ਹੱਥੋਪਾਈ ਦੇ ਦੋਸ਼ਾਂ 'ਚ ਘਿਰੇ ਪੀਸੀਆਰ ਮੁਲਾਜ਼ਮ
-ਬਿਨਾਂ ਪਰਚੀ ਬਾਈਕ ਲੈ
Publish Date: Thu, 14 May 2026 09:23 PM (IST)
Updated Date: Thu, 14 May 2026 09:24 PM (IST)
-ਬਿਨਾਂ ਪਰਚੀ ਬਾਈਕ ਲੈ ਜਾਣ ਦਾ ਦੋਸ਼, ਥਾਣੇ ਤੇ ਪੁਲਿਸ ਲਾਈਨ ਦੇ ਚੱਕਰ ਲਾਉਂਦਾ ਰਿਹਾ ਨੌਜਵਾਨ
ਜਾਸ, ਜਲੰਧਰ : ਜਲੰਧਰ ਦੇ ਮਿੱਠਾਪੁਰ ਰੋਡ ’ਤੇ ਪੀਸੀਆਰ ਮੁਲਾਜ਼ਮਾਂ ਵੱਲੋਂ ਇਕ ਨੌਜਵਾਨ ਦੀ ਬਾਈਕ ਇੰਪਾਊਂਡ ਕਰਨ ਨੂੰ ਲੈ ਕੇ ਵਿਵਾਦ ਹੋਇਆ, ਜਿਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ’ਚ ਇਕ ਪੀਸੀਆਰ ਮੁਲਾਜ਼ਮ ਨੌਜਵਾਨ ਨਾਲ ਧੱਕਾ-ਮੁੱਕੀ ਕਰਦਾ ਤੇ ਉਸ ਦੀ ਬਾਂਹ ਫੜ ਕੇ ਮੋੜਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਮੌਕੇ 'ਤੇ ਮੌਜੂਦ ਹੋਰ ਨੌਜਵਾਨਾਂ ਨੇ ਪੁਲਿਸ ਮੁਲਾਜ਼ਮ ਦਾ ਵਿਰੋਧ ਕਰਦਿਆਂ ਉਸ ’ਤੇ ਹੱਥਾਪਾਈ ਕਰਨ ਦੇ ਦੋਸ਼ ਲਾਏ। ਨੌਜਵਾਨਾਂ ਦਾ ਦੋਸ਼ ਹੈ ਕਿ ਪੀਸੀਆਰ ਮੁਲਾਜ਼ਮਾਂ ਨੇ ਨੌਜਵਾਨ ਦੀ ਬਾਈਕ ਕਬਜ਼ੇ ਵਿਚ ਲੈ ਲਈ ਪਰ ਬਾਈਕ ਇੰਪਾਊਂਡ ਕਰਨ ਦੀ ਕੋਈ ਪਰਚੀ ਜਾਂ ਦਸਤਾਵੇਜ਼ ਨਹੀਂ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਥਾਣਾ ਨੰਬਰ 7 ’ਚ ਆ ਕੇ ਬਾਈਕ ਲੈ ਜਾਣ। ਇਸ ਤੋਂ ਬਾਅਦ ਨੌਜਵਾਨ ਰਾਤ ਵੇਲੇ ਥਾਣਾ ਨੰਬਰ 7 ਪਹੁੰਚੇ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਬਾਈਕ ਥਾਣੇ ਵਿਚ ਮੌਜੂਦ ਨਹੀਂ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਬਾਈਕ ਦੀ ਭਾਲ ’ਚ ਉਹ ਪੁਲਿਸ ਲਾਈਨ ਤੱਕ ਪੁੱਜੇ ਪਰ ਉਥੇ ਵੀ ਬਾਈਕ ਦਾ ਕੋਈ ਪਤਾ ਨਹੀਂ ਲੱਗਾ। ਦੂਜੇ ਪਾਸੇ, ਥਾਣਾ ਨੰਬਰ 7 ਦੇ ਇੰਚਾਰਜ ਰਮੇਸ਼ ਕੁਮਾਰ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।