ਪੀਸੀਆਰ ਟੀਮ ਨੇ ਚੋਰੀ ਦਾ ਆਟੋ-ਰਿਕਸ਼ਾ ਕੀਤਾ ਬਰਾਮਦ
ਪੀਸੀਆਰ ਟੀਮ ਨੇ ਪਿੱਛਾ ਕਰਕੇ ਚੋਰੀ ਹੋਏ ਆਟੋ-ਰਿਕਸ਼ਾ ਨੂੰ ਕੀਤਾ ਬਰਾਮਦ
Publish Date: Wed, 29 Apr 2026 10:53 PM (IST)
Updated Date: Wed, 29 Apr 2026 10:55 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੀਸੀਆਰ ਟੀਮ ਨੇ ਇਕ ਚੋਰੀ ਹੋਏ ਆਟੋ-ਰਿਕਸ਼ਾ ਨੂੰ ਪਿੱਛਾ ਕਰ ਕੇ ਜ਼ਬਤ ਕਰ ਲਿਆ ਤੇ ਥਾਣਾ ਨੰਬਰ 8 ਦੀ ਪੁਲਿਸ ਨੂੰ ਸੌਂਪ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਸੀਆਰ ਯੂਨਿਟ 16 ਦੇ ਏਐੱਸਆਈ ਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਰਕਾਰੀ ਗੱਡੀ ’ਚ ਤੇਲ ਪੁਆ ਕੇ ਆਪਣੇ ਗਸ਼ਤ ਖੇਤਰ ’ਚ ਵਾਪਸ ਆ ਰਿਹਾ ਸੀ ਜਦੋਂ ਉਸਨੇ ਇੱਕ ਸ਼ੱਕੀ ਆਟੋ-ਰਿਕਸ਼ਾ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ। ਰੁਕਣ ਦੀ ਬਜਾਏ ਡਰਾਈਵਰ ਤੇਜ਼ ਰਫ਼ਤਾਰ ਨਾਲ ਭੱਜ ਗਿਆ। ਜਦੋਂ ਪੀਸੀਆਰ ਯੂਨਿਟ 2 ਦੇ ਨਾਲ ਟੀਮ ਨੇ ਪਿੱਛਾ ਕੀਤਾ ਤਾਂ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ। ਜਾਂਚ ਕਰਨ ਤੇ ਪੁਲਿਸ ਨੂੰ ਪਤਾ ਲੱਗਾ ਕਿ ਆਟੋ-ਰਿਕਸ਼ਾ ਥਾਣਾ ਨੰਬਰ 2 ਦੇ ਅਧਿਕਾਰ ਖੇਤਰ ਤੋਂ ਚੋਰੀ ਹੋਇਆ ਸੀ, ਜਿੱਥੇ ਚੋਰੀ ਦੀ ਸ਼ਿਕਾਇਤ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਸੀ। ਪੀਸੀਆਰ ਟੀਮਾਂ ਨੇ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਇਸ ਨੂੰ ਡਿਵੀਜ਼ਨ ਨੰਬਰ 8 ਪੁਲਿਸ ਨੂੰ ਸੌਂਪ ਦਿੱਤਾ ਹੈ। ਪੁਲਿਸ ਨੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।