ਜਾਸ, ਜਲੰਧਰ : ਸਿਵਲ

ਜਾਸ, ਜਲੰਧਰ : ਸਿਵਲ ਹਸਪਤਾਲ ਦੇ ਟ੍ਰੋਮਾ ਸੈਂਟਰ ’ਚ ਇਕ ਮਰੀਜ਼ ਦੀ ਮੌਤ ਮਗਰੋਂ ਉਸ ਦੇ ਪਰਿਵਾਰ ਨੇ ਹੰਗਾਮਾ ਕੀਤਾ। ਪਰਿਵਾਰ ਨੇ ਦਾਅਵਾ ਕੀਤਾ ਕਿ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਕਾਰਨ ਮਰੀਜ਼ ਦੀ ਮੌਤ ਹੋਈ। ਹਾਲਾਂਕਿ, ਹਸਪਤਾਲ ਪ੍ਰਸ਼ਾਸਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ।
ਨੰਦਨਪੁਰ ਦੀ ਰਹਿਣ ਵਾਲੀ ਅਨੀਤਾ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ 71 ਸਾਲ ਦੇ ਨਾਨੂ ਵਾਸੀ ਕਬੀਰ ਨਗਰ, ਨੂੰ 14 ਮਈ ਨੂੰ ਛਾਤੀ ’ਚ ਇੰਫੈਕਸ਼ਨ ਕਾਰਨ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਸੀ। ਉਨ੍ਹਾਂ ਦੀ ਹਾਲਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਅੰਜਲੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਨਾ ਜੀ ਦੀ ਦੇਖਭਾਲ ਲਈ ਨਰਸਾਂ ਮੌਕੇ 'ਤੇ ਮੌਜੂਦ ਨਹੀਂ ਰਹਿੰਦੀਆਂ ਤੇ ਨਰਸਿੰਗ ਵਿਦਿਆਰਥੀਆਂ ਦੇ ਸਹਾਰੇ ਕੰਮ ਚੱਲਦਾ ਸੀ। ਉਹ ਖ਼ੁਦ ਨਰਸ ਹੈ ਅਤੇ ਕੈਨੂਲਾ ਲਾਉਂਦੀ ਸੀ ਤੇ ਸੱਕਸ਼ਨ ਕਰਦੀ ਸੀ। ਸੋਮਵਾਰ ਦੁਪਹਿਰ ਤਕਰੀਬਨ ਤਿੰਨ ਵਜੇ ਜਦੋਂ ਉਹ ਹਸਪਤਾਲ ਪੁੱਜੀ ਤਾਂ ਵੈਂਟੀਲੇਟਰ 'ਤੇ ਸਿੱਧੀ ਲਾਈਨ ਚੱਲ ਰਹੀ ਸੀ ਪਰ ਉਥੇ ਦੇਖਣ ਵਾਲਾ ਕੋਈ ਨਹੀਂ ਸੀ। ਉਨ੍ਹਾਂ ਨੇ ਵੀਡੀਓ ਕਾਲ ਕਰਕੇ ਸੀਐੱਮਸੀ ਲੁਧਿਆਣਾ ’ਚ ਕੰਮ ਕਰ ਰਹੇ ਆਪਣੇ ਰਿਸ਼ਤੇਦਾਰ ਡਾਕਟਰ ਨੂੰ ਦਿਖਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਮੌਕੇ 'ਤੇ ਸਟਾਫ ਵੀ ਮੌਜੂਦ ਨਹੀਂ ਸੀ। ਮਾਮਲੇ ਦੇ ਵਿਰੋਧ ਕਰਨ 'ਤੇ ਸਟਾਫ, ਸੁਰੱਖਿਆ ਮੁਲਾਜ਼ਮ ਤੇ ਪੁਲਿਸ ਪ੍ਰਸ਼ਾਸਨ ਪੁੱਜਾ। ਇਸ ਤੋਂ ਬਾਅਦ ਤਕਰੀਬਨ ਚਾਰ ਵਜੇ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਲਾਹਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮਰੀਜ਼ ਕਦੋਂ ਮਰ ਗਿਆ, ਇਸ ਬਾਰੇ ਸਟਾਫ ਨੂੰ ਵੀ ਪਤਾ ਨਹੀਂ ਸੀ ਤੇ ਲਾਸ਼ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਮੌਕੇ 'ਤੇ ਪੁੱਜੀ ਸਿਵਲ ਹਸਪਤਾਲ ਦੀ ਐੱਸਐੱਮਓ ਡਾ. ਪ੍ਰਿਆ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਮਰੀਜ਼ ਦੀ ਹਾਲਤ ਬਾਰੇ ਪਹਿਲਾਂ ਹੀ ਪਰਿਵਾਰ ਨੂੰ ਪੂਰੀ ਜਾਣਕਾਰੀ ਦਿੱਤੀ ਜਾ ਚੁੱਕੀ ਸੀ। ਮੌਕੇ 'ਤੇ ਤਾਇਨਾਤ ਸਟਾਫ ਨਰਸ ਹੇਠਾਂ ਸਟੋਰ ’ਚ ਦਵਾਈਆਂ ਅਤੇ ਸਾਮਾਨ ਲੈਣ ਲਈ ਗਈ ਸੀ, ਹਾਲਾਂਕਿ ਮੌਕੇ ’ਤੇ ਡਾਕਟਰ ਮੌਜੂਦ ਸੀ। ਇਸ ਤੋਂ ਪਹਿਲਾਂ ਦਿਨ ਵਿਚ ਦੋ ਵਾਰੀ ਮਰੀਜ਼ ਦੀ ਫਾਈਲ ਮੰਗਵਾ ਕੇ ਉਸ ਦਾ ਹਾਲ ਜਾਣਿਆ ਗਿਆ ਸੀ। 2:30 ਵਜੇ ਦੇ ਕਰੀਬ ਮੌਕੇ 'ਤੇ ਤਾਇਨਾਤ ਸਟਾਫ ਨੇ ਮਰੀਜ਼ ਦੀ ਹਾਲਤ ਗੰਭੀਰ ਦੱਸੀ ਸੀ।
---
ਆਈਸੀਯੂ ਦੇ ਹਾਲਾਤ ਜਨਰਲ ਵਾਰਡ ਤੋਂ ਵੀ ਜ਼ਿਆਦਾ ਖਰਾਬ
ਸਿਵਲ ਹਸਪਤਾਲ ਦੇ ਟ੍ਰੋਮਾ ਵਾਰਡ ’ਚ ਬਣੇ ਆਈਸੀਯੂ ਦੇ ਹਾਲਾਤ ਜਨਰਲ ਵਾਰਡ ਤੋਂ ਵੀ ਜ਼ਿਆਦਾ ਖਰਾਬ ਹੈ। ਸਟਾਫ ਤੇ ਸੁਰੱਖਿਆ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਨ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ, ਪੁਲਿਸ ਮੁਲਾਜ਼ਮ, ਹਸਪਤਾਲ ਦੇ ਸੁਰੱਖਿਆ ਮੁਲਾਜ਼ਮ ਤੇ ਸਟਾਫ ਦੇ ਮੈਂਬਰ ਜੁੱਤੀਆਂ ਪਾ ਕੇ ਅੰਦਰ ਪੁੱਜ ਜਾਂਦੇ ਹਨ। ਇਸ ਦੇ ਨਾਲ ਹੀ ਆਈਸੀਯੂ ’ਚ ਭੀੜ ਜਨਰਲ ਵਾਰਡ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਇਸ ਨਾਲ ਮਰੀਜ਼ ਨੂੰ ਬੇਆਰਾਮੀ ਹੋਣ ਦੇ ਨਾਲ-ਨਾਲ ਉਸ ਨੂੰ ਇੰਫੈਕਸ਼ਨ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸ ਤੋਂ ਇਲਾਵਾ, ਆਈਸੀਯੂ ’ਚ ਆਉਣ ਵਾਲੇ ਲੋਕਾਂ ਨੂੰ ਵੀ ਇੰਫੈਕਸ਼ਨ ਦਾ ਪੂਰਾ ਖ਼ਤਰਾ ਹੁੰਦਾ ਹੈ। ਹਾਲਾਂਕਿ ਸਟਾਫ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਬਹੁਤ ਹੀ ਘੱਟ ਕੀਤੀ ਜਾਂਦੀ ਹੈ। ਹਸਪਤਾਲ ਦੀ ਐੱਸਐੱਮਓ ਡਾ. ਪ੍ਰਿਆ ਦਾ ਕਹਿਣਾ ਹੈ ਕਿ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਮਨਮਾਨੀ ਕਰਦੇ ਹਨ ਤੇ ਸਟਾਫ ਵੱਲੋਂ ਰੋਕਣ ਦੇ ਬਾਵਜੂਦ ਅੰਦਰ ਦਾਖਲ ਹੋ ਜਾਂਦੇ ਹਨ।