ਪਠਾਨਕੋਟ ਚੌਕ ਦੀ ਸਰਕਸ ਗਰਾਊਂਡ 'ਚ ਲੱਗੇਗੀ ਪਟਾਕਾ ਮਾਰਕੀਟ
ਜਾਸ, ਜਲੰਧਰ :ਤਿਉਹਾਰਾਂ ਦੇ
Publish Date: Mon, 06 Oct 2025 09:51 PM (IST)
Updated Date: Mon, 06 Oct 2025 09:52 PM (IST)

ਜਾਸ, ਜਲੰਧਰ : ਤਿਉਹਾਰਾਂ ਦੇ ਮੱਦੇਜ਼ਨਰ ਪਟਾਕਿਆਂ ਲਈ ਆਖਰਕਾਰ ਥਾਂ ਦੀ ਚੋਣ ਹੋ ਗਈ ਹੈ। ਹੁਣ 8 ਅਕਤੂਬਰ ਨੂੰ ਵਿਕ੍ਰੇਤਾਵਾਂ ਦੇ ਲਾਇਸੈਂਸ ਡਰਾਅ ਰਾਹੀਂ ਕੱਢੇ ਜਾਣਗੇ। ਪਠਾਨਕੋਟ ਚੌਕ ਨੇੜੇ ਸਥਿਤ ਸਰਕਸ ਗਰਾਊਂਡ ਚ ਇਸ ਵਾਰ ਪਟਾਕਾ ਮਾਰਕੀਟ ਲੱਗੇਗੀ। ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਮਗਰੋਂ ਨਗਰ ਨਿਗਮ ਨੂੰ ਪ੍ਰਬੰਧ ਕਰਨ ਲਈ ਕਿਹਾ ਜਾ ਰਿਹਾ ਹੈ। ਪਟਾਕਾ ਮਾਰਕੀਟ ਲਈ ਨਵੇਂ ਨਿਯਮਾਂ ਦੇ ਮੱਦੇਨਜ਼ਰ ਇਸ ਥਾਂ ਦੀ ਚੋਣ ਕੀਤੀ ਗਈ ਹੈ। ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਐੱਨਓਸੀ ਤੋਂ ਬਾਅਦ ਨਗਰ ਨਿਗਮ ਉੱਥੇ ਢੁੱਕਵੇਂ ਪ੍ਰਬੰਧ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਨੇ ਬੇਅੰਤ ਸਿੰਘ ਪਾਰਕ ਨੂੰ ਐੱਨਓਸੀ ਜਾਰੀ ਕੀਤੀ ਸੀ ਪਰ ਸੁਰੱਖਿਆ ਪ੍ਰਬੰਧਾਂ ਦੇ ਹਵਾਲੇ ਨਾਲ ਪੁਲਿਸ ਅਧਿਕਾਰੀਆਂ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਜਲੰਧਰ ਵਿਚ ਪਟਾਕਾ ਮਾਰਕੀਟ ਲਈ ਇਕ ਤੋਂ ਵੱਧ ਥਾਵਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵੇਲੇ ਲਾਇਲਪੁਰ ਖਾਲਸਾ ਕਾਲਜ ਤੇ ਲੰਮਾ ਪਿੰਡ ਚੌਕ ਦੀ ਘਾਹ ਮੰਡੀ ਦੀ ਥਾਂ ਤੇ ਵੀ ਵਿਚਾਰ ਚੱਲ ਰਿਹਾ ਹੈ। ਪਟਾਕਾ ਵਪਾਰੀ ਅਮਿਤ ਭਾਟੀਆ ਨੇ ਕਿਹਾ ਕਿ ਇਸ ਵਾਰ ਥਾਂ ਦੀ ਚੋਣ ’ਚ ਦੇਰੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਜਲੰਧਰ ਵਿਚ ਇਕ ਤੋਂ ਵੱਧ ਥਾਵਾਂ ਤੇ ਪਟਾਖਾ ਮਾਰਕੀਟ ਲਾਉਣ ਲਈ ਐੱਨਓਸੀ ਦੇਣੀ ਚਾਹੀਦੀ ਹੈ ਤਾਂ ਜੋ ਗਾਹਕ ਸਹੂਲਤ ਮੁਤਾਬਕ ਖਰੀਦਦਾਰੀ ਕਰ ਸਕੇ। ਦੂਜੇ ਪਾਸੇ ਏਡੀਸੀ (ਜ) ਅਮਨਿੰਦਰ ਕੌਰ ਨੇ ਕਿਹਾ ਕਿ ਥਾਂ ਦੀ ਚੋਣ ਹੋ ਚੁੱਕੀ ਹੈ, ਪੁਲਿਸ ਨੇ ਵੀ ਐੱਨਓਸੀ ਦਿੱਤੀ ਹੈ। ਫਿਲਹਾਲ ਇੱਥੇ ਹੀ ਪਟਾਕਾ ਮਾਰਕੀਟ ਲੱਗੇਗੀ। ਸੁਰੱਖਿਆ ਪ੍ਰਬੰਧਾਂ ਲਈ ਨਗਰ ਨਿਗਮ ਨੂੰ ਲਿਖਿਆ ਗਿਆ ਹੈ, ਜਿੱਥੇ ਨਿਯਮਾਂ ਦਾ ਪਾਲਣ ਕਰਦਿਆਂ ਕਿਸੇ ਵੀ ਹਾਦਸੇ ਨਾਲ ਸਿੱਝਣ ਦੇ ਪ੍ਰਬੰਧ ਹੋਣਗੇ। ਪਟਾਕਾ ਵਪਾਰੀਆਂ ਦੀ ਮੰਗ ਮੁਤਾਬਕ ਥਾਂ ਦੀ ਚੋਣ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਅਤ ਤੇ ਪ੍ਰਦੂਸ਼ਣ-ਮੁਕਤ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਹੈ।