ਨਿਗਮ ਯੂਨੀਅਨ ਦੀ ਹੜਤਾਲ ਕਾਰਨ ਬਾਜ਼ਾਰਾਂ ’ਚ ਲੱਗੇ ਕੂੜੇ ਦੇ ਢੇਰ
ਨਿਗਮ ਯੂਨੀਅਨ ਦੀ ਹੜਤਾਲ ਕਾਰਨ ਬਜ਼ਾਰਾਂ ’ਚ ਫੈਲਿਆ ਕੂੜਾ ਦੁਕਾਨਦਾਰ ਪ੍ਰੇਸ਼ਾਨ
Publish Date: Tue, 26 May 2026 08:28 PM (IST)
Updated Date: Tue, 26 May 2026 08:28 PM (IST)
ਸਾਢੇ 5 ਲੱਖ ਮੀਟ੍ਰਿਕ ਟਨ ਕੂੜੀ ਦੀ ਢੁਆਈ ਹੋਈ ਬੰਦ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਦੀਆਂ ਯੂਨੀਅਨਾਂ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਕਾਰਨ ਪਿਛਲੇ 5 ਦਿਨਾਂ ਤੋਂ ਕੂੜੇ ਦੀ ਢੁਆਈ ਨਾ ਹੋਣ ਕਾਰਨ ਜਿਥੇ ਸ਼ਹਿਰ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ, ਉਥੇ ਵੱਖ ਵੱਖ ਬਾਜ਼ਾਰਾਂ ਦੇ ਦੁਕਾਨਦਾਰ ਵੀ ਪਰੇਸ਼ਾਨ ਹਨ, ਕਿਉਂਕਿ ਕੂੜੇ ਦੀ ਬਦਬੂ ਕਾਰਨ ਗਾਹਕ ਵੀ ਬਾਜ਼ਾਰਾਂ ’ਚ ਨਹੀਂ ਆ ਰਿਹਾ ਹੈ। ਨਗਰ ਨਿਗਮ ਦੇ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦੀਆਂ ਪੁਰਾਣੀਆਂ ਆਬਾਦੀਆਂ ਮਿੱਠਾ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਮੱਛੀ ਮਾਰਕੀਟ, ਟੀਵੀ ਸੈਂਟਰ ਦੇ ਡੰਪਾਂ ’ਤੇ ਕੂੜਾ ਪਿਆ ਦੇਖਿਆ ਗਿਆ•। ਇਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਇਸ ਤੋਂ ਇਲਾਵਾ ਵੈਸਟ ਹਲਕੇ ਦੇ ਬਸਤੀਆਂ ਇਲਾਕਿਆਂ ’ਚ ਸਫਾਈ ਨਾ ਹੋਣ ਤੇ ਕੂੜੇ ਦੇ ਢੇਰ ਲੱਗਣ ਕਾਰਨ ਸਾਰਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ, ਉਤੋਂ ਗਰਮੀ ਦਾ ਮੌਸਮ ਹੈ, ਇਸ ਕਾਰਨ ਸਾਰੇ ਪਾਸੇ ਬਦਬੂ ਦਾ ਮਾਹੌਲ ਬਣਿਆ ਹੋਇਆ ਹੈ। ਜੇ ਆਉਂਦੇ ਦਿਨਾਂ ’ਚ ਯੂਨੀਅਨ ਤੇ ਨਿਗਮ ਪਸ਼ਾਸਨ ਵਿਚਾਲੇ ਕੋਈ ਸਹਿਮਤੀ ਨਹੀਂ ਬਣਦੀ ਤਾਂ ਫਿਰ ਬਿਮਾਰੀਆਂ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵੈਸਟ ਹਲਕੇ ਦੇ ਬਸਤੀਆਂ ਇਲਾਕੇ ’ਚ ਕੂੜੇ ਦੀ ਢੇਰ ਲੱਗਣ ਕਾਰਨ ਜਿਥੇ ਅਵਾਰਾ ਕੁੱਤੇ ਖ਼ਿਲਾਰਾ ਪਾ ਰਹੇ ਹਨ, ਉਥੇ ਆਉਂਦੇ ਜਾਂਦੇ ਲੋਕ ਨੱਕ ਢੱਕ ਕੇ ਨਿਕਲ ਰਹੇ ਹਨ ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਕਾਬਿਲੇਗ਼ੌਰ ਹੈ ਵੈਸਟ ਹਲਕਾ ਕੈਬਨਿਟ ਮੰਤਰੀ ਮਹਿੰਦਰ ਭਗਤ ਦਾ ਹੈ. ਸਫਾਈ ਸੇਵਕਾਂ ਦੇ ਦੂਜੇ ਧੜੇ ਨੇ ਵੀ ਸਫਾਈ ਦਾ ਕੰਮ ਤਾਂ ਕੀਤਾ ਪਰ ਫਿਰ ਵੀ ਸ਼ਹਿਰ ’ਚ ਗੰਦਗੀ ਦੇ ਢੇਰ ਦਿਖਾਈ ਦੇ ਰਹੇ। ਮੰਗਲਵਾਰ ਨੂੰ ਛੁੱਟੀ ਹੋਣ ਕਾਰਨ ਨਿਗਮ ’ਚ ਧਰਨਾ ਨਹੀਂ ਲੱਗਾ ਜਦਕਿ ਬੁੱਧਵਾਰ ਨੂੰ ਮੁੜ ਸਵੇਰ ਤੋਂ ਹੜਤਾਲ ਕੀਤੀ ਜਾਵੇਗੀ। ਹਾਲਾਂਕਿ ਹੁਣ ਨਿਗਮ ਦਫਤਰ ਸਵੇਰੇ ਸਾਢੇ 7 ਵਜੇ ਤੋਂ ਦੁਪਹਿਰ ਬਾਅਦ ਡੇਢ ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।
---
550 ਮੀਟ੍ਰਿਕ ਟਨ ਕੂੜੇ ਦੀ ਹੁੰਦੀ ਹੈ ਢੁਆਈ
ਸ਼ਹਿਰ ਦੇ ਵੱਖ-ਵੱਖ ਡੰਪਾਂ ਤੋਂ ਰੋਜ਼ਾਨਾ 550 ਮੀਟ੍ਰਿਕ ਟਨ ਕੂੜੇ ਦੀ ਢੁਆਈ ਹੁੰਦੀ ਹੈ ਤੇ ਇਹ ਕੂੜਾ ਵਰਿਆਣਾ ਡੰਪ ’ਤੇ ਜਾ ਕੇ ਸੁੱਟਿਆ ਜਾਂਦਾ ਹੈ। ਹੁਣ ਜਦਕਿ ਲਗਪਗ 5 ਦਿਨਾਂ ਦੀ ਹੜਤਾਲ ਹੋਣ ਕਾਰਨ ਲਗਪਗ 2750 ਤੋਂ ਜ਼ਿਆਦਾ ਮੀਟ੍ਰਿਕ ਟਨ ਕੂੜਾ ਵੱਖ-ਵੱਖ ਡੰਪਾਂ ’ਤੇ ਇਕੱਠਾ ਹੋ ਗਿਆ ਹੈ ਤੇ ਜੇ ਹੜਤਾਲ ਖਤਮ ਵੀ ਹੁੰਦੀ ਹੈ ਤਾਂ ਸ਼ਹਿਰ ’ਚ ਫੈਲੇ ਕੂੜੇ ਦੀ ਢੁਆਈ ਨੂੰ ਹੀ 5 ਦਿਨ ਹੋਰ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।