ਆਵਾਰਾ ਕੁੱਤਿਆਂ ਤੋਂ ਲੋਕ ਪਰੇਸ਼ਾਨ, ਡੀਸੀ ਤੇ ਨਿਗਮ ਕਮਿਸ਼ਨਰ ਨੂੰ ਲਿਖਿਆ ਪੱਤਰ
-ਜੇਪੀ ਨਗਰ ’ਚ ਸੈਰ
Publish Date: Wed, 29 Apr 2026 07:18 PM (IST)
Updated Date: Wed, 29 Apr 2026 07:22 PM (IST)
-ਜੇਪੀ ਨਗਰ ’ਚ ਸੈਰ ਕਰ ਕੇ ਪਰਤ ਰਹੇ 80 ਸਾਲਾ ਬਜ਼ੁਰਗ ਨੂੰ ਵੱਢਿਆ
-ਲੋਕਾਂ ਨੇ ਪ੍ਰਸ਼ਾਸਨ ਨੂੰ ਕੁੱਤਿਆਂ ਦੀ ਸਮੱਸਿਆ ਦੇ ਹੱਲ ਦੀ ਕੀਤੀ ਅਪੀਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸਕੂਲ ਜਾਣ ਤੇ ਆਉਣ ਸਮੇਂ ਬੱਚਿਆਂ ਤੇ ਸਵੇਰੇ-ਸ਼ਾਮ ਸੈਰ ਕਰਨ ਵਾਲੇ ਬਜ਼ੁਰਗਾਂ ਨੂੰ ਇਹ ਕੁੱਤੇ ਆਮ ਹੀ ਵੱਢਣ ਲੱਗ ਪਏ ਹਨ। ਇਨ੍ਹਾਂ ਨੂੰ ਰਿਹਾਇਸ਼ੀ ਇਲਾਕਿਆਂ ਵੱਲ ਆਕਰਸ਼ਿਤ ਕਰਨ ’ਚ ਗਲੀ-ਮੁਹੱਲਿਆਂ ’ਚ ਇਨ੍ਹਾਂ ਨੂੰ ਖਾਣਾ ਪਾਉਣ ਵਾਲੇ ਲੋਕ ਜ਼ਿੰਮੇਵਾਰ ਹਨ। ਤਾਜ਼ਾ ਘਟਨਾ ’ਚ ਜੇਪੀ ਨਗਰ ਸਥਿਤ ‘ਆਪਣਾ ਪਾਰਕ’ ’ਚ ਸੈਰ ਕਰਨ ਵਾਲੇ ਇਕ 80 ਸਾਲਾ ਬਜ਼ੁਰਗ ਨੂੰ ਇਕ ਕੁੱਤੇ ਨੇ ਵੱਢ ਲਿਆ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ’ਚ ਜ਼ਿਲ੍ਹਾ ਤੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਜਲੰਧਰ ਤੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਨੂੰ ਕੰਟਰੋਲ ਕੀਤਾ ਜਾਵੇ ਤੇ ਨਾਲ ਹੀ ਇਨ੍ਹਾਂ ਨੂੰ ਖੁਆਉਣ ਤੇ ਪਨਾਹ ਦੇਣ ਵਾਲਿਆਂ ’ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ।
ਡੀਸੀ ਤੇ ਨਿਗਮ ਕਮਿਸ਼ਨਰ ਨੂੰ ਲਿਖੇ ਪੱਤਰ ’ਚ ਕਿਹਾ ਗਿਆ ਹੈ ਕਿ ਇਲਾਕੇ ਦੇ ਕੁਝ ਲੋਕ ਆਵਾਰਾ ਕੁੱਤਿਆਂ ਨੂੰ ਖਾਣਾ ਤੇ ਪਨਾਹ ਦਿੰਦੇ ਹਨ ਪਰ ਉਹ ਉਨ੍ਹਾਂ ਨੂੰ ਖੁੱਲ੍ਹਾ ਛੱਡੀ ਰੱਖਦੇ ਹਨ। ਇਸ ਤਰ੍ਹਾਂ ਖਾਣਾ ਦਿੱਤੇ ਜਾਣ ਕਾਰਨ ਇਹ ਕੁੱਤੇ ਰਿਹਾਇਸ਼ੀ ਇਲਾਕਿਆਂ ਵੱਲ ਆਕਰਸ਼ਿਤ ਹੁੰਦੇ ਹਨ। ਇਹ ਖਾਣਾ ਖੁਆਉਣ ਵਾਲਿਆਂ ਤੋਂ ਇਲਾਵਾ ਹੋਰ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਇਹ ਗਲੀਆਂ ’ਚੋਂ ਲੰਘਦੇ ਵਾਹਨਾਂ ਦਾ ਪਿੱਛਾ ਕਰਦੇ ਹਨ। ਬੱਚਿਆਂ ਨੂੰ ਪੈਂਦੇ ਹਨ ਤੇ ਸੈਰ ਕਰਨ ਵਾਲੇ ਬਜ਼ੁਰਗਾਂ ’ਤੇ ਭੌਂਕਦੇ ਹਨ। ਕਈ ਵਾਰ ਦਹਿਸ਼ਤ ’ਚ ਆ ਕੇ ਕੁੱਤਿਆਂ ਤੋਂ ਬਚਣ ਦੀ ਕੋਸ਼ਿਸ਼ ’ਚ ਡਿੱਗ ਪੈਂਦੇ ਹਨ ਤੇ ਉਨ੍ਹਾਂ ਦੇ ਸੱਟਾਂ ਲੱਗ ਜਾਂਦੀਆਂ ਹਨ ਜਦਕਿ ਉਨ੍ਹਾਂ ਨੂੰ ਖਾਣਾ ਖੁਆਉਣ ਵਾਲੇ ਲੋਕ ਮੂਕ ਦਰਸ਼ਕ ਬਣੇ ਰਹਿੰਦੇ ਹਨ। ਜਦੋਂ ਉਨ੍ਹਾਂ ਨੂੰ ਇਸ ਸਬੰਧੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਸ਼ਿਕਾਇਤ ਕਰਨ ਵਾਲਿਆਂ ਨਾਲ ਝਗੜਦੇ ਹਨ। ਤਾਜ਼ਾ ਘਟਨਾ ਡਾ. ਸ਼ਿਆਮ ਸੁੰਦਰ (80) ਵਾਸੀ ਜੇਪੀ ਨਗਰ ਨਾਲ ਵਾਪਰੀ ਹੈ। ਉਹ ਰੋਜ਼ਾਨਾ ਵਾਂਗ ਸੈਰ ਕਰ ਕੇ ਸ਼ਾਮ ਕਰੀਬ ਸੱਤ ਵਜੇ ਆਪਣੇ ਘਰ ਜਾ ਰਹੇ ਸਨ ਤਾਂ ਇਕ ਕੁੱਤੇ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਵੱਢ ਲਿਆ ਜਦਕਿ ਕੁੱਤੇ ਨੂੰ ਪਨਾਹ ਦੇਣ ਵਾਲੇ ਸਾਹਮਣੇ ਖੜ੍ਹੇ ਮੂਕ ਦਰਸ਼ਕ ਬਣੇ ਰਹੇ। ਹੁਣ ਪੀੜਤ ਸਿਵਲ ਹਸਪਤਾਲ, ਜਲੰਧਰ ’ਚ ਇਲਾਜ ਕਰਵਾ ਰਿਹਾ ਹੈ। ਪ੍ਰਸ਼ਾਸਨ ਨੂੰ ਲਿਖੇ ਪੱਤਰ ’ਚ ਮੰਗ ਕੀਤੀ ਗਈ ਹੈ ਕਿ ਲੋਕਾਂ ਨੂੰ ਆਵਾਰਾ ਕੁੱਤਿਆਂ ਤੋਂ ਬਚਾਉਣ ਲਈ ਬਿਨਾਂ ਦੇਰੀ ਢੁੱਕਵੀਂ ਕਾਰਵਾਈ ਕੀਤੀ ਜਾਵੇ।