ਮੋਟਰਸਾਈਕਲ ਚੋਰੀ ਦੇ ਦੋਸ਼ ’ਚ ਨੌਜਵਾਨ ਨਾਲ ਕੁੱਟਮਾਰ
ਫਰੈਂਡਜ਼ ਕਲੋਨੀ ਦੇ ਲੋਕਾਂ ਨੇ ਮੋਟਰਸਾਈਕਲ ਚੋਰੀ ਦੇ ਦੋਸ਼ ਹੇਠ ਬੇਕਸੂਰ ਨੌਜਵਾਨ ਦੀ ਲੋਕਾਂ ਨੇ ਖੂਬ ਕੀਤੀ ਛਿੱਤਰ ਪਰੇਡ
Publish Date: Wed, 20 May 2026 07:04 PM (IST)
Updated Date: Wed, 20 May 2026 07:07 PM (IST)

-ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਫਰੈਂਡਜ਼ ਕਾਲੋਨੀ ’ਚ ਲੋਕਾਂ ਨੇ ਮੋਟਰਸਾਈਕਲ ਚੋਰੀ ਦੇ ਦੋਸ਼ ’ਚ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਕੁੱਟਮਾਰ ਕੀਤੀ ਗਈ। ਘਟਨਾ ਵਾਲੀ ਥਾਂ ਤੇ ਖੂਬ ਹੰਗਾਮਾ ਹੋਇਆ। ਲੋਕਾਂ ਦੇ ਕਾਬੂ ਆਏ ਏਸੀ ਮਕੈਨਿਕ ਨੌਜਵਾਨ ਮਨਦੀਪ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਮਕਸੂਦਾਂ ਨੇ ਆਪਣੇ-ਆਪ ਨੂੰ ਬੇਕਸੂਰ ਦੱਸਦਿਆਂ ਆਪਣੇ ਸਾਥੀਆਂ, ਰਿਸ਼ਤੇਦਾਰਾਂ ਤੇ ਪੁਲਿਸ ਨੂੰ ਬੁਲਾਉਣ ਦੀ ਅਪੀਲ ਕੀਤੀ ਗਈ ਪਰ ਉਸ ਦੀ ਕੁੱਟਮਾਰ ਜਾਰੀ ਰਹੀ। ਇਸੇ ਦੌਰਾਨ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ। ਵਾਇਰਲ ਵੀਡੀਓ ’ਚ ਸੁਣਾਈ ਦੇ ਰਿਹਾ ਹੈ ਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿ ਪਿਛਲੇ ਸ਼ਨਿਚਰਵਾਰ ਨੂੰ ਉਨ੍ਹਾਂ ਦਾ ਪੁੱਤਰ ਦਿਲਕੁਸ਼ਾ ਮਾਰਕੀਟ ’ਚ ਇਕ ਦੁਕਾਨ ਤੇ ਗਿਆ ਸੀ, ਜਿੱਥੇ ਉਸ ਨੇ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਸੀ, ਜੋ ਚੋਰੀ ਹੋ ਗਿਆ ਸੀ। ਚੋਰ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਿਆ ਸੀ ਅਤੇ ਤਿੰਨ ਦਿਨ ਪਹਿਲਾਂ ਫਿਰ ਉਸੇ ਜਗ੍ਹਾ ਤੋਂ ਇੱਕ ਹੋਰ ਮੋਟਰਸਾਈਕਲ ਚੋਰੀ ਹੋ ਗਿਆ ਸੀ। ਮੋਟਰਸਾਈਕਲ ਤੇ ਜੀਪੀਐੱਸ ਸਿਸਟਮ ਲੱਗਿਆ ਹੋਇਆ ਸੀ, ਜਿਸ ਦੀ ਲੋਕੇਸ਼ਨ ਮਕਸੂਦਾਂ ਇਲਾਕੇ ਵਿਚ ਆ ਰਹੀ ਸੀ ਤੇ ਉਸ ਲੋਕੇਸ਼ਨ ਰਾਹੀਂ ਨੌਜਵਾਨ ਨੂੰ ਫੜਿਆ ਗਿਆ। ਹਾਲਾਂਕਿ, ਫੜੇ ਗਏ ਨੌਜਵਾਨ ਨੇ ਲੋਕਾਂ ਦੇ ਸਾਹਮਣੇ ਕਈ ਵਾਰ ਆਪਣੇ-ਆਪ ਨੂੰ ਬੇਕਸੂਰ ਦੱਸਿਆ ਤੇ ਕਿਹਾ ਕਿ ਉਸ ਦਾ ਚਿਹਰਾ ਸੀਸੀਟੀਵੀ ਫੁਟੇਜ ਨਾਲ ਮੇਲ ਨਹੀਂ ਖਾਂਦਾ, ਸਗੋਂ ਉਸ ਨੂੰ ਫਸਾਇਆ ਜਾ ਰਿਹਾ ਹੈ। ਇਸ ਨੂੰ ਮੌਕੇ ’ਤੇ ਪੁਲਿਸ ਬੁਲਾ ਕੇ ਥਾਣਾ-4 ਵਿਚ ਲਿਜਾਇਆ ਗਿਆ। ਜਿਥੇ ਪੁਲਿਸ ਨੇ ਸੀਸੀਟੀਵੀ ਫੁਟੇਜ ਨਾਲ ਨੌਜਵਾਨ ਦੀ ਪਛਾਣ ਕੀਤੀ ਤੇ ਜਾਂਚ ਦੌਰਾਨ ਪਤਾ ਲੱਗਾ ਕਿ ਗਲਤ ਨੌਜਵਾਨ ਨੂੰ ਫੜਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਛੱਡ ਦਿੱਤਾ। ---------------------------- ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਗਲਤ ਫਹਿਮੀ ਨਾਲ ਮਾਰਕੁਟਾਈ ਦਾ ਸ਼ਿਕਾਰ ਹੋਏ ਏਸੀ ਮਕੈਨਿਕ ਮਨਦੀਪ ਕੁਮਾਰ ਨੇ ਥਾਣਾ-1 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਹਨੀ ਪੁੱਤਰ ਤਰਸੇਮ ਲਾਲ ਵਾਸੀ ਸੰਤ ਨਗਰ, ਜਲੰਧਰ ਜੋ ਦਿਲਕੁਸ਼ਾ ਮਾਰਕੀਟ ’ਚ ਕੰਮ ਕਰਦਾ ਹੈ, ਵੱਲੋਂ ਉਸ ਨੂੰ ਫੋਨ ਕਰਕੇ ਏਸੀ ਫਿਟਿੰਗ ਲਈ ਬੁਲਾ ਕੇ 5-7 ਬਾਊਂਸਰਾਂ ਨਾਲ ਉਸ ਉੱਪਰ ਜ਼ਬਰਦਸਤੀ ਮੋਟਰਸਾਈਕਲ ਚੋਰੀ ਦਾ ਇਲਜ਼ਾਮ ਲਗਾ ਕੇ ਬੇਰਹਿਮੀ ਨਾਲ ਮਾਰਕੁਟਾਈ ਕਰਨ ਤੇ ਉਸਨੂੰ ਸਮਾਜ ’ਚ ਬਦਨਾਮ ਕਰਨ ਤੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ। ਸ਼ਿਕਾਇਤ ’ਚ ਉਸਨੇ ਲਿਖਿਆ ਹੈ ਕਿ ਅਣਪਛਾਤੇ ਮੋਬਾਇਲ ਰਾਹੀਂ ਉਸ ਨੂੰ ਏਸੀ ਫਿਟਿੰਗ ਦਾ ਕੰਮ ਕਰਨ ਲਈ ਗਲਤ ਐਡਰੈੱਸ ਦੇ ਕੇ ਫਰੈਂਡਜ਼ ਕਾਲੋਨੀ ਨੇੜੇ ਡੀ.ਏ.ਵੀ. ਕਾਲਜ ਬੁਲਾਇਆ। ਜਦੋਂ ਉਹ ਆਪਣੇ ਹੈਲਪਰ ਸਮੇਤ ਉਥੇ ਪਹੁੰਚਿਆ ਤਾਂ ਕੁਝ ਵਿਅਕਤੀ ਨੇ ਉਸ ’ਤੇ ਨਾਜਾਇਜ਼ ਮੋਟਰਸਾਈਕਲ ਚੋਰੀ ਦੇ ਇਲਜ਼ਾਮ ਲਾਏ ਤੇ ਉੱਥੇ 5-7 ਬਾਊਂਸਰ ਬੁਲਾ ਕੇ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਹ ਜ਼ਖਮੀ ਹੋ ਗਿਆ। ਪੀੜਤ ਵੱਲੋਂ ਸਿਵਲ ਹਸਪਤਾਲ, ਜਲੰਧਰ ਵਿੱਚੋਂ ਡਾਕਟਰੀ ਮੁਆਇਨਾ ਕਰਵਾ ਕੇ ਰਿਪੋਰਟ ਪੁਲਿਸ ਨੂੰ ਸੌਪੀ ਹੈ। ਉਸਦਾ ਕਹਿਣਾ ਹੈ ਕਿ ਚੋਰ ਕਹਿ ਕੇ ਸਮਾਜ ’ਚ ਬਦਨਾਮ ਕਰਨ ਦੇ ਨਾਲ ਨਾਲ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ। ਇਸ ਸਬੰਧੀ ਥਾਣਾ-1 ਦੇ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਮਾਰਕੁਟਾਈ ਕਰਨ ਵਾਲੇ ਵਿਅਕਤੀਆਂ ਨੂੰ ਥਾਣੇ ਬੁਲਾਇਆ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।