ਸੁਬਾਈ ਕਨਵੈਂਸ਼ਨ ਦਾ ਹਿੱਸਾ ਬਣਨਗੇ ਪੈਨਸ਼ਨਰਜ਼: ਗਗੜਾ
ਸਾਂਝਾ ਫਰੰਟ ਦੀ ਸੁਬਾਈ ਕਨਵੈਂਸ਼ਨ ਵਿੱਚ ਪੈਨਸ਼ਨਰ ਵੱਡੀ ਗਿਣਤੀ ਵਿੱਚ ਪਹੁੰਚਣਗੇ : ਗਗੜਾ
Publish Date: Mon, 11 May 2026 08:27 PM (IST)
Updated Date: Mon, 11 May 2026 08:30 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਗੌਰਮੈਂਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਸੁਰਜੀਤ ਸਿੰਘ ਗਗੜਾ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਦਫ਼ਤਰ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਖੁੰਗਰ ਸਮੇਤ ਹਰਨੇਕ ਸਿੰਘ, ਰਜਿੰਦਰ ਸਿੰਘ, ਮੁਰਾਰੀ ਲਾਲ ਸ਼ਰਮਾ, ਨਵਤੇਜ ਸਿੰਘ, ਅਜਮੇਰ ਸਿੰਘ, ਕਰਮ ਸਿੰਘ, ਮੁਖਤਿਆਰ ਸਿੰਘ, ਮਹਿੰਦਰ ਪਾਲ ਸਬਰਵਾਲ, ਹਰਜੀਤ ਸਿੰਘ, ਹਰਦੇਵ ਸਿੰਘ ਤੂਰ, ਜਗੀਰ ਸਿੰਘ, ਬਲਦੇਵ ਸਿੰਘ ਭੰਗੂ, ਸੁਖਵਿੰਦਰ ਸਿੰਘ ਅਤੇ ਹੋਰ ਸੂਬਾਈ ਆਗੂ ਹਾਜ਼ਰ ਸਨ। ਮੀਟਿੰਗ ਦੌਰਾਨ ਸਾਂਝਾ ਫਰੰਟ ਵੱਲੋਂ 17 ਮਈ ਨੂੰ ਜਲੰਧਰ ਵਿੱਚ ਕੀਤੀ ਜਾ ਰਹੀ ਸੂਬਾਈ ਕਨਵੈਂਸ਼ਨ ਵਿੱਚ ਵੱਡੇ ਪੱਧਰ ’ਤੇ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲ੍ਹਾ ਵਾਰ ਕੋਟੇ ਨਿਰਧਾਰਤ ਕੀਤੇ ਗਏ। ਆਗੂਆਂ ਨੇ ਕਿਹਾ ਕਿ ਪੈਨਸ਼ਨਰ ਆਪਣੇ ਹੱਕਾਂ ਲਈ ਆਜ਼ਾਦਾਨਾ ਸੰਘਰਸ਼ ਵੀ ਨਾਲੋਂ-ਨਾਲ ਜਾਰੀ ਰੱਖਣਗੇ। ਮੀਟਿੰਗ ’ਚ ਕੁਰੂਕਸ਼ੇਤਰ ਵਿਖੇ ਹੋਈ ਆਲ ਇੰਡੀਆ ਕਾਨਫਰੰਸ, ਚੰਡੀਗੜ੍ਹ ਰੈਲੀ ਅਤੇ ਨਾਰਥ ਜ਼ੋਨ ਸੈਮੀਨਾਰ ਦੇ ਕਾਰਜਾਂ ਦਾ ਵੀ ਜਾਇਜ਼ਾ ਲਿਆ ਗਿਆ। ਇਸ ਦੌਰਾਨ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੀ ਹੜਤਾਲ ਦਾ ਪੁਰਜ਼ੋਰ ਸਮਰਥਨ ਕੀਤਾ ਗਿਆ। ਯੂਨੀਅਨ ਦੀ ਰਜਿਸਟ੍ਰੇਸ਼ਨ ਕਰਵਾਉਣ ਦਾ ਫੈਸਲਾ ਵੀ ਮੀਟਿੰਗ ਵਿੱਚ ਲਿਆ ਗਿਆ। ਆਗੂਆਂ ਨੇ ਮਤਾ ਪਾਸ ਕਰਕੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ 18 ਫੀਸਦੀ ਡੀਏ ਅਤੇ ਪਿਛਲੇ ਬਕਾਏ ਜਾਰੀ ਨਹੀਂ ਕੀਤੇ ਜਾ ਰਹੇ। ਇਸ ਤੋਂ ਇਲਾਵਾ ਛੇਵੇਂ ਤਨਖਾਹ ਕਮਿਸ਼ਨ ਦੇ ਰੀਵਿਜ਼ਨ ਦੇ ਬਕਾਏ ਨਾ ਦੇਣ ’ਤੇ ਵੀ ਰੋਸ ਪ੍ਰਗਟਾਇਆ ਗਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਸਿੰਗਲ ਬੈਂਚ ਵੱਲੋਂ ਦਿੱਤੇ ਫ਼ੈਸਲੇ ਖਿਲਾਫ਼ ਚੀਫ਼ ਸੈਕਟਰੀ ਵੱਲੋਂ ਡਬਲ ਬੈਂਚ ਵਿੱਚ ਕੇਸ ਕਰਨਾ ਨਿੰਦਨਯੋਗ ਹੈ। ਸੂਬਾ ਪ੍ਰਧਾਨ ਸੁਰਜੀਤ ਸਿੰਘ ਗਗੜਾ ਨੇ ਸਾਰੇ ਆਗੂਆਂ ਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ 17 ਮਈ ਦੀ ਸੂਬਾਈ ਕਨਵੈਂਸ਼ਨ ’ਚ ਨਿਰਧਾਰਤ ਕੋਟਿਆਂ ਮੁਤਾਬਕ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਜਾਵੇ।