ਜਲੰਧਰ ’ਚ ਪਾਰਕਿੰਗ ਮਾਫੀਆ ਸਰਗਰਮ, ਕਾਰਵਾਈ ਨਾ ਹੋਣ ’ਤੇ ਸਵਾਲ ਉੱਠੇ
ਜਲੰਧਰ ’ਚ ਪਾਰਕਿੰਗ ਮਾਫੀਆ ਸਰਗਰਮ, ਕਾਰਵਾਈ ਨਾ ਹੋਣ ’ਤੇ ਸਵਾਲ ਉੱਠੇ
Publish Date: Mon, 20 Apr 2026 10:18 PM (IST)
Updated Date: Mon, 20 Apr 2026 10:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਗਵਾਨ ਵਾਲਮੀਕਿ ਚੌਕ ਨੇੜੇ ਮੁੱਖ ਸੜਕ ’ਤੇ ਗੈਰ-ਕਾਨੂੰਨੀ ਪਾਰਕਿੰਗ ਤੇ ਵਸੂਲੀ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ’ਚ ਕਥਿਤ ਪਾਰਕਿੰਗ ਮਾਫੀਆ ਵੱਲੋਂ ਲੋਕਾਂ ਤੋਂ 50 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ ਗੈਰਕਾਨੂੰਨੀ ਫੀਸ ਵਸੂਲ ਕੀਤੀ ਜਾ ਰਹੀ ਹੈ। ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਡਾ. ਮਨਦੀਪ ਕੌਰ ਨੇ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਨੂੰ ਐੱਫਆਈਆਰ ਦਰਜ ਕਰਨ ਲਈ ਪੱਤਰ ਲਿਖਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਸਥਾਨਕ ਥਾਣੇ ਨੂੰ ਸੂਚਿਤ ਕੀਤਾ ਗਿਆ ਸੀ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਜਾਣਕਾਰੀ ਮੁਤਾਬਕ ਜਿਵੇਂ ਹੀ ਮਾਮਲਾ ਪੁਲਿਸ ਤੱਕ ਪੁੱਜਾ, ਕਥਿਤ ਪਾਰਕਿੰਗ ਮਾਫੀਆ ਵੱਲੋਂ ਗਤੀਵਿਧੀਆਂ ਹੋਰ ਤੇਜ਼ ਕਰ ਦਿੱਤੀਆਂ ਗਈਆਂ ਤੇ ਨਿਗਮ ਅਧਿਕਾਰੀਆਂ ’ਤੇ ਕਾਰਵਾਈ ਨਾ ਕਰਨ ਲਈ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਜੁਆਇੰਟ ਕਮਿਸ਼ਨਰ ਨੇ ਮੇਅਰ ਵਨੀਤ ਧੀਰ ਨੂੰ ਜਾਣਕਾਰੀ ਦਿੱਤੀ ਹੈ ਕਿ ਭਗਵਾਨ ਵਾਲਮੀਕਿ ਚੌਕ ਨੇੜੇ ਨਿਗਮ ਦੀ “ਰੰਗਲਾ ਵੇਹੜਾ” ਪਾਰਕਿੰਗ ਸਾਈਟ ਦਾ ਠੇਕਾ ਕਰੀਬ ਡੇਢ ਸਾਲ ਪਹਿਲਾਂ ਖਤਮ ਹੋ ਚੁੱਕਾ ਹੈ। ਠੇਕਾ ਖਤਮ ਹੋਣ ਤੋਂ ਬਾਅਦ ਪਹਿਲਾਂ ਪਾਰਕਿੰਗ ਸਾਈਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਿਗਮ ਵੱਲੋਂ ਕਬਜ਼ਾ ਖਾਲੀ ਕਰਵਾਇਆ ਗਿਆ। ਹੁਣ ਦੋਸ਼ ਹੈ ਕਿ ਮਾਫੀਆ ਵੱਲੋਂ ਸੜਕ ’ਤੇ ਹੀ ਗੈਰਕਾਨੂੰਨੀ ਪਾਰਕਿੰਗ ਚਲਾਈ ਜਾ ਰਹੀ ਹੈ ਤੇ ਲੋਕਾਂ ਤੋਂ ਮਨਮਾਨੀ ਫੀਸ ਵਸੂਲੀ ਜਾ ਰਹੀ ਹੈ। ਜੁਆਇੰਟ ਕਮਿਸ਼ਨਰ ਨੇ ਖੁਦ ਮੌਕੇ ’ਤੇ ਜਾ ਕੇ ਜਾਂਚ ਵੀ ਕੀਤੀ ਹੈ। ਮੇਅਰ ਵਨੀਤ ਧੀਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਗਮ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨਾਲ ਗੱਲ ਕਰਕੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਦੂਜੇ ਪਾਸੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਰਕਿੰਗ ਦੀ ਠੀਕ ਵਿਵਸਥਾ ਨਾ ਹੋਣ ਕਾਰਨ ਉਨ੍ਹਾਂ ਨੂੰ ਮਜਬੂਰੀ ’ਚ ਸੜਕ ਕੰਢੇ ਹੀ ਗੱਡੀਆਂ ਖੜ੍ਹੀਆਂ ਕਰਨੀਆਂ ਪੈਂਦੀਆਂ ਹਨ, ਜਿਸ ਦਾ ਫਾਇਦਾ ਉਠਾ ਕੇ ਇਹ ਗੈਰਕਾਨੂੰਨੀ ਵਸੂਲੀ ਕੀਤੀ ਜਾ ਰਹੀ ਹੈ।