ਯਾਤਰੀਆਂ ਦੀ ਸੰਤੁਸ਼ਟੀ ਸਾਡਾ ਮੁੱਖ ਮਕਸਦ : ਨਿਰਾਲਾ
ਆਦਮਪੁਰ ਹਵਾਈ ਅੱਡੇ 'ਤੇ 'ਯਾਤਰੀ ਸੇਵਾ ਦਿਵਸ' ਮਨਾਇਆ
Publish Date: Wed, 17 Sep 2025 08:23 PM (IST)
Updated Date: Thu, 18 Sep 2025 04:03 AM (IST)

ਆਦਮਪੁਰ ਹਵਾਈ ਅੱਡੇ ਤੇ ਯਾਤਰੀ ਸੇਵਾ ਦਿਵਸ ਮਨਾਇਆ ਨੀਰਜ ਸਹੋਤਾ, ਪੰਜਾਬੀ ਜਾਗਰਣ, ਆਦਮਪੁਰ : ਸਿਵਲ ਹਵਾਈ ਅੱਡੇ ਤੇ ਯਾਤਰੀ ਸੇਵਾ ਦਿਵਸ ਮਨਾਇਆ ਗਿਆ। ਹਵਾਈ ਅੱਡੇ ਦੇ ਡਾਇਰੈਕਟਰ, ਪੁਸ਼ਪਿੰਦਰ ਨਿਰਾਲਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯਾਤਰੀਆਂ ਦੀ ਸੰਤੁਸ਼ਟੀ ਸਾਡਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਅਸੀਂ ਯਾਤਰੀਆਂ ਲਈ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਯਕੀਨੀ ਬਣਾਉਣ ਲਈ ਲਗਾਤਾਰ ਯਤਨਸ਼ੀਲ ਹਾਂ। ਇਸ ਵਿਸ਼ੇਸ਼ ਦਿਵਸ ਨੂੰ ਹੋਰ ਖਾਸ ਬਣਾਉਣ ਲਈ ਕਈ ਸੱਭਿਆਚਾਰਕ ਪੇਸ਼ਕਾਰੀਆਂ ਕਰਵਾਈਆਂ। ਐੱਚਐੱਮਵੀ ਕਾਲਜ ਜਲੰਧਰ, ਐੱਮਆਰ ਇੰਟਰਨੈਸ਼ਨਲ ਸਕੂਲ ਆਦਮਪੁਰ ਤੇ ਮਲਵਈ ਗਿੱਧਾ ਗਰੁੱਪ ਅਲਾਵਲਪੁਰ ਦੇ ਵਿਦਿਆਰਥੀਆਂ ਤੇ ਕਲਾਕਾਰਾਂ ਨੇ ਗਿੱਧੇ ਤੇ ਭੰਗੜੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ। ਪੰਜਾਬੀ ਬੋਲੀਆਂ ਤੇ ਢੋਲ ਦੀ ਗੂੰਜ ਨੇ ਪੂਰੇ ਹਵਾਈ ਅੱਡੇ ਦੇ ਮਾਹੌਲ ਨੂੰ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਰੰਗ ’ਚ ਰੰਗ ਦਿੱਤਾ। ਸੱਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ ਮੈਡੀਕਲ ਕੈਂਪ ਲਗਾਇਆ, ਜਿੱਥੇ ਯਾਤਰੀਆਂ ਤੇ ਸਟਾਫ਼ ਦੀ ਸਿਹਤ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ’ਚ ਸਟਾਫ਼ ਤੇ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਵਧਾਉਣ ਲਈ ਹਵਾਈ ਅੱਡੇ ਦੇ ਆਲੇ-ਦੁਆਲੇ ਪੌਦੇ ਲਗਾਉਣ ਦਾ ਉਪਰਾਲਾ ਵੀ ਕੀਤਾ ਗਿਆ। ਯਾਤਰੀਆਂ ਨੇ ਇਸ ਵਿਸ਼ੇਸ਼ ਉਪਰਾਲੇ ਲਈ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਤੇ ਸਮੁੱਚੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਕੱਤਰ (ਰੈੱਡ ਕਰਾਸ) ਡਾ. ਸੁਰਜੀਤ ਲਾਲ, ਨੋਡਲ ਅਫ਼ਸਰ (ਸਵੀਪ) ਲੈਕਚਰਾਰ ਗੁਰਿੰਦਰ ਸਿੰਘ, ਸੀਸੀ ਕਮਲਜੀਤ, ਅਕਾਊਂਟੈਂਟ ਨੇਕ ਰਾਮ ਤੇ ਅਮਨ ਕੁਮਾਰ ਪ੍ਰਮੁੱਖ ਸਨ।