ਹਿਮਾਚਲ ਤੋਂ ਪੰਜਾਬ 'ਚ ਸਸਤੀ ਸ਼ਰਾਬ ਸਪਲਾਈ ਕਰਨ ਵਾਲੇ ਅੰਤਰ-ਰਾਜੀ ਨੈੱਟਵਰਕ 'ਤੇ ਪੁਲਿਸ ਦਾ ਐਕਸ਼ਨ, ਭਾਰੀ ਖੇਪ ਸਣੇ ਤਸਕਰ ਕਾਬੂ
ਪੁਲਿਸ ਮੁਤਾਬਕ ਏ.ਐਸ.ਆਈ ਤਿਲਕ ਰਾਜ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਦੋਲਤਪੁਰ ਚੌਕ ਨੇੜੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਵਿਅਕਤੀ ਹਿਮਾਚਲ ਪ੍ਰਦੇਸ਼ ਤੋਂ ਸਸਤੀ ਸ਼ਰਾਬ ਲਿਆ ਕੇ ਤਲਵਾੜਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੇਚਦਾ ਹੈ। ਪੁਲਿਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਭਾਰਤ ਗੈਸ ਗੋਦਾਮ ਤਲਵਾੜਾ ਨੇੜੇ ਨਾਕਾਬੰਦੀ ਕੀਤੀ ਗਈ।
Publish Date: Tue, 19 May 2026 11:49 AM (IST)
Updated Date: Tue, 19 May 2026 11:53 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਗ਼ੈਰ-ਕਾਨੂੰਨੀ ਅਤੇ ਸਮੱਗਲਿੰਗ ਕੀਤੀ ਸ਼ਰਾਬ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫ਼ਲਤਾ ਮਿਲੀ, ਜਦੋਂ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿੱਚ ਸਸਤੀ ਸ਼ਰਾਬ ਸਪਲਾਈ ਕਰਨ ਵਾਲੇ ਇੱਕ ਅੰਤਰ-ਰਾਜੀ ਨੈੱਟਵਰਕ ਦਾ ਪਰਦਾਫਾਸ਼ ਹੋਇਆ। ਥਾਣਾ ਤਲਵਾੜਾ ਦੀ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ 'ਤੇ ਜਾਲ ਵਿਛਾ ਕੇ ਗੁਆਂਢੀ ਰਾਜ ਦੇ ਇੱਕ ਨੌਜਵਾਨ ਨੂੰ ਸ਼ਰਾਬ ਦੀ ਵੱਡੀ ਖੇਪ ਸਣੇ ਕਾਬੂ ਕੀਤਾ ਹੈ।
ਮੁਖਬਰ ਦੀ ਸੂਚਨਾ 'ਤੇ ਨਾਕਾਬੰਦੀ, ਪੁਲਿਸ ਨੂੰ ਮਿਲੀ ਕਾਮਯਾਬੀ
ਪੁਲਿਸ ਮੁਤਾਬਕ ਏ.ਐਸ.ਆਈ ਤਿਲਕ ਰਾਜ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਦੋਲਤਪੁਰ ਚੌਕ ਨੇੜੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਵਿਅਕਤੀ ਹਿਮਾਚਲ ਪ੍ਰਦੇਸ਼ ਤੋਂ ਸਸਤੀ ਸ਼ਰਾਬ ਲਿਆ ਕੇ ਤਲਵਾੜਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੇਚਦਾ ਹੈ। ਪੁਲਿਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਭਾਰਤ ਗੈਸ ਗੋਦਾਮ ਤਲਵਾੜਾ ਨੇੜੇ ਨਾਕਾਬੰਦੀ ਕੀਤੀ ਗਈ।
ਪੁਲਿਸ ਨੂੰ ਦੇਖ ਕੇ ਮੁੜਣ ਦੀ ਕੋਸ਼ਿਸ਼, ਸ਼ੱਕ ਦੇ ਆਧਾਰ 'ਤੇ ਕਾਬੂ
ਪੁਲਿਸ ਮੁਤਾਬਕ ਚੈਕਿੰਗ ਦੌਰਾਨ ਇੱਕ ਵਿਅਕਤੀ ਆਪਣੇ ਮੋਢੇ 'ਤੇ ਚਿੱਟੇ ਰੰਗ ਦਾ ਭਾਰੀ ਪਲਾਸਟਿਕ ਬੋਰਾ ਚੁੱਕ ਕੇ ਆਉਂਦਾ ਦਿਖਾਈ ਦਿੱਤਾ। ਪੁਲਿਸ ਨੂੰ ਵੇਖਦੇ ਹੀ ਉਹ ਪਿੱਛੇ ਮੁੜਨ ਲੱਗਾ, ਜਿਸ ਨਾਲ ਸ਼ੱਕ ਪੈਦਾ ਹੋਇਆ।
ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਸੰਦੀਪ ਕੁਮਾਰ ਉਰਫ਼ ਸੰਨੀ ਪੁੱਤਰ ਗੁਰਮੇਲ ਸਿੰਘ ਵਾਸੀ ਸੰਸਾਰਪੁਰ ਟੈਰਸ (ਹਿਮਾਚਲ ਪ੍ਰਦੇਸ਼) ਵਜੋਂ ਦੱਸੀ।
ਬੋਰੇ 'ਚੋਂ ਸ਼ਰਾਬ ਬਰਾਮਦ
ਪੁਲਿਸ ਨੇ ਦੱਸਿਆ ਕਿ ਸੰਦੀਪ ਕੁਮਾਰ ਕੋਲੋਂ ਮਿਲੇ ਬੋਰੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਕਥਿਤ ਤੌਰ 'ਤੇ 12,000 ਮਿਲੀਲੀਟਰ ਸ਼ਰਾਬ ਬਰਾਮਦ ਹੋਈ। ਪੁਲਿਸ ਅਨੁਸਾਰ ਇਹ ਸ਼ਰਾਬ ਹਿਮਾਚਲ ਪ੍ਰਦੇਸ਼ ਵਿੱਚ ਵਿਕਰੀ ਵਾਸਤੇ ਸੀ, ਜਿਸ ਨੂੰ ਕਥਿਤ ਤੌਰ 'ਤੇ ਪੰਜਾਬ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਵੇਚਣ ਲਈ ਲਿਆਂਦਾ ਜਾ ਰਿਹਾ ਸੀ।
ਪੁਲਿਸ ਕਾਰਵਾਈ ਅਤੇ ਜਾਂਚ ਜਾਰੀ
ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।