ਆਵਾਰਾ ਕੁੱਤਿਆਂ ਦੇ ਡਰ ਤੋਂ ਸੈਰ ਤੇ ਸਾਈਕਲਿੰਗ ਛੱਡ ਰਹੇ ਲੋਕ
ਆਵਾਰਾ ਕੁੱਤਿਆਂ ਦੇ ਡਰ ਤੋਂ ਸੈਰ ਤੇ ਸਾਈਕਲਿੰਗ ਛੱਡ ਰਹੇ ਲੋਕ
Publish Date: Wed, 06 May 2026 08:41 PM (IST)
Updated Date: Wed, 06 May 2026 08:44 PM (IST)

-ਨਿਗਮ ਨੂੰ ਕੋਸ ਰਹੇ ਹਨ ਸੈਰ ਕਰਨ ਤੇ ਸਾਈਕਲ ਚਲਾਉਣ ਵਾਲੇ ਲੋਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਬੇਸ਼ੱਕ ਇਸ ਸਬੰਧੀ ਨਿਗਮ ਪ੍ਰਸ਼ਾਸਨ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰ ਰਿਹਾ ਹੈ ਪਰ ਕਹਾਣੀ ਇਸ ਦੇ ਉਲਟ ਹੀ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਲੋਕ ਇਨ੍ਹਾਂ ਤੋਂ ਕਾਫੀ ਪਰੇਸ਼ਾਨ ਹਨ। ਸਥਾਨਕ ਨਕੋਦਰ ਰੋਡ ’ਤੇ ਸਥਿਤ ਦਿਓਲ ਨਗਰ, ਨਿਊ ਦਿਓਲ ਨਗਰ ਤੇ ਇਸ ਦੇ ਨਾਲ ਲੱਗਦੇ ਇਲਾਕੇ ਜੋ ਕਿ ਵਾਰਡ ਨੰਬਰ 40 ’ਚ ਆਉਂਦੇ ਹਨ, ਦੇ ਵਸਨੀਕਾਂ ਸਤੀਸ਼ ਕੁਮਾਰ, ਵਿਜੇ ਕੁਮਾਰ, ਭਲਵਿੰਦਰ ਸਿੰਘ ਧਨੌਲਾ, ਰਾਜੇਸ਼ ਕੁਮਾਰ, ਆਸ਼ਾ ਕੁਮਾਰੀ, ਸੁਸ਼ਮਾ ਰਾਣੀ, ਸੰਗੀਤਾ ਰਾਣੀ ਸੋਨੀ ਤੇ ਹੋਰਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕਿਆਂ ’ਚ ਲਗਾਤਾਰ ਆਵਾਰਾ ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਦੇ ਡਰ ਤੋਂ ਉਨ੍ਹਾਂ ਨੇ ਸੈਰ ਕਰਨੀ ਵੀ ਛੱਡ ਦਿੱਤੀ ਹੈ। ਸ਼ਰਮਾ ਜੋ ਕਿ ਨਿਊ ਦਿਓਲ ਨਗਰ ਦੇ ਇਲਾਕੇ ਦੇ ਵਸਨੀਕ ਹਨ ਤੇ ਸਾਈਕਲ ਚਲਾਉਣ ਦਾ ਸ਼ੌਕ ਰੱਖਦੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗਲੀ ’ਚ ਪਹਿਲਾਂ ਸਿਰਫ਼ 3-4 ਹੀ ਆਵਾਰਾ ਕੁੱਤੇ ਸਨ ਪਰ ਹੁਣ ਉਨ੍ਹਾਂ ਦੀ ਗਿਣਤੀ 15-20 ਦੇ ਕਰੀਬ ਹੋ ਗਈ ਹੈ ਤੇ ਆਏ ਦਿਨ ਇਹ ਆਵਾਰਾ ਕੁੱਤੇ ਕਿਸੇ ਨੂੰ ਕਿਸੇ ਵਿਅਕਤੀ ਜਾਂ ਬੱਚੇ ਨੂੰ ਵੱਢ ਕੇ ਸ਼ਿਕਾਰ ਬਣਾ ਰਹੇ ਹਨ ਤੇ ਇਸੇ ਡਰ ਤੋਂ ਹੁਣ ਉਹ ਸਾਈਕਲ ਲੈ ਕੇ ਘਰ ਤੋਂ ਬਾਹਰ ਜਾਣ ਤੋਂ ਗੁਰੇਜ਼ ਕਰਦੇ ਹਨ ਤੇ ਉਨ੍ਹਾਂ ਦੇ ਨਾਲ ਜੋ ਵੀ ਸਾਥੀ ਸਾਈਕਲ ਚਲਾਉਦੇ ਸਨ, ਉਹ ਵੀ ਡਰ ਨਾਲ ਸਾਈਕਲ ਚਲਾਉਣ ਦਾ ਸ਼ੌਕ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਕਿਆਂ ’ਚ ਆਵਾਰਾ ਕੁੱਤਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਅੱਜ ਦਿਓਲ ਨਗਰ ਦੇ ਛੋਟੇ ਪਾਰਕ ’ਚ ਆਵਾਰਾ ਕੁੱਤੇ ਬੈਠੇ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਸਵੇਰੇ ਸਵੇਰੇ ਪੈਦਲ ਮੰਦਰ ਜਾਂ ਗੁਰਦੁਆਰਾ ਸਾਹਿਬ ਜਾਂਦੇ ਸਨ ਪਰ ਹੁਣ ਆਵਾਰਾ ਕੁੱਤਿਆਂ ਦੇ ਡਰ ਤੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਦੁਪਹਿਆ ਵਾਹਨ ’ਤੇ ਹੀ ਜਾਂਦੇ ਹਨ। ਇਹੋ ਨਹੀਂ ਲੋਕ ਆਵਾਰਾ ਕੁੱਤਿਆਂ ਦੇ ਡਰ ਤੋਂ ਹੁਣ ਸਟਿੱਕ, ਹਾਕੀ, ਬੈਟ ਜਾਂ ਹੋਰ ਸੋਟੀਆਂ ਲੈ ਕੇ ਹੀ ਪੈਦਲ ਜਾਂਦੇ ਵੇਖੇ ਜਾ ਸਕਦੇ ਹਨ। ਇਨ੍ਹਾਂ ਇਲਾਕਿਆਂ ਦੇ ਲੋਕਾਂ ਨੇ ਨਿਗਮ ਨੂੰ ਕੋਸਦੇ ਹੋਏ ਕਿਹਾ ਕਿ ਆਵਾਰਾ ਕੁੱਤਿਆਂ ਦੇ ਡਰ ਤੋਂ ਵੱਡੀ ਗਿਣਤੀ ’ਚ ਇਲਾਕੇ ਦੇ ਲੋਕ ਸੈਰ ਅਤੇ ਸਾਈਕਲ ਚਲਾਉਣਾ ਛੱਡ ਗਏ ਹਨ ਤੇ ਆਪਣੇ ਘਰ ਦੀਆਂ ਛੱਤਾਂ ’ਤੇ ਹੀ ਸੈਰ ਕਰਨਾ ਚੰਗਾ ਸਮਝਦੇ ਹਨ। ਲੋਕਾਂ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਤੇ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਵਾਲੇ ਪਾਸੇ ਕੋਈ ਉਪਰਾਲਾ ਕੀਤਾ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਦਾ ਆਵਾਰਾ ਕੁੱਤਿਆਂ ਤੋਂ ਡਰ ਖ਼ਤਮ ਹੋ ਸਕੇ।