ਸ਼ਿਕਾਇਤ ਦੇ ਬਾਵਜੂਦ ਨਹੀਂ ਰੁਕ ਰਿਹਾ ਪੀਏਪੀ ਕੈਂਪਸ 'ਚ ਕੂੜੇ ਨੂੰ ਅੱਗ ਲਗਾਉਣ ਦਾ ਸਿਲਸਿਲਾ — ਇੰਜੀ. ਰਖੇਜਾ
ਸ਼ਿਕਾਇਤ ਦੇ ਬਾਵਜੂਦ ਨਹੀਂ ਰੁਕ ਰਿਹਾ ਪੀਏਪੀ ਕੈਂਪਸ 'ਚ ਕਚਰੇ ਨੂੰ ਅੱਗ ਲਗਾਉਣ ਦਾ ਸਿਲਸਿਲਾ — ਇੰਜੀ. ਰਖੇਜਾ
Publish Date: Sun, 03 May 2026 09:52 PM (IST)
Updated Date: Mon, 04 May 2026 04:17 AM (IST)

-ਡੀਸੀ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਪ੍ਰਸ਼ਾਸਨ ਨਹੀਂ ਕਰ ਰਿਹਾ ਕੋਈ ਪੁਖਤਾ ਕਾਰਵਾਈ -ਪੂਰੇ ਰਾਮਾਮੰਡੀ ਖੇਤਰ ’ਚ ਫ਼ੈਲਦਾ ਹੈ ਜ਼ਹਿਰੀਲਾ ਧੂੰਆਂ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਦੇ ਪੀਏਪੀ ਕੰਪਲੈਕਸ ਵਿੱਚ ਕੂੜਾ ਸਾੜਨ ਦਾ ਗੰਭੀਰ ਮਾਮਲਾ ਇੱਕ ਵਾਰ ਫਿਰ ਸਾਮ੍ਹਣੇ ਆਇਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਜਲੰਧਰ ਕੇਂਦਰੀ ਦੇ ਕਾਰਜਕਾਰੀ ਪ੍ਰਧਾਨ ਇੰਜੀ. ਚੰਦਨ ਰੱਖੇਜਾ ਵੱਲੋਂ ਇਸ ਸਬੰਧ ਵਿੱਚ 23 ਅਪ੍ਰੈਲ 2026 ਨੂੰ ਜਲੰਧਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਨੂੰ ਇਲਾਕੇ ਦੇ ਪਤਵੰਤੇ ਸੱਜਣਾਂ ਨਾਲ ਮਿਲ ਕੇ ਇਸ ਬਾਬਤ ਇੱਕ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਜਿਸ ਵਿੱਚ ਇਸ ਸਮੱਸਿਆ ਨਾਲ ਹੋ ਰਹੇ ਗੰਭੀਰ ਸਿਹਤ ਪ੍ਰਭਾਵਾਂ ਬਾਰੇ ਅਗਾਹ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸ਼ਨੀਵਾਰ ਦੁਪਹਿਰ ਤੋਂ ਪੀਏਪੀ ਕੰਪਲੈਕਸ ਵਿੱਚ ਮੁੜ ਵੱਡੇ ਪੱਧਰ ਤੇ ਕਚਰਾ ਸਾੜਿਆ ਗਿਆ, ਜਿਸ ਕਾਰਨ ਪੂਰੇ ਰਾਮਾਮੰਡੀ ਖੇਤਰ ਵਿੱਚ ਸੰਘਣਾ ਧੂੰਆ ਫੈਲ ਗਿਆ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਰਾਮਾਮੰਡੀ ਚੌਂਕ ਤੱਕ ਧੂੰਏਂ ਦਾ ਅਸਰ ਦੇਖਣ ਨੂੰ ਮਿਲਿਆ ਤੇ ਰੇਲਵੇ ਲਾਈਨਾਂ ਦੀ ਦਿੱਖ ਤੱਕ ਪ੍ਰਭਾਵਿਤ ਹੋ ਗਈ, ਜਿਸ ਨਾਲ ਕਿਸੇ ਵੀ ਵੇਲੇ ਵੱਡੇ ਹਾਦਸੇ ਵਾਪਰਣ ਦੀ ਸੰਭਾਵਨਾ ਬਣ ਗਈ ਸੀ। ਉਨ੍ਹਾਂ ਦੱਸਿਆ ਕਿ ਅੱਗ ਤੇ ਧੂੰਆਂ ਇੰਨਾ ਭਿਆਨਕ ਰੂਪ ਧਾਰ ਗਏ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਦੀ ਸਹਾਇਤਾ ਲੈਣੀ ਪਈ। ਇਸ ਸਬੰਧੀ ਗੱਲਬਾਤ ਕਰਦਿਆਂ ਮੰਡਲ ਪ੍ਰਧਾਨ ਚੰਦਨ ਰਖੇਜਾ ਨੇ ਦੱਸਿਆ ਕਿ ਇਸ ਜ਼ਹਿਰੀਲੇ ਧੂੰਏਂ ਦਾ ਅਸਰ ਪਹਿਲਾਂ ਵੀ ਗੰਭੀਰ ਤੌਰ ਤੇ ਸਾਮ੍ਹਣੇ ਆ ਚੁੱਕਾ ਹੈ, ਜਦੋਂ ਇੱਕ ਐਨ.ਆਰ.ਆਈ ਨਿਵਾਸੀ, ਜੋ ਦਿਲ ਦੇ ਮਰੀਜ਼ ਹਨ ਨੂੰ ਇਸ ਧੂੰਏਂ ਕਾਰਨ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਅਤੇ ਅਜੇ ਵੀ ਉਹ ਆਈਸੀਯੂ ਵਿੱਚ ਇਲਾਜ ਅਧੀਨ ਹਨ। ਪੀਏਪੀ ਕੈਂਪਸ ਅੰਦਰ ਵਾਰ-ਵਾਰ ਅੱਗ ਲਗਾਉਣ ਦੀਆਂ ਘਟਨਾਵਾਂ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਪਸ਼ਟ ਤੌਰ ਤੇ ਦਰਸਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਥਾਨਕ ਮਾਰਕੀਟ ਐਸੋਸੀਏਸ਼ਨ ਤੇ ਖੇਤਰ ਵਾਸੀਆਂ ਦਾ ਕਹਿਣਾ ਹੈ ਕਿ ਲਗਾਤਾਰ ਹੋ ਰਹੇ ਪ੍ਰਦੂਸ਼ਣ ਕਾਰਨ ਨਾ ਸਿਰਫ ਸਿਹਤ ’ਤੇ ਬੁਰਾ ਅਸਰ ਪੈ ਰਿਹਾ ਹੈ, ਬਲਕਿ ਵਪਾਰਕ ਗਤੀਵਿਧੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਚੰਦਨ ਰੱਖੇਜਾ ਨੇ ਇਕ ਵਾਰ ਫਿਰ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਤੇ ਮਾਨਯੋਗ ਡਿਪਟੀ ਕਮਿਸ਼ਨਰ ਤੋਂ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕੂੜੇ ਨੂੰ ਵਾਰ-ਵਾਰ ਅੱਗ ਲਗਾਉਣ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਪ੍ਰਦੂਸ਼ਣ ਰੋਕਣ ਲਈ ਸਖ਼ਤ ਹੁਕਮ ਜਾਰੀ ਕਰ ਰਹੇ ਹਨ, ਜਦਕਿ ਦੂਜੇ ਪਾਸੇ ਪੀਏਪੀ ਕੰਪਲੈਕਸ ਦੇ ਅੰਦਰ ਇਸ ਤਰ੍ਹਾਂ ਖੁੱਲ੍ਹੇਆਮ ਕਚਰਾ ਸਾੜਿਆ ਜਾਣਾ ਬਹੁਤ ਹੀ ਖਤਰਨਾਕ, ਦੁੱਖਦਾਈ ਤੇ ਚਿੰਤਾਜਨਕ ਹੈ। ਰਖੇਜਾ ਨੇ ਕਿਹਾ ਕਿ ਪੀਏਪੀ ਕੰਪਲੈਕਸ ਵਿੱਚ ਕੂੜਾ ਸਾੜਨ ’ਤੇ ਤੁਰੰਤ ਪੂਰਨ ਪਾਬੰਦੀ ਲਗਾਈ ਜਾਵੇ ਤੇ ਮਾਮਲੇ ਨਾਲ ਜੁੜੇ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸਦੇ ਨਾਲ ਹੀ ਵਿਗਿਆਨਕ ਅਤੇ ਸੁਰੱਖਿਅਤ ਕਚਰਾ ਨਿਪਟਾਰਾ ਪ੍ਰਣਾਲੀ ਲਾਗੂ ਕੀਤੀ ਜਾਵੇ ਜਾਂ ਉਸਦੀ ਨਿਯਮਿਤ ਨਿਗਰਾਨੀ ਯਕੀਨੀ ਬਣਾਈ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ। ਰਖੇਜਾ ਨੇ ਕਿਹਾ ਇਹ ਕੋਈ ਲਾਪਰਵਾਹੀ ਨਹੀਂ, ਸਗੋਂ ਆਮ ਜਨਤਾ ਦੀ ਜ਼ਿੰਦਗੀ ਨਾਲ ਖੁੱਲ੍ਹੇਆਮ ਖਿਲਵਾੜ ਹੋ ਰਿਹਾ ਹੈ। ਜੇ ਸਮੇਂ ਸਿਰ ਸਖ਼ਤ ਕਦਮ ਨਹੀਂ ਚੁੱਕੇ ਗਏ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਖੇਤਰ ਦੇ ਨਿਵਾਸੀਆਂ ਨੂੰ ਹੁਣ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਲਦੀ ਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਉਮੀਦ ਹੈ, ਤਾਂ ਜੋ ਉਨ੍ਹਾਂ ਨੂੰ ਸਾਫ਼ ਅਤੇ ਸੁਰੱਖਿਅਤ ਵਾਤਾਵਰਣ ਮਿਲ ਸਕੇ।