ਪੀਆਈਐੱਸ ਐੱਸਏਐੱਸ ਨਗਰ ਟੀਮ ਬਣੀ ਸੂਬਾ ਚੈਂਪੀਅਨ
ਮੈਚ ਤੇ ਜੀਵਨ ਦਾ ਹਰ ਪਲ ਇਕ ਨਵਾਂ ਤਜਰਬਾ ਦਿੰਦੇ ਹੋਏ ਸਫਲਤਾ ਦੀਆ ਬੁਲੰਦੀਆਂ ਨੂੰ ਛੂਹਣ ਵਾਲਾ ਨੁਕਤਾ ਸਿਖਾ ਜਾਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਅੱਜ 67ਵੀਆਂ ਅੰਤਰ-ਜ਼ਿਲ੍ਹਾ ਹਾਕੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚ ਖਿਡਾਰਨਾਂ ਨੂੰ ਅਸ਼ੀਰਵਾਦ ਦੇਣ ਮੌਕੇ ਕੀਤਾ।
Publish Date: Thu, 09 Nov 2023 10:09 PM (IST)
Updated Date: Thu, 09 Nov 2023 10:09 PM (IST)
ਕੀਮਤੀ ਭਗਤ, ਜਲੰਧਰ : ਮੈਚ ਤੇ ਜੀਵਨ ਦਾ ਹਰ ਪਲ ਇਕ ਨਵਾਂ ਤਜਰਬਾ ਦਿੰਦੇ ਹੋਏ ਸਫਲਤਾ ਦੀਆ ਬੁਲੰਦੀਆਂ ਨੂੰ ਛੂਹਣ ਵਾਲਾ ਨੁਕਤਾ ਸਿਖਾ ਜਾਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਅੱਜ 67ਵੀਆਂ ਅੰਤਰ-ਜ਼ਿਲ੍ਹਾ ਹਾਕੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚ ਖਿਡਾਰਨਾਂ ਨੂੰ ਅਸ਼ੀਰਵਾਦ ਦੇਣ ਮੌਕੇ ਕੀਤਾ। ਉਹ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਸੋਢੀ ਨੇ ਕਿਹਾ ਕਿ ਇਸ ਨੁਕਤੇ ਦੀ ਬਦੌਲਤ ਹੀ ਖਿਡਾਰੀ ਵੱਖਰੀ ਪਛਾਣ ਬਣਾਉਣ ਦੇ ਕਾਬਲ ਹੁੰਦਾ ਹੈ। ਉਨ੍ਹਾਂ ਵੱਲੋਂ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਵੀ ਪ੍ਰਬੰਧਕੀ ਕਮੇਟੀ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦਾ ਸਵਾਗਤ ਖੇਡ ਕਨਵੀਨਰ ਪਿੰ੍ਸੀਪਲ ਅਰਵਿੰਦਰ ਕੌਰ ਵੱਲੋਂ ਮੁੱਖ ਪ੍ਰਬੰਧਕ ਡੀਐੱਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਤੇ ਹੈੱਡਮਾਸਟਰ ਰਾਕੇਸ਼ ਭੱਟੀ ਸਮੇਤ ਕੀਤਾ ਗਿਆ।
ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੇ ਟੂਰਨਾਮੈਂਟ ਦੇ ਪਹਿਲਾਂ ਸਵੇਰੇ ਖੇਡੇ ਸੈਮੀਫਾਈਨਲ 'ਚ ਪੀਸੀਐੱਸ ਬਠਿੰਡਾ ਨੇ ਪਟਿਆਲਾ ਟੀਮ ਨੂੰ 3-0 ਦੇ ਫ਼ਰਕ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਦੂਸਰੇ ਸੈਮੀਫਾਈਨਲ 'ਚ ਪੀਸੀਐੱਸ ਐੱਸਏਐੱਸ ਨਗਰ ਨੇ ਪੀਆਈਐੱਸ ਬਾਦਲ ਟੀਮ ਨੂੰ 4-0 ਦੇ ਫ਼ਰਕ ਨਾਲ ਹਰਾ ਕੇ ਫਾਈਨਲ 'ਚ ਥਾਂ ਬਣਾਈ। ਅੱਜ ਦਾ ਖਿਤਾਬੀ ਫਾਈਨਲ ਮੁਕਾਬਲਾ ਪੀਸੀਐੱਸ ਐੱਸਏਐੱਸ ਨਗਰ (ਮੋਹਾਲੀ) ਤੇ ਪੀਸੀਐੱਸ ਬਠਿੰਡਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਮੈਚ ਦੇ ਪਹਿਲੇ ਦੋ ਕੁਆਰਟਰਾਂ ਤੱਕ ਕੋਈ ਵੀ ਟੀਮ ਗੋਲ ਨਾ ਕਰ ਸਕੀ। ਤੀਸਰੇ ਕੁਆਰਟਰ 'ਚ ਮੋਹਾਲੀ ਟੀਮ ਨੇ ਫੀਲਡ ਗੋਲ ਕਰ ਕੇ 1-0 ਦੀ ਲੀਡ ਬਣਾਈ ਗਈ।
ਇਸ ਨੂੰ ਖੇਡ ਦੇ ਆਖਰੀ ਚੌਥੇ ਕੁਆਰਟਰ 'ਚ ਬਠਿੰਡਾ ਟੀਮ ਫੀਲਡ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰੀ 'ਤੇ ਲਿਆਉਣ 'ਚ ਸਫਲ ਰਹੀ। ਮੈਚ ਦੇ ਆਖਰੀ ਪਲਾਂ 'ਚ ਮੋਹਾਲੀ ਟੀਮ ਵੱਲੋਂ ਹਮਲਿਆਂ ਦੀ ਗਤੀ 'ਚ ਤੇਜ਼ੀ ਲਿਆਉਣ 'ਤੇ ਮਿਲੇ ਪੈਨਲਟੀ ਕਾਰਨਰ ਨੂੰ ਗੋਲ 'ਚ ਤਬਦੀਲ ਕਰ ਕੇ 2-1 ਦੇ ਫ਼ਰਕ ਨਾਲ ਬੜਤ ਲੈਣ 'ਚ ਸਫਲ ਹੋਈ, ਜੋ ਮੈਚ ਦੇ ਖ਼ਤਮ ਹੋਣ ਤਕ ਬਣੀ ਰਹਿਣ ਕਾਰਨ ਮੋਹਾਲੀ ਟੀਮ ਬਠਿੰਡਾ ਟੀਮ ਨੂੰ 2-1 ਫ਼ਰਕ ਨਾਲ ਹਰਾ ਸੂਬਾ ਚੈਂਪੀਅਨ ਬਣਨ 'ਚ ਸਫਲ ਹੋਈ।