ਕੂੜੇ ਦੇ ਢੇਰਾਂ ਨੇ ਸ਼ਹਿਰ ਨੂੰ ਬਣਾਇਆ ‘ਨਰਕ’, ਲੋਕਾਂ ਦਾ ਸਾਹ ਲੈਣਾ ਹੋਇਆ ਔਖਾ

-ਅਧਿਕਾਰੀ ਏ.ਸੀ ਕਮਰਿਆਂ ‘ਚ ਲੈ ਰਹੇ ਠੰਢੀਆਂ ਹਵਾਵਾਂ, ਜਨਤਾ ਗੰਦਗੀ ‘ਚ ਰੁਲਣ ਲਈ ਮਜਬੂਰ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਜਦੋਂ ਸਰਕਾਰਾਂ ਕੁੰਭਕਰਨੀ ਨੀਂਦ ਸੌਂ ਜਾਣ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਏ.ਸੀ ਕਮਰਿਆਂ ਦੀਆਂ ਬਰੂਹਾਂ ਨਾ ਟੱਪਣ ਤਾਂ ਆਮ ਜਨਤਾ ਦਾ ਕੀ ਹਾਲ ਹੁੰਦਾ ਹੈ, ਇਸਦੀ ਜਿਊਂਦੀ-ਜਾਗਦੀ ਅਤੇ ਤ੍ਰਾਸਦੀ ਭਰੀ ਮਿਸਾਲ ਸ਼ਾਹਕੋਟ ਸ਼ਹਿਰ ਬਣਿਆ ਹੋਇਆ ਹੈ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਸਫਾਈ ਕਰਮਚਾਰੀਆਂ ਵੱਲੋਂ ਕੰਮਕਾਜ ਠੱਪ ਕੀਤੇ ਜਾਣ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੀ ਹੈ। ਸਰਕਾਰ ਤੇ ਸਫਾਈ ਕਾਮਿਆਂ ਦੀ ਇਸ ਖਿੱਚੋਤਾਣ ਵਿਚ ਬਿਨਾਂ ਕਿਸੇ ਕਸੂਰ ਤੋਂ ਆਮ ਜਨਤਾ ਬੁਰੀ ਤਰ੍ਹਾਂ ਪਿਸ ਰਹੀ ਹੈ। ਸ਼ਹਿਰ ਦਾ ਕੋਈ ਵੀ ਅਜਿਹਾ ਹਿੱਸਾ ਨਹੀਂ ਬਚਿਆ, ਜਿੱਥੇ ਕੂੜੇ ਦੇ ਵੱਡੇ-ਵੱਡੇ ਢੇਰ ਨਾ ਲੱਗੇ ਹੋਣ।
------
ਲੋਕ ਘਰਾਂ 'ਚ ਕੈਦ ਹੋਣ ਲਈ ਹੋਏ ਮਜਬੂਰ : ਜ਼ਮੀਨੀ ਹਾਲਾਤ ਇਹ ਹਨ ਕਿ ਕੂੜਾ ਚੁੱਕਣ ਵਾਲੀਆਂ ਟਰਾਲੀਆਂ ਤੇ ਰੇਹੜੀਆਂ ਪਿਛਲੇ ਕਈ ਦਿਨਾਂ ਤੋਂ ਮੁਹੱਲਿਆਂ ਵਿਚ ਨਹੀਂ ਪੁੱਜੀਆਂ। ਮਜਬੂਰੀ ਵੱਸ ਲੋਕ ਸੜਕਾਂ ਕੰਢੇ ਕੂੜਾ ਸੁੱਟ ਰਹੇ ਹਨ। ਆਵਾਰਾ ਕੁੱਤੇ ਤੇ ਪਸ਼ੂ ਇਸ ਕੂੜੇ ਨੂੰ ਸੜਕਾਂ ਦੇ ਵਿਚਕਾਰ ਤੱਕ ਖਿਲਾਰ ਰਹੇ ਹਨ। ਗਰਮੀ ਕਾਰਨ ਕੂੜਾ ਗਲਣ-ਸੜਨ ਲੱਗ ਪਿਆ ਹੈ, ਜਿਸ ਵਿੱਚੋਂ ਉੱਠ ਰਹੀ ਬਦਬੂ ਕਾਰਨ ਲੋਕ ਆਪਣੇ ਦੁਕਾਨਾਂ ਤੇ ਘਰਾਂ ਦੀਆਂ ਬਾਰੀਆਂ-ਦਰਵਾਜ਼ੇ ਬੰਦ ਕਰਕੇ ਅੰਦਰ ਕੈਦ ਹੋਣ ਲਈ ਮਜਬੂਰ ਹਨ। ਆਲਮ ਇਹ ਹੈ ਕਿ ਮੁੱਖ ਸੜਕਾਂ ‘ਤੇ ਆਸ-ਪਾਸ ਦੇ ਦੁਕਾਨਦਾਰ ਬਦਬੂ ਤੋਂ ਬਚਣ ਲਈ ਮੂੰਹ ‘ਤੇ ਕੱਪੜਾ ਬੰਨ੍ਹ ਕੇ ਬੈਠਣ ਲਈ ਮਜ਼ਬੂਰ ਹਨ।
-------
ਕਾਰੋਬਾਰ ਚੌਪਟ, ਸਿਹਤ 'ਤੇ ਮੰਡਰਾਇਆ ਵੱਡਾ ਖ਼ਤਰਾ : ਗੰਦਗੀ ਦਾ ਸਭ ਤੋਂ ਵੱਧ ਖਮਿਆਜ਼ਾ ਸ਼ਹਿਰ ਦੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਬਦਬੂ ਤੇ ਮੱਖੀਆਂ-ਮੱਛਰਾਂ ਦੀ ਭਰਮਾਰ ਕਾਰਨ ਗਾਹਕਾਂ ਨੇ ਬਾਜ਼ਾਰਾਂ ਵੱਲ ਆਉਣਾ ਘਟਾ ਦਿੱਤਾ ਹੈ, ਜਿਸ ਨਾਲ ਕਾਰੋਬਾਰ ਠੱਪ ਹੋ ਗਏ ਹਨ। ਇਸ ਗੰਭੀਰ ਮੁੱਦੇ ‘ਤੇ ਚਿੰਤਾ ਪ੍ਰਗਟ ਕਰਦਿਆਂ ਚੋਪੜਾ ਹਸਪਤਾਲ ਦੇ ਡਾ. ਮਲਵਿੰਦਰ ਸਿੰਘ ਨੇ ਕਿਹਾ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਸਫਾਈ ਨਾ ਹੋਈ ਤਾਂ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਸ਼ਹਿਰ ਨੂੰ ਲਪੇਟ ’ਚ ਲੈ ਲੈਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਛੋਟੇ ਬੱਚੇ, ਗਰਭਵਤੀ ਔਰਤਾਂ ਤੇ ਬਜ਼ੁਰਗ ਇਸ ਦੂਸ਼ਿਤ ਵਾਤਾਵਰਣ ਦਾ ਸਭ ਤੋਂ ਪਹਿਲਾਂ ਸ਼ਿਕਾਰ ਹੋ ਸਕਦੇ ਹਨ।
------
ਹੜਤਾਲ ਕਰਨ ਦਾ ਸ਼ੌਂਕ ਨਹੀਂ, ਸਰਕਾਰ ਨਹੀਂ ਮੰਨ ਰਹੀ ਮੰਗਾਂ : ਦੂਜੇ ਪਾਸੇ, ਨਗਰ ਪੰਚਾਇਤ ਦਫ਼ਤਰ ’ਚ ਧਰਨੇ ‘ਤੇ ਬੈਠੇ ਸਫਾਈ ਮੁਲਾਜ਼ਮਾਂ ਦਾ ਦਰਦ ਵੀ ਸੁਣਨ ਵਾਲਾ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਉਹ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਨੇ ਉਨ੍ਹਾਂ ਨੂੰ ਇਸ ਹੱਦ ਤੱਕ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮਹਿੰਗਾਈ ਵਿਚ ਨਿਗੂਣੀਆਂ ਤਨਖਾਹਾਂ ਨਾਲ ਪਰਿਵਾਰ ਪਾਲਣਾ ਬਹੁਤ ਔਖਾ ਹੋ ਗਿਆ ਹੈ। ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਤੇ ਸਿਰਫ਼ ਝੂਠੇ ਲਾਰੇ ਲਗਾ ਕੇ ਡੰਗ ਟਪਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨਹੀਂ ਮੰਨਦੀ, ਉਦੋਂ ਤਕ ਹੜਤਾਲ ਜਾਰੀ ਰਹੇਗੀ।
------
ਪ੍ਰਸ਼ਾਸਨ ਨੇ ਨਹੀਂ ਕੀਤਾ ਬਦਲਵਾਂ ਪ੍ਰਬੰਧ, ਲੋਕਾਂ ਦਾ ਫੁੱਟਿਆ ਗੁੱਸਾ : ਸ਼ਹਿਰ ਵਾਸੀਆਂ ਵਿਚ ਇਸ ਗੱਲ ਦਾ ਗੁੱਸਾ ਤੇ ਰੋਸ ਹੈ ਕਿ ਇੰਨੇ ਦਿਨਾਂ ਦੀ ਹੜਤਾਲ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਵੱਲੋਂ ਸ਼ਹਿਰ ‘ਚੋਂ ਕੂੜਾ ਚੁੱਕਣ ਦਾ ਕੋਈ ਵੀ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ। ਅਧਿਕਾਰੀ ਆਪਣੇ ਏਸੀ ਕਮਰਿਆਂ ਵਿਚ ਬੈਠੇ ਹਨ, ਜਦਕਿ ਟੈਕਸ ਭਰਨ ਵਾਲੀ ਜਨਤਾ ਗੰਦਗੀ ’ਚ ਰੁਲ ਰਹੀ ਹੈ। ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ, ਦੁਕਾਨਦਾਰ ਐਸੋਸੀਏਸ਼ਨਾਂ ਅਤੇ ਆਮ ਲੋਕਾਂ ਨੇ ਮੰਗ ਕੀਤੀ ਹੈ ਕਿ ਸਫਾਈ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਮਿਆਂ ਦੀ ਬਦੌਲਤ ਹੀ ਸਾਡਾ ਸ਼ਹਿਰ ਸਾਫ਼-ਸੁਥਰਾ ਰਹਿੰਦਾ ਹੈ, ਇਸ ਲਈ ਸਰਕਾਰ ਆਪਣੀ ਜ਼ਿੱਦ ਛੱਡ ਕੇ ਜਲਦ ਤੋਂ ਜਲਦ ਹੜਤਾਲ ਖਤਮ ਕਰਵਾਏ।