ਬੁੱਧ ਪੂਰਨਿਮਾ ਮੌਕੇ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਪੰਚਸ਼ੀਲ ਦਾ ਝੰਡਾ ਲਹਿਰਾਇਆ
ਬੁੱਧ ਪੂਰਨਿਮਾ ਮੌਕੇ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਪੰਚਸ਼ੀਲ ਦਾ ਝੰਡਾ ਲਹਿਰਾਇਆ
Publish Date: Sun, 03 May 2026 09:38 PM (IST)
Updated Date: Mon, 04 May 2026 04:15 AM (IST)

- ਤਥਾਗਤ ਬੁੱਧ ਨੇ ਸ਼ਾਂਤੀ, ਅਹਿੰਸਾ, ਪ੍ਰੇਮ ਅਤੇ ਸਮਾਨਤਾ ਦਾ ਸੰਦੇਸ਼ ਦਿੱਤਾ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਤੇ ਨਗਰ ਵਾਸੀਆਂ ਵੱਲੋਂ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਬੁੱਧ ਪੂਰਨਿਮਾ ਉਤਸਵ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਬੁੱਧ ਵੰਦਨਾ, ਤ੍ਰੀਸ਼ਰਣ ਤੇ ਪੰਚਸ਼ੀਲ ਦੇ ਪਾਠ ਨਾਲ ਹੋਈ। ਇਸ ਤੋਂ ਬਾਅਦ ਰਮਜੂ ਰਾਮ (ਸੈਕਟਰ ਇੰਚਾਰਜ, ਬਸਪਾ ਸੋਫੀ ਪਿੰਡ), ਗੁਰਮੀਤ ਸਾਂਪਲਾ, ਪਰਸੂ ਰਾਮ ਤੇ ਐਡਵੋਕੇਟ ਹਰਭਜਨ ਸਾਂਪਲਾ (ਸਕੱਤਰ, ਬੁੱਧ ਵਿਹਾਰ ਟਰੱਸਟ) ਵੱਲੋਂ ਸਾਂਝੇ ਤੌਰ ’ਤੇ ਪੰਚਸ਼ੀਲ ਦਾ ਝੰਡਾ ਲਹਿਰਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਤਥਾਗਤ ਬੁੱਧ ਦੇ ਜੀਵਨ ਤੇ ਫਲਸਫੇ ’ਤੇ ਆਧਾਰਿਤ ਗੀਤ, ਕਵਿਤਾਵਾਂ ਤੇ ਭਾਸ਼ਣ ਪੇਸ਼ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਹਰਭਜਨ ਸਾਂਪਲਾ ਨੇ ਕਿਹਾ ਕਿ ਤਥਾਗਤ ਬੁੱਧ ਜੈਅੰਤੀ ਪੂਰੇ ਵਿਸ਼ਵ ਵਿੱਚ ਮਨਾਈ ਜਾਂਦੀ ਹੈ ਅਤੇ ਬੁੱਧ ਜੀ ਨੇ ਮਨੁੱਖਤਾ ਨੂੰ ਸ਼ਾਂਤੀ, ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਸ਼੍ਰੀਮਤੀ ਸੰਤੋਸ਼ ਸਾਂਪਲਾ ਨੇ ਸੰਗਤ ਨੂੰ ਬੁੱਧ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਮਾਸਟਰ ਹਰਜਿੰਦਰ ਕੁਮਾਰ (ਬਸਪਾ ਆਗੂ, ਜਲੰਧਰ ਕੈਂਟ) ਨੇ ਕਿਹਾ ਕਿ ਤਥਾਗਤ ਬੁੱਧ ਨੇ ਮਨੁੱਖ ਨੂੰ ਤਰਕ ਅਤੇ ਸੱਚ ਦੇ ਆਧਾਰ ‘ਤੇ ਜੀਵਨ ਜੀਊਣ ਦੀ ਪ੍ਰੇਰਣਾ ਦਿੱਤੀ। ਡਾ. ਗੁਰਪਾਲ ਚੌਹਾਨ ਨੇ ਵੀ ਵਧਾਈ ਦਿੰਦਿਆਂ ਕਿਹਾ ਕਿ ਬੁੱਧ ਜੀ ਦੇ “ਪੰਚਸ਼ੀਲ” ਸਿਧਾਂਤਾਂ ਨੂੰ ਅਪਣਾਉਣ ਨਾਲ ਸਮਾਜ ਵਿੱਚ ਸੁੱਖ-ਸ਼ਾਂਤੀ ਆ ਸਕਦੀ ਹੈ। ਸ਼੍ਰੀ ਚਮਨ ਸਾਂਪਲਾ ਨੇ ਵੀ ਬੁੱਧ ਦੇ ਉਪਦੇਸ਼ਾਂ ‘ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਸਮਾਜਿਕ ਸ਼ਖਸ਼ੀਅਤਾਂ ਤੇ ਸੰਗਤਾਂ ਦਾ ਸਨਮਾਨ ਕੀਤਾ ਗਿਆ ਅਤੇ ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਪ੍ਰਸੰਸਾ ਪੱਤਰ ਦਿੱਤੇ ਗਏ। ਸਮਾਗਮ ਵਿੱਚ ਡਾ. ਅਵਿਨਾਸ਼ ਚੰਦਰ, ਨਰੇਸ਼ ਸਾਂਪਲਾ, ਮਨਜੀਤ ਸਿੰਘ, ਗੌਤਮ ਸਾਂਪਲਾ ਸਮੇਤ ਕਈ ਹੋਰ ਵਿਅਕਤੀਆਂ ਨੇ ਹਾਜ਼ਰੀ ਭਰੀ। ਵਿਦੇਸ਼ਾਂ ਵਿੱਚ ਵੱਸਦੇ ਸੱਜਣਾਂ ਵੱਲੋਂ ਵੀ ਫੋਨ ਰਾਹੀਂ ਬੁੱਧ ਜੈਅੰਤੀ ਦੀਆਂ ਵਧਾਈਆਂ ਭੇਜੀਆਂ ਗਈਆਂ। ਅਖੀਰ ਵਿੱਚ ਸੰਗਤ ਲਈ ਖੀਰ ਦਾ ਲੰਗਰ ਵਰਤਾਇਆ ਗਿਆ।