ਡਿਜੀਟਲ ਅਰੈੱਸਟ ਤੇ ਸਾਈਬਰ ਅਪਰਾਧਾਂ ਪ੍ਰਤੀ ਜਾਗਰੂਕਤਾ ਦੀ ਲੋੜ
ਡਿਜੀਟਲ ਅਰੈਸਟ ਤੇ ਸਾਈਬਰ ਅਪਰਾਧਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ
Publish Date: Wed, 13 May 2026 06:37 PM (IST)
Updated Date: Wed, 13 May 2026 06:39 PM (IST)

-ਕੋਈ ਵੀ ਕਿਸੇ ਨੂੰ ਡਿਜੀਟਲ ਅਰੈੱਸਟ ਨਹੀਂ ਕਰ ਸਕਦਾ : ਸੀਪੀ ਧਨਪ੍ਰੀਤ ਕੌਰ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਕੁਝ ਸਮੇਂ ਤੋਂ ਡਿਜੀਟਲ ਅਰੈਸਟ ਕਰਕੇ ਜਾਂ ਸਾਈਬਰ ਅਪਰਾਧ ਰਾਹੀਂ ਠੱਗੀ ਕੀਤੇ ਜਾਣ ਦੀਆਂ ਘਟਨਾਵਾਂ ਕਾਫੀ ਚਰਚਾ ’ਚ ਆ ਰਹੀਆਂ ਹਨ ਤੇ ਕਈ ਵੱਡੇ-ਵੱਡੇ ਵਾਪਾਰੀ ਅਤੇ ਅਧਿਕਾਰੀ ਤੱਕ ਵੀ ਇਨ੍ਹਾਂ ਠੱਗੀਆਂ ਤੋਂ ਨਹੀਂ ਬਚ ਸਕੇ ਹਨ ਤੇ ਸ਼ਾਤਿਰ ਠੱਗਾਂ ਨੇ ਆਮ ਲੋਕਾਂ ਦੇ ਨਾਲ-ਨਾਲ ਇਨ੍ਹਾਂ ਵੱਡੇ ਲੋਕਾਂ ਨੂੰ ਵੀ ਸ਼ਿਕਾਰ ਬਣਾ ਲਿਆ ਹੈ ਤੇ ਹਾਲੇ ਵੀ ਅਜਿਹੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ। ਇੱਥੋਂ ਤੱਕ ਕੀ ਲੁਧਿਆਣਾ ਦੇ ਪ੍ਰਸਿੱਧ ਓਸਵਾਲ ਗਰੁੱਪ ਦੇ ਮਾਲਕ ਤੱਕ ਵੀ ਡਿਜੀਟਲ ਅਰੈਸਟ ਨਾਲ ਕਰੋੜਾਂ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਉਨ੍ਹਾਂ ਨਾਲ ਠੱਗੀ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਅਤੇ ਈਡੀ ਨੇ ਕਾਬੂ ਵੀ ਕਰ ਲਿਆ ਸੀ ਤੇ ਹੁਣ ਉਹ ਜੇਲ੍ਹ ’ਚ ਹਨ ਪਰ ਜਦੋਂ ਅਜਿਹੇ ਵੱਡੇ ਲੋਕਾਂ ਨਾਲ ਡਿਜੀਟਲ ਅਰੈਸਟ ਵਰਗੀ ਠੱਗੀ ਹੁੰਦੀ ਹੈ ਤੇ ਉਹ ਸ਼ਰਮ ਨਾਲ ਕਿਸੇ ਨੂੰ ਕੁੱਝ ਵੀ ਨਹੀਂ ਦੱਸਦੇ ਹਨ ਤੇ ਠੱਗਾਂ ਅੱਗੇ ਲੱਖਾਂ ਦੀ ਠੱਗੀ ਦਾ ਸ਼ਿਕਾਰ ਹੋ ਕੇ ਚੁੱਪ ਕਰਕੇ ਬੈਠ ਜਾਂਦੇ ਹਨ। ਇਸ ਸਬੰਧੀ ਸਰਕਾਰਾਂ, ਪੁਲਿਸ ਵਿਭਾਗ ਅਤੇ ਬੈਂਕ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਪ੍ਰਚਾਰ ਵੀ ਕਰ ਰਹੇ ਹਨ ਕਿ ਕੋਈ ਵੀ ਕਿਸੇ ਨੂੰ ਡਿਜੀਟਲ ਅਰੈੱਸਟ ਨਹੀਂ ਕਰ ਸਕਦਾ ਹੈ ਪਰ ਇਸੇ ਬਾਅਦ ਵੀ ਸ਼ਾਤਿਰ ਠੱਗ ਕਦੇ ਸੀਬੀਆਈ ਕਦੇ ਪੁਲਿਸ ਅਧਿਕਾਰੀ ਇੱਥੋਂ ਤੱਕ ਚੀਫ ਜਸਟਿਸ ਤੱਕ ਬਣ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ ਤੇ ਇਹ ਘਟਨਾਵਾਂ ਦੇਸ਼ ਭਰ ’ਚ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ------------------------ ਕੀ ਕਹਿੰਦੇ ਹਨ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਇਸ ਸਬੰਧੀ ਜਦੋਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਪੁਲਿਸ ਜਾਂ ਸੀਬੀਆਈ ਜਾਂ ਹੋਰ ਅਧਿਕਾਰੀ ਕਿਸੇ ਵੀ ਵਿਅਕਤੀ ਨੂੰ ਡਿਜੀਟਲ ਅਰੈੱਸਟ ਨਹੀਂ ਕਰ ਸਕਦਾ ਹੈ ਤੇ ਇਸ ਤਰ੍ਹਾਂ ਦੇ ਸਾਈਬਰ ਅਪਰਾਧ ਨੂੰ ਰੋਕਣ ਲਈ ਉਨ੍ਹਾਂ ਦਾ ਸਾਈਬਰ ਅਪਰਾਧ ਰੋਕਣ ਵਾਲਾ ਸੈੱਲ ਬਿਹਤਰ ਤਰੀਕੇ ਨਾਲ ਕੰਮ ਕਰ ਰਿਹਾ ਹੈ ਤੇ ਇਸ ਤਰ੍ਹਾਂ ਦੀਆਂ ਠੱਗੀ ਦੀਆਂ ਘਟਨਾਵਾਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਸਿਰਫ ਇੱਕ ਫੋਨ ਕਾਲ ’ਤੇ ਹੀ ਪੁਲਿਸ ਦਾ ਇਹ ਸੈੱਲ ਆਪਣਾ ਐਕਸ਼ਨ ਸ਼ੁਰੂ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਈ ਸਾਈਬਰ ਅਪਰਾਧੀਆਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਤੇ ਪੁਲਿਸ ਇਸ ਤਰ੍ਹਾਂ ਦੇ ਕਈ ਕੇਸ ਸੁਲਝਾ ਵੀ ਚੁੱਕੀ ਹੈ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇਗਾ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਲੋਕਾਂ ਨੂੰ ਵੀ ਜਾਗਰੂਕ ਹੋਣ ਲਈ ਕਿਹਾ ਤੇ ਆਖਿਆ ਕਿ ਜੇ ਇਸ ਤਰ੍ਹਾਂ ਦੀ ਕੋਈ ਵੀਡੀਓ ਕਾਲ ਜਾਂ ਫ਼ੋਨ ਆਉਂਦਾ ਹੈ ਤੇ ਉਸ ਨਾਲ ਬਹੁਤੀ ਗੱਲ ਕਰਨ ਦੀ ਲੋੜ ਨਹੀਂ ਹੈ ਤੇ ਨਾ ਹੀ ਡਰਨ ਦੀ ਲੋੜ ਹੈ ਕੋਈ ਵੀ ਕਿਸੇ ਨੂੰ ਡਿਜੀਟਲ ਅਰੈੱਸਟ ਨਹੀਂ ਕਰ ਸਕਦਾ ਹੈ। ----------------------------- ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ : ਐਡਵੋਕੇਟ ਪਠਾਨੀਆ ਇਸ ਸਬੰਧੀ ਗੱਲਬਾਤ ਕਰਦੇ ਹੋਏ ਈਡੀ ਦੇ ਵਕੀਲ ਅਜੇ ਪਠਾਨੀਆ ਨੇ ਜੋ ਹਾਲ ਹੀ ’ਚ ਓਸਵਾਲ ਗਰੁੱਪ ਦੇ ਮਾਲਕਾਂ ਨਾਲ ਹੋਈ ਠੱਗੀ ਦੇ ਮਾਮਲੇ ’ਚ ਅਦਾਲਤ ’ਚ ਈਡੀ ਵੱਲੋਂ ਪੇਸ਼ ਹੋਏ ਸੀ, ਦਾ ਕਹਿਣਾ ਹੈ ਕਿ ਈਡੀ ਵੱਲੋਂ ਓਸਵਾਲ ਗਰੁੱਪ ਦੇ ਮਾਲਕਾਂ ਨਾਲ ਠੱਗੀ ਕਰਨ ਵਾਲਿਆਂ ਨੂੰ ਦੂਜੇ ਸੂਬਿਆਂ ਤੋਂ ਕਾਬੂ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਤੇ ਉਹ ਹੁਣ ਜੇਲ੍ਹ ’ਚ ਹਨ। ਐਡਵੋਕੇਟ ਪਠਾਨੀਆ ਨੇ ਕਿਹਾ ਕਿ ਡਿਜੀਟਲ ਅਰੈਸਟ ਵਰਗੀ ਠੱਗੀ ਤੋਂ ਬਚਾਅ ਕਰਨ ਲਈ ਲੋਕਾਂ ਨੂੰ ਆਪ ਹੀ ਜਾਗਰੂਕ ਹੋਣਾ ਪਵੇਗਾ ਤੇ ਧਿਆਨ ਰੱਖਣਾ ਪਵੇਗਾ ਕਿ ਕੋਈ ਵੀ ਪੁਲਿਸ ਕਿਸੇ ਵੀ ਵਿਅਕਤੀ ਨੂੰ ਡਿਜੀਟਲ ਅਰੈੱਸਟ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਈਬਰ ਅਪਰਾਧ ਦੀਆਂ ਘਟਨਾਵਾਂ ਨੂੰ ਰੋਕਣ ਲਈ ਲੋਕਾਂ ਨੂੰ ਆਪ ਜਾਗਰੂਕ ਹੋਣ ਦੀ ਲੋੜ ਹੈ।