ਛੇ ਘੰਟਿਆਂ ਦੀ ਬਿਜਲੀ ਕੱਟ ਕਾਰਨ ਲੋਕਾਂ ਦੇ ਛੁੱਟੇ ਪਸੀਨੇ, ਬੱਚਿਆਂ ਸਮੇਤ ਸਭ ਹੋਏ ਪਰੇਸ਼ਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਰਮੀ ਦੇ ਮੌਸਮ ਵਿੱਚ ਬਿਜਲੀ ਵਿਭਾਗ ਵੱਲੋਂ ਛੇ ਘੰਟਿਆਂ ਦੀ ਬਿਜਲੀ ਕੱਟ ਲਗਾਉਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ। ਆਮ ਲੋਕਾਂ ਦੇ ਨਾਲ ਨਾਲ ਬੱਚੇ ਵੀ ਬਿਨਾਂ ਬਿਜਲੀ ਦੇ ਬੁੱਧਵਾਰ ਨੂੰ ਪਰੇਸ਼ਾਨ ਰਹੇ। ਸ਼ਹਿਰ ਦੇ 20 ਤੋਂ ਵੱਧ ਇਲਾਕਿਆਂ ਵਿੱਚ ਬੁੱਧਵਾਰ ਨੂੰ ਪੰਜ ਤੋਂ ਛੇ ਘੰਟਿਆਂ ਲਈ ਬਿਜਲੀ ਸਪਲਾਈ ਬੰਦ ਰਹੀ। 40 ਡਿਗਰੀ ਸੈਲਸੀਅਸ ਤਾਪਮਾਨ ’ਚ ਬਿਜਲੀ ਬੰਦ ਹੋਣ ਨਾਲ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਕਈ ਲੋਕਾਂ ਦਾ ਕੰਮ ਵੀ ਠੱਪ ਰਿਹਾ। ਬਿਜਲੀ ਨਾਲ ਸੰਬੰਧਿਤ ਕੰਮ ਕਰਨ ਵਾਲਿਆਂ ਤੇ ਦਰਜੀਆਂ ਦੀਆਂ ਦੁਕਾਨਾਂ ‘ਤੇ ਕੰਮ ਬੰਦ ਰਿਹਾ। ਕੁਝ ਸਕੂਲਾਂ ਵਿਚ ਵੀ ਬਿਜਲੀ ਨਾ ਹੋਣ ਕਰਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਪਰੇਸ਼ਾਨੀ ਝੱਲਣੀ ਪਈ। ਪਾਵਰਕਾਮ ਵੱਲੋਂ ਮੁਰੰਮਤ ਦੇ ਨਾਂ ‘ਤੇ ਬਿਜਲੀ ਬੰਦ ਰੱਖੀ ਗਈ ਹੈ। 26 ਅਪ੍ਰੈਲ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਿਜਲੀ ਕੱਟ ਰਹੇਗੀ। ਲੰਮਾ ਪਿੰਡ ਚੌਕ ਦੇ ਨੇੜੇ ਕਈ ਘਰਾਂ ’ਚ ਇਨਵਰਟਰ ਦੀ ਸਹੂਲਤ ਨਾ ਹੋਣ ਕਾਰਨ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਰਹੇ। ਬਿਜਲੀ ਨਾ ਹੋਣ ਕਾਰਨ ਲੋਕਾਂ ਵਿੱਚ ਗੁੱਸਾ ਵੀ ਦੇਖਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਗਰਮੀ ਦੇ ਦਿਨਾਂ ’ਚ ਹੀ ਪਾਵਰਕਾਮ ਨੂੰ ਰੱਖ-ਰਖਾਅ ਦੀ ਯਾਦ ਆਉਂਦੀ ਹੈ ਤੇ ਘੰਟਿਆਂ ਤੱਕ ਬਿਜਲੀ ਬੰਦ ਰਹਿੰਦੀ ਹੈ। ਗਰਮੀ ’ਚ ਬਿਨਾਂ ਬਿਜਲੀ ਰਹਿਣਾ ਬਹੁਤ ਮੁਸ਼ਕਲ ਹੁੰਦਾ ਹੈ, ਘਰ ’ਚ ਬੈਠਿਆ ਨਹੀਂ ਜਾਂਦਾ ਤੇ ਬਾਹਰ ਤਪਦੀ ਹਵਾ ਦਾ ਸਾਹਮਣਾ ਕਰਨਾ ਪੈਂਦਾ ਹੈ।
--------------------------
ਨਿੱਜੀ ਸਕੂਲਾਂ ’ਚ ਵੀ ਬਿਜਲੀ ਬਿਨਾਂ ਵਿਦਿਆਰਥੀ ਪਰੇਸ਼ਾਨ
ਲੰਮਾ ਪਿੰਡ ਦੇ ਇਕ ਨਿੱਜੀ ਸਕੂਲ ’ਚ ਵੀ ਬਿਜਲੀ ਨਾ ਹੋਣ ਕਾਰਨ ਵਿਦਿਆਰਥੀ ਪਰੇਸ਼ਾਨ ਰਹੇ। ਬੱਚੇ ਗਰਮੀ ’ਚ ਪਸੀਨੇ ਨਾਲ ਤਰ ਹੋਏ ਕਮਰਿਆਂ ’ਚ ਬੈਠੇ ਰਹੇ। ਸਕੂਲ ਦੀ ਪ੍ਰਿੰਸੀਪਲ ਨੂੰ ਵੀ ਬਿਜਲੀ ਨਾ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਆਲੇ ਦੁਆਲੇ ਦਰਜੀਆਂ ਅਤੇ ਕੱਪੜਿਆਂ ਦੀਆਂ ਦੁਕਾਨਾਂ ’ਤੇ ਗਾਹਕ ਨਹੀਂ ਆ ਰਹੇ ਸਨ, ਜਿਸ ਨਾਲ ਕਾਰੋਬਾਰ ‘ਤੇ ਅਸਰ ਪਿਆ। ਵਪਾਰੀ ਦੁਕਾਨਾਂ ਤੋਂ ਬਾਹਰ ਬੈਠੇ ਨਜ਼ਰ ਆਏ। ਗਰੋਵਰ ਕਾਲੋਨੀ ਦੇ ਨਿਵਾਸੀ ਨੰਦਨ ਰਾਮ ਨੇ ਕਿਹਾ ਕਿ ਬਿਜਲੀ ਬਿਨਾਂ ਘਰ ਅੰਦਰ ਬੈਠਣਾ ਮੁਸ਼ਕਲ ਹੈ। ਪੱਕਾ ਵਿਭਾਗ ਦੇ ਨਿਵਾਸੀ ਬਾਲਮ ਤੇ ਪੰਕਜ ਨੇ ਦੱਸਿਆ ਕਿ ਰਾਤ ਨੂੰ ਵੀ ਇਕ ਤੋਂ ਦੋ ਘੰਟੇ ਬਿਜਲੀ ਕੱਟ ਰਹੀ। ਜਿਨ੍ਹਾਂ ਘਰਾਂ ਵਿੱਚ ਇਨਵਰਟਰ ਨਹੀਂ, ਉਨ੍ਹਾਂ ਲਈ ਬਿਨਾਂ ਬਿਜਲੀ ਰਹਿਣਾ ਔਖਾ ਹੈ। ਬੁੱਧਵਾਰ ਨੂੰ ਏਕਤਾ ਵਿਹਾਰ, 120 ਫੁੱਟ ਰੋਡ, ਰੋਜ਼ ਪਾਰਕ, ਪਿੰਡ ਧੋਗੜੀ, ਸਿਕੰਦਰਪੁਰ, ਲੈਸਰੀਵਾਲ, ਜਗਰਾਵਾਂ, ਮੁਹੰਮਦਪੁਰ, ਮਾਧਰ, ਮੁਰਾਦਪੁਰ, ਜਮੀਲ ਨਗਰ, ਉਪਕਾਰ ਨਗਰ, ਲੰਮਾ ਪਿੰਡ, ਖਾਂਬੜਾ, ਐਲਡਿਕੋ ਗ੍ਰੀਨ, ਸਤਨਾਮ ਹਸਪਤਾਲ, ਆਬਾਦੀ ਧਰਮਾਪੁਰਾ, ਆਲੂ ਫਾਰਮ, ਬਸੰਤ ਵਿਹਾਰ, ਮਾਨ ਮੈਡੀਸਿਟੀ ਹਸਪਤਾਲ, ਜਲੰਧਰ ਐਨਕਲੇਵ, ਕ੍ਰਿਸ਼ਨਾ ਕਾਲੋਨੀ, ਆਰਸੀਐਫ ਕਾਲੋਨੀ, ਗਲੈਨਮੋਰ ਗ੍ਰੀਨ ਫਾਰਮ, ਖਾਂਬੜਾ ਚਰਚ, ਮਾਡਲ ਟਾਊਨ, ਗੋਲ ਮਾਰਕਿਟ ਅਤੇ ਲਾਡੋਵਾਲੀ ਰੋਡ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੀ।
---------------------------
ਜ਼ਰੂਰੀ ਮੁਰੰਮਤ ਕਾਰਨ ਲਾਇਆ ਗਿਆ ਬਿਜਲੀ ਦਾ ਕੱਟ
ਮੁਰੰਮਤ ਕਾਰਨ ਛੇ ਘੰਟਿਆਂ ਲਈ ਬਿਜਲੀ ਬੰਦ ਰੱਖੀ ਗਈ। ਇਲਾਕਿਆਂ ’ਚ ਮੁਲਾਜ਼ਮ ਨਵੀਆਂ ਤਾਰਾ ਪਾਉਣ, ਪੁਰਾਣੀਆਂ ਤਾਰਾਂ ਹਟਾਉਣ ਤੇ ਟ੍ਰਾਂਸਫਾਰਮਰ ਦਾ ਲੋਡ ਘਟਾਉਣ ਦਾ ਕੰਮ ਕਰ ਰਹੇ ਸਨ। ਸਬ ਸਟੇਸ਼ਨਾਂ ’ਤੇ ਵੀ ਕੰਮ ਜਾਰੀ ਸੀ। ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਗਰਮੀ ਕਾਰਨ ਬਿਜਲੀ ਦੀ ਮੰਗ ਵਧ ਗਈ ਹੈ ਤੇ ਇਹ ਹੋਰ ਵੀ ਵੱਧ ਸਕਦੀ ਹੈ।
----------------------------
ਦਿਨੇ 40 ਡਿਗਰੀ ਤੱਕ ਪੁੱਜਾ ਪਾਰਾ, ਹੁਣ ਰਾਤਾਂ ਵੀ ਤਪਣਗੀਆਂ
ਬੁੱਧਵਾਰ ਨੂੰ ਵੀ ਸ਼ਹਿਰ ਵਿਚ ਗਰਮ ਹਵਾਵਾਂ ਚੱਲਦੀਆਂ ਰਹੀਆਂ। ਤਾਪਮਾਨ 40.5 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਜਦਕਿ ਘੱਟੋ-ਘੱਟ ਤਾਪਮਾਨ 20.1 ਡਿਗਰੀ ਰਿਹਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਤਾਪਮਾਨ 40 ਤੋਂ 42 ਡਿਗਰੀ ਤੱਕ ਰਹਿ ਸਕਦਾ ਹੈ ਤੇ ਰਾਤਾਂ ਵੀ ਹੋਰ ਤਪਣਗੀਆਂ।
---------------------
ਡਾਕਟਰਾਂ ਦੀ ਸਲਾਹ : ਗਰਮੀ ਤੋਂ ਬਚਾਅ ਜ਼ਰੂਰੀ
ਸਿਵਲ ਹਸਪਤਾਲ ਦੇ ਡਾ. ਤਰਸੇਮ ਲਾਲ ਦੇ ਅਨੁਸਾਰ ਨਵਜਾਤ ਬੱਚੇ, ਛੋਟੇ ਬੱਚੇ, ਗਰਭਵਤੀ ਮਹਿਲਾਵਾਂ, 65 ਸਾਲ ਤੋਂ ਵੱਧ ਉਮਰ ਦੇ ਲੋਕ, ਮਜ਼ਦੂਰ ਅਤੇ ਬੀਮਾਰ ਵਿਅਕਤੀ ਗਰਮੀ ਦੇ ਵੱਧ ਖਤਰੇ ਵਿੱਚ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰੀ ਸਬਜ਼ੀਆਂ ਅਤੇ ਪਾਣੀ ਵਾਲੇ ਫਲ—ਤਰਬੂਜ਼, ਖਰਬੂਜ਼ਾ, ਸੰਤਰਾ, ਅੰਗੂਰ ਆਦਿ—ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੇਜ਼ ਸਿਰਦਰਦ, ਚੱਕਰ ਆਉਣਾ, ਬੇਚੈਨੀ, ਮਾਸਪੇਸ਼ੀਆਂ ਦੀ ਕਮਜ਼ੋਰੀ, ਮਤਲੀ, ਉਲਟੀ ਜਾਂ ਦਿਲ ਦੀ ਧੜਕਨ ਤੇਜ਼ ਹੋਣ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਸਲਾਹ ਦਿੱਤੀ ਗਈ ਕਿ ਦੁਪਹਿਰ ਦੀ ਤਿੱਖੀ ਧੁੱਪ ਤੋਂ ਬਚੋ, ਹਲਕੇ ਰੰਗ ਦੇ ਢਿੱਲੇ ਕੱਪੜੇ ਪਹਿਨੋ, ਛਾਤਾ ਜਾਂ ਟੋਪੀ ਵਰਤੋ ਅਤੇ ਬਾਹਰ ਜਾਣ ਸਮੇਂ ਪਾਣੀ ਨਾਲ ਰੱਖੋ ਅਤੇ ਵਾਰ-ਵਾਰ ਪੀਂਦੇ ਰਹੋ।