ਟੀਨੂੰ ਵੱਲੋਂ ਕਮਿਊਨਟੀ ਸੈਂਟਰ ਬਣਾਉਣ ਲਈ 1 ਕਰੋੜ ਦੇਣ ਦਾ ਐਲਾਨ
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ,
Publish Date: Sat, 25 Apr 2026 06:46 PM (IST)
Updated Date: Sun, 26 Apr 2026 04:13 AM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭੋਗਪੁਰ ਦੇ ਵਾਰਡ ਨੰਬਰ 1 ’ਚ ਕਮਿਊਨਿਟੀ ਸੈਂਟਰ ਬਣਾਉਣ ਦੀ ਮੰਗ ਲਈ ਸ਼ਹਿਰ ਵਾਸੀਆਂ ਨੇ ਸਮਾਗਮ ਰੱਖਿਆ ਜਿਸ ਵਿੱਚ ਵਿਧਾਨ ਸਭਾ ਹਲਕਾ ਆਦਮਪੁਰ ਦੇ ਇੰਚਾਰਜ ਤੇ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਰਾਜ ਕੁਮਾਰ ਰਾਜਾ,ਵਾਇਸ ਪ੍ਰਧਾਨ ਡਾਕਟਰ ਕਮਲ ਸਿੰਘ, ਸੰਗਠਨ ਇੰਚਾਰਜ ਪਰਮਜੀਤ ਕੁਮਾਰ ਪੰਮਾ, ਹਰਨਾਮ ਸਿੰਘ ਮਿਨਹਾਸ ਲੰਬੜਦਾਰ, ਕੌਂਸਲਰ ਸੁਖਦੇਵ ਰਾਜ, ਬਲਵਿੰਦਰ ਭੰਡਾਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਦਿਆਲ ਸਿੰਘ ਜੱਸ ਤੇ ਬੂਟਾ ਸਿੰਘ ਟੀਟੂ, ਕੌਂਸਲਰ ਰਣਜੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਭੋਗਪੁਰ ਦੇ ਸਰਬਪੱਖੀ ਵਿਕਾਸ ਲਈ ਵੱਧ ਤੋਂ ਵੱਧ ਸਰਕਾਰੀ ਗ੍ਰਾਂਟ ਦਿੱਤੀ ਜਾਵੇ। ਖਾਸ ਕਰ ਕੇ ਵਾਰਡ ਨੰਬਰ 1 ਵਿੱਚ ਕਮਿਊਨਟੀ ਹਾਲ ਬਣਾਇਆ ਜਾਵੇ। ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਨੇ ਕਿਹਾ ਕਿ ਕੌਂਸਲ ਕਮਿਊਨਿਟੀ ਸੈਂਟਰ ਬਣਾਉਣ ਲਈ ਜ਼ਮੀਨ ਮੁਹੱਈਆ ਕਰਾ ਕੇ ਇਹ ਮੰਗ ਛੇਤੀ ਹੀ ਪੂਰੀ ਕੀਤੀ ਜਾਵੇਗੀ। ਚੇਅਰਮੈਨ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਜਦੋਂ ਕੌਂਸਲ ਕਮਿਊਨਿਟੀ ਸੈਂਟਰ ਲਈ ਜ਼ਮੀਨ ਮੁਹਈਆ ਕਰਵਾਏਗੀ ਤਾਂ ਇਮਾਰਤ ਬਣਾਉਣ ਲਈ ਇੱਕ ਕਰੋੜ ਰੁਪਏ ਦੇਵੇਗੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਤੇ ਅਕਾਲੀ-ਭਾਜਪਾ ਸਰਕਾਰਾਂ ਨੇ ਆਮ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਕੁਝ ਨਹੀਂ ਕੀਤਾ ਸੀ, ਜਦੋਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਜਲੀ ਦੇ ਬਿੱਲ ਮੁਆਫ਼ ਕਰ ਕੇ, 10 ਲੱਖ ਰੁਪਏ ਦਾ ਬੀਮਾ ਕਰਨਾ, ਔਰਤਾਂ ਲਈ 1000 ਤੇ 1500 ਰੁਪਏ ਪ੍ਰਤੀ ਮਹੀਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਵਾਲਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਾ ਬਿੱਲ ਪਾਸ ਕਰ ਕੇ ਹਰਮਨ ਪਿਆਰਤਾ ਖੱਟ ਲਈ ਹੈ। ਇਸ ਮੌਕੇ ਸ਼ਹਿਰ ਵਾਸੀਆਂ ਨੇ ਸ਼ਹਿਰ ਦੀਆਂ ਮੰਗਾਂ ਬਾਰੇ ਟੀਨੂੰ ਨੂੰ ਮੰਗ ਪੱਤਰ ਦਿੱਤਾ।