਰਫ਼ੂ ਚੱਕਰ ਹੋ ਗਿਆ। ਪੁਲਿਸ ਨੇ ਨੌਜਵਾਨ ਦਾ ਪਿੱਛਾ ਤਾਂ ਕੀਤਾ ਪਰ ਉਸਨੂੰ ਕਾਬੂ ਨਹੀਂ ਕਰ ਸਕੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਹਰਮਹੇਸ਼ ਸਿੰਘ ਵਾਸੀ ਪਿੰਡ ਬੂਟ ਸੁਭਾਨਪੁਰ ਵੱਜੋਂ ਹੋਈ ਹੈ। ਗੱਡੀ ਨੂੰ ਜਬਤ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।