ਜਾਸ, ਜਲੰਧਰ : ਦੇਸ਼

ਜਾਸ, ਜਲੰਧਰ : ਦੇਸ਼ ਵਿਚ ਪਹਿਲੀ ਵਾਰ ਹੋ ਰਹੀ 16ਵੀਂ ਮਰਦਮਸ਼ੁਮਾਰੀ ਦਾ ਪਹਿਲਾ ਗੇੜ 15 ਮਈ ਤੋਂ ਜ਼ਿਲ੍ਹੇ ’ਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਲੋਕਾਂ ਨੂੰ ਮੋਬਾਈਲ ਜ਼ਰੀਏ ਸਵੈ-ਗਣਨਾ (ਆਪਣੀ ਜਾਣਕਾਰੀ ਭਰਨਾ) ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜੋ 14 ਮਈ ਤੱਕ ਚੱਲੇਗਾ, ਜੋ 30 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਗਣਨਾ ਮੁਲਾਜ਼ਮ ਤੁਹਾਡੇ ਘਰ ਆ ਕੇ ਕਾਰਵਾਈ ਪੂਰੀ ਕਰਨਗੇ। ਇਸ ’ਚ ਘਰਾਂ ਦੀ ਗਿਣਤੀ ਹੋਣੀ ਹੈ ਪਰ ਵਿਭਾਗ ਵੱਲੋਂ ਸਵੈ-ਗਣਨਾ ਦੇ ਪ੍ਰਚਾਰ-ਪ੍ਰਸਾਰ ’ਚ ਕਮੀ ਕਾਰਨ ਆਮ ਲੋਕਾਂ ਦੀ ਇਸ ਤਕਨੀਕ ’ਚ ਕੋਈ ਰੁਚੀ ਨਹੀਂ ਦਿਖਾਈ ਜਾ ਰਹੀ। ਇਸ ਦਾ ਨਤੀਜਾ ਇਹ ਹੈ ਕਿ ਸਵੈ-ਗਣਨਾ ਦੇ 12 ਦਿਨ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਪੂਰੇ ਜ਼ਿਲ੍ਹੇ ’ਚ ਸਿਰਫ 3434 ਲੋਕਾਂ ਨੇ ਹੀ ਇਸ ਪ੍ਰਕਿਰਿਆ ’ਚ ਭਾਈਵਾਲੀ ਕੀਤੀ ਹੈ। ਜਦਕਿ ਵਿਭਾਗੀ ਅਨੁਮਾਨ ਮੁਤਾਬਕ ਜ਼ਿਲ੍ਹੇ ’ਚ ਘਰਾਂ ਦੀ ਗਿਣਤੀ ਲਗਪਗ ਚਾਰ ਲੱਖ ਦੇ ਆਸ-ਪਾਸ ਹੈ।
ਮੰਗਲਵਾਰ ਨੂੰ ਵਿਭਾਗ ਦੇ ਵੈੱਬ ਪੋਰਟਲ 'ਤੇ ਦਿੱਤੇ ਗਏ ਅੰਕੜਿਆਂ ਮੁਤਾਬਕ ਦੁਪਹਿਰ ਤੱਕ ਜ਼ਿਲ੍ਹੇ ’ਚ 3434 ਲੋਕਾਂ ਨੇ ਸਵੈ-ਗਣਨਾ ਕੀਤੀ ਸੀ, ਜਿਸ ਵਿੱਚੋਂ 2816 ਲੋਕਾਂ ਨੇ ਘਰਾਂ ਦੀ ਪ੍ਰਕਿਰਿਆ ਪੂਰੀ ਕਰ ਲਈ ਸੀ, ਜਦਕਿ 618 ਲੋਕਾਂ ਵੱਲੋਂ ਆਨਲਾਈਨ ਸਵੈ-ਗਣਨਾ ਪ੍ਰਕਿਰਿਆ ’ਚ ਸੀ। ਕਾਰਨ ਇਹ ਹੈ ਕਿ ਜਨਗਣਨਾ ਨੂੰ ਲੈ ਕੇ ਆਮ ਲੋਕਾਂ ਤੋਂ ਲੈ ਕੇ ਸਰਕਾਰੀ ਵਿਭਾਗਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੱਕ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਕੇ ਸਬੰਧਤ ਵਿਭਾਗ ਇਸ ਬਾਰੇ ਜਾਗਰੂਕਤਾ ਕਰਨ ’ਚ ਪ੍ਰਭਾਵਸ਼ਾਲੀ ਰਹੇ ਹਨ।
-----------
ਜ਼ਿਆਦਾਤਰ ਵੀਆਈਪੀਜ਼ ਦੀ ਸਵ-ਗਣਨਾ ਵਿਭਾਗ ਨੇ ਹੀ ਕਰਵਾਈ
ਸ਼ਹਿਰ ’ਚ ਮੇਅਰ, ਡਵੀਜ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ ਸਮੇਤ ਕਈ ਅਧਿਕਾਰੀਆਂ ਤੋਂ ਲੈ ਕੇ ਮੰਤਰੀ ਤੇ ਵਿਧਾਇਕਾਂ ਵੱਲੋਂ ਸਵੈ-ਗਣਨਾ ਦਾ ਕੰਮ ਮੋਬਾਈਲ ਜ਼ਰੀਏ ਨਗਰ ਨਿਗਮ ਵੱਲੋਂ ਜਨਗਣਨਾ ਦੇ ਕੰਮ ’ਚ ਲੱਗੀ ਟੀਮ ਨੇ ਖ਼ੁਦ ਹੀ ਕੀਤਾ ਹੈ। ਇਨ੍ਹਾਂ ਦੇ ਨਾਲ-ਨਾਲ ਕਈ ਵਿਭਾਗੀ ਸਟਾਫ ਵੱਲੋਂ ਸਵੈ-ਗਣਨਾ ਦਾ ਕੰਮ ਮਾਹਰਾਂ ਦੀ ਟੀਮ ਵੱਲੋਂ ਕਰਵਾਇਆ ਗਿਆ ਹੈ। ਕਾਰਨ ਇਹ ਹੈ ਕਿ ਜ਼ਿਲ੍ਹੇ ਦੇ ਆਮ ਲੋਕਾਂ ਤੋਂ ਲੈ ਕੇ ਸਰਕਾਰੀ ਵਿਭਾਗਾਂ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਸਵੈ-ਗਣਨਾ ਬਾਰੇ ਜਾਣਕਾਰੀ ਹੀ ਨਹੀਂ ਹੈ ਤੇ ਨਾ ਹੀ ਵਿਭਾਗ ਉਨ੍ਹਾਂ ਨੂੰ ਜਾਗਰੂਕ ਕਰ ਸਕਿਆ।
------------
ਇੰਜ ਕੀਤੀ ਜਾ ਸਕਦੀ ਹੈ ਸਵੈ-ਗਣਨਾ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲੇ ਗੇੜ ਦੀ ਮਰਦਮਸ਼ੁਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਲੋਕਾਂ ਨੂੰ ਸਵੈ-ਗਣਨਾ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਲਈ ਐੱਸਈ.ਸੈਂਸਿਸ.ਜੀਓਵੀ.ਇਨ ਵੈੱਬ ਪੋਰਟਲ 'ਤੇ ਜਾ ਕੇ ਗੂਗਲ ਮੈਪ 'ਤੇ ਘਰ ਦੀ ਸਥਿਤੀ ਮਾਰਕ ਕਰਨੀ ਹੋਵੇਗੀ। ਘਰ ਦੇ ਮੁਖੀ ਦਾ ਨਾਂ, 10 ਅੰਕਾਂ ਦਾ ਮੋਬਾਈਲ ਨੰਬਰ ਤੇ ਈਮੇਲ ਆਈਡੀ ਦਰਜ ਕਰੋ। ਆਪਣੇ ਸੂਬੇ ਨੂੰ ਚੁਣੋ ਤੇ ਕੈਪਚਾ ਕੋਡ ਭਰੋ। ਫਿਰ ਭਾਸ਼ਾ ਦਾ ਚੋਣ ਕਰਨ ਮਗਰੋਂ ਰਜਿਸਟਰਡ ਮੋਬਾਈਲ ਨੰਬਰ 'ਤੇ ਆਏ ਓਟੀਪੀ ਨੂੰ ਵੈਰੀਫਾਈ ਕਰੋ। ਇਸ ਤੋਂ ਬਾਅਦ ਆਪਣੇ ਜ਼ਿਲ੍ਹੇ ਦਾ ਚੋਣ ਕਰੋ ਤੇ ਪਿੰਡ, ਕਸਬੇ ਦਾ ਨਾਮ ਜਾਂ ਪਿਨ ਕੋਡ ਦਰਜ ਕਰ ਕੇ ਭਾਲ ਕਰੋ। ਸਕਰੀਨ ’ਤੇ ਇਕ ਸੈਟੇਲਾਈਟ ਮੈਪ ਖੁੱਲ੍ਹੇਗਾ। ਇਸ ਮੈਪ 'ਤੇ ਦਿਸ ਰਹੇ ਲਾਲ ਮਾਰਕਰ ਨੂੰ ਖਿੱਚ ਕੇ ਆਪਣੇ ਘਰ ਦੀ ਸਥਿਤੀ 'ਤੇ ਲੈ ਜਾਓ ਤੇ ਪੁਸ਼ਟੀ ਕਰੋ। ਇਸ ਤੋਂ ਬਾਅਦ ਮੁੱਖ ਫਾਰਮ ਖੁੱਲ੍ਹੇਗਾ, ਜਿਸ ’ਚ ਕੁਝ ਆਮ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਫਾਰਮ ਭਰਨ ਮਗਰੋਂ ਫਾਈਨਲ ਸਬਮਿਟ ਦਾ ਬਟਨ ਦਬਾਓ। ਅਜਿਹਾ ਕਰਨ ਨਾਲ ਤੁਹਾਡਾ ਡਾਟਾ ਲਾਕ ਹੋ ਜਾਵੇਗਾ। ਫਾਰਮ ਜਮ੍ਹਾਂ ਹੋਣ 'ਤੇ ਤੁਹਾਡੇ ਮੋਬਾਈਲ 'ਤੇ ਐੱਸਐੱਮਐੱਸ ਤੇ ਈਮੇਲ 'ਤੇ 11 ਅੰਕਾਂ ਦਾ ਇਕ ਐੱਸਈ ਆਈਡੀ ਆਵੇਗਾ। ਜਦੋਂ ਜਨਗਣਨਾ ਮੁਲਾਜ਼ਮ ਵੈਰੀਫਿਕੇਸ਼ਨ ਲਈ ਤੁਹਾਡੇ ਘਰ ਆਉਣਗੇ ਤਾਂ ਤੁਹਾਨੂੰ ਸਿਰਫ ਉਹੀ 11 ਅੰਕਾਂ ਦਾ ਐੱਸਈ ਆਈਡੀ ਦੱਸਣਾ ਹੋਵੇਗਾ। ਮੁਲਾਜ਼ਮ ਆਪਣੇ ਐਪ ’ਚ ਆਈਡੀ ਮੈਚ ਕਰੇਗਾ ਤੇ ਡਾਟਾ ਸਹੀ ਪਾਇਆ ਜਾਣ 'ਤੇ ਇਸ ਨੂੰ ਸਵੀਕਾਰ ਕਰ ਲਵੇਗਾ। ਉਸ ਤੋਂ ਬਾਅਦ ਹੀ ਜਨਗਣਨਾ ’ਚ ਆਖ਼ਰੀ ਰੂਪ ਵਿਚ ਤੁਹਾਡਾ ਡਾਟਾ ਦਰਜ ਹੋ ਸਕੇਗਾ।
--
ਭਾਈਵਾਲੀ ਵਧਾਉਣ ਦੇ ਹੋਣਗੇ ਯਤਨ : ਡੀਸੀ
ਡੀਸੀ ਵਰਜੀਤ ਵਾਲੀਆ ਦਾ ਕਹਿਣਾ ਹੈ ਕਿ ਮਰਦਮਸ਼ੁਮਾਰੀ ’ਚ ਆਮ ਲੋਕਾਂ ਦੀ ਭਾਈਵਾਲੀ 100 ਫੀਸਦੀ ਜ਼ਰੂਰੀ ਹੈ ਪਰ ਸਵੈ-ਗਣਨਾ ’ਚ ਭਾਈਵਾਲੀ ਵਧਾਉਣ ਲਈ ਯਤਨ ਕੀਤੇ ਜਾਣਗੇ। ਲੋਕਾਂ ਦੀ ਘੱਟ ਭਾਈਵਾਲੀ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਅੱਗੇ ਇਸ ’ਚ ਲੋਕਾਂ ਦੀ ਭਾਈਵਾਲੀ ਵਧਾਈ ਜਾ ਸਕੇ।