ਜੇਐੱਨਐੱਨ/ਰਾਕੇਸ਼ ਗਾਂਧੀ ਜਲੰਧਰ : 66 ਫੁਟੀ ਰੋਡ ਨਾਲ ਲੱਗਦੇ ਵਿਜੇ ਨਗਰ 'ਚ ਝੰਡੇ ਲਾਉਣ ਨੂੰ ਲੈ ਕੇ ਹਿੰਦੂ ਤੇ ਮੁਸਲਿਮ ਸਮਾਜ 'ਚ ਵਿਵਾਦ ਹੋ ਗਿਆ। ਹਿੰਦੂ ਸੰਗਠਨਾਂ ਨੇ ਦੋਸ਼ ਲਾਇਆ ਕਿ ਲੋਕਾਂ ਨੇ ਪਾਕਿਸਤਾਨੀ ਝੰਡੇ ਲਾਏ ਹਨ। ਇਸ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਧਰਨਾ ਮਗਰੋਂ ਮੁਸਲਿਮ ਸਮਾਜ ਨੇ ਵੀ ਝੰਡੇ ਲੁਹਾਉਣ ਦੇ ਵਿਰੋਧ 'ਚ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ। ਮੌਕੇ 'ਤੇ ਟਾਇਰਾਂ ਨੂੰ ਅੱਗ ਲਾ ਕੇ ਦਹਿਸ਼ਤ ਵੀ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਮੁਸਲਿਮ ਸਮਾਜ ਦਾ ਕਹਿਣਾ ਸੀ ਕਿ 10 ਨਵੰਬਰ ਨੂੰ ਈਦ ਮਿਲਾਦ ਉਨ ਨਬੀ ਸਬੰਧੀ ਹੋਣ ਵਾਲੇ ਪ੍ਰਰੋਗਰਾਮ ਨੂੰ ਲੈ ਕੇ ਧਾਰਮਿਕ ਝੰਡੇ ਲਾਏ ਸਨ, ਜਿਸ ਨੂੰ ਲੋਕਾਂ ਨੇ ਪਾਕਿਸਤਾਨ ਝੰਡੇ ਸਮਝ ਲਿਆ ਤੇ ਪੁਲਿਸ ਨੂੰ ਸੱਦ ਲਿਆ। ਪੁਲਿਸ ਨੇ ਝੰਡੇ ਲੁਹਾਉਣ ਦੇ ਨਾਲ-ਨਾਲ ਮਸਜਿਦ ਦੇ ਇਮਾਮ ਨੂੰ ਵੀ ਗਿ੍ਫ਼ਤਾਰ ਕਰ ਲਿਆ। ਇਸੇ ਰੋਸ ਵਜੋਂ ਉਨ੍ਹਾਂ ਨੇ ਉਥੇ ਟਾਇਰ ਫੂਕ ਪ੍ਰਦਰਸ਼ਨ ਕਰ ਦਿੱਤਾ। ਦੇਰ ਸ਼ਾਮ ਥਾਣਾ-7 ਦੇ ਇੰਚਾਰਜ ਨਵੀਨ ਪਾਲ ਦਾ ਕਹਿਣਾ ਸੀ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਥੇ ਲੱਗੇ ਝੰਡੇ ਇਸਲਾਮਿਕ ਸਨ ਨਾ ਕਿ ਪਾਕਿਸਤਾਨੀ, ਦੋਵੇਂ ਧਿਰਾਂ ਨੂੰ ਸੱਦ ਕੇ ਸਮਝਾ ਦਿੱਤਾ ਗਿਆ ਹੈ। ਮੌਕੇ 'ਤੇ ਪੁੱਜੇ ਸ਼ਿਵ ਸੈਨਾ ਆਗੂ ਇਸ਼ਾਂਤ ਸ਼ਰਮਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 66 ਫੁੱਟੀ ਰੋਡ 'ਤੇ ਲੋਕਾਂ ਦੇ ਘਰਾਂ 'ਤੇ ਕਿਸੇ ਨੇ ਪਾਕਿਸਤਾਨੀ ਝੰਡੇ ਲਾ ਕੇ ਦਿੱਤੇ ਹਨ। ਉਹ ਤੁਰੰਤ ਥਾਣਾ-7 ਦੀ ਪੁਲਿਸ ਨੂੰ ਸ਼ਿਕਾਇਤ ਦੇਣ ਪੁੱਜੇ। ਇਸ ਤੋਂ ਬਾਅਦ ਪੁਲਿਸ ਉਨ੍ਹਾਂ ਨਾਲ ਮੌਕੇ 'ਤੇ ਗਈ ਤੇ ਘਰਾਂ 'ਤੇ ਲੱਗੇ ਵਿਵਾਦਤ ਝੰਡੇ ਲੁਹਾ ਦਿੱਤੇ। ਇਸ਼ਾਂਤ ਸ਼ਰਮਾ ਦਾ ਦੋਸ਼ ਸੀ ਕਿ ਕੁਝ ਲੋਕਾਂ ਨੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਲਈ ਉਥੇ ਝੰਡੇ ਲਾਏ ਹਨ। ਜੇ ਕਿਸੇ ਧਾਰਮਿਕ ਪ੍ਰਰੋਗਰਾਮ ਲਈ ਝੰਡੇ ਲਾਏ ਗਏ ਹਨ ਤਾਂ ਉਸ 'ਚ ਪਾਕਿਸਤਾਨੀ ਝੰਡੇ ਨੂੰ ਸ਼ਾਮਲ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਲੰਧਰ 'ਚ ਮੁਸਲਿਮ ਸਮਾਜ ਦੇ ਕਈ ਧਾਰਮਿਕ ਪ੍ਰਰੋਗਰਾਮ ਹੁੰਦੇ ਹਨ ਪਰ ਕਿਸੇ ਪ੍ਰਰੋਗਰਾਮ 'ਚ ਅਜਿਹੇ ਝੰਡੇ ਲੱਗਣ ਨਹੀਂ ਲਾਏ। ਦੋਸ਼ ਸੀ ਕਿ ਧਰਮ ਦੀ ਆੜ 'ਚ ਕੁਝ ਲੋਕਾਂ ਨੇ ਪਾਕਿਸਤਾਨੀ ਝੰਡੇ ਲਾ ਦਿੱਤੇ।

ਮਿਲਾਦ ਉਨ ਨਬੀ ਲਈ ਲਾਏ ਸਨ ਇਸਲਾਮਿਕ ਝੰਡੇ : ਆਜ਼ਾਦ

ਮੁਸਲਿਮ ਸਮਾਜ ਦੀ ਹਮਾਇਤ 'ਚ ਆਏ ਧਾਰਮਿਕ ਆਗੂ ਮੁਹੰਮਦ ਕਲੀਮ ਆਜ਼ਾਦ ਦਾ ਕਹਿਣਾ ਸੀ ਕਿ 10 ਦਸੰਬਰ ਨੂੰ ਈਦ ਮਿਲਾਦ ਉਨ ਨਬੀ ਸਬੰਧੀ ਹੋਣ ਵਾਲੇ ਪ੍ਰਰੋਗਰਾਮ ਨੂੰ ਲੈ ਕੇ ਮੁਸਲਿਮ ਸਮਾਜ ਦੇ ਲੋਕਾਂ ਨੇ ਧਾਰਮਿਕ ਝੰਡੇ ਲਾਏ ਸਨ। ਇਸਲਾਮਿਕ ਝੰਡੇ 'ਚ ਚੰਦ-ਤਾਰੇ ਹੋਣਾ ਆਮ ਗੱਲ ਹੈ। ਪਾਕਿਸਤਾਨੀ ਝੰਡੇ 'ਚ ਹਰੇ ਦੇ ਨਾਲ ਸਫੈਦ ਰੰਗ ਹੁੰਦਾ ਪਰ ਇਸਲਾਮਿਕ ਝੰਡੇ 'ਚ ਹਰੇ ਰੰਗ ਦੇ ਨਾਲ ਨੀਲਾ ਰੰਗ ਹੁੰਦਾ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਜਾਣਬੁੱਝ ਕਰ ਕੇ ਪਾਕਿਸਤਾਨੀ ਝੰਡੇ ਲੱਗੇ ਹੋਣ ਦੀ ਅਫ਼ਵਾਹ ਉਡਾ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪੁਲਿਸ ਨੇ ਵੀ ਜਾਣਬੁੱਝ ਕਰ ਕੇ ਝੰਡੇ ਲੁਹਾਏ ਤੇ ਇਮਾਮ ਨੂੰ ਥਾਣੇ ਲੈ ਗਏ। ਇਸ ਨਾਲ ਮੁਸਲਿਮ ਸਮਾਜ ਭੜਕ ਗਿਆ ਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਬਾਅਦ 'ਚ ਪੁਲਿਸ ਨੇ ਇਮਾਮ ਨੂੰ ਛੱਡਿਆ ਤਾਂ ਧਰਨਾ ਸ਼ਾਂਤ ਹੋਇਆ।

ਬਰੇਲੀ ਤੋਂ ਮੰਗਵਾਏ ਗਏ ਸਨ ਝੰਡੇ

ਪੁਲਿਸ ਅਨੁਸਾਰ ਧਾਰਮਿਕ ਪ੍ਰਰੋਗਰਾਮ ਲਈ ਬਰੇਲੀ ਤੋਂ ਝੰਡੇ ਮੰਗਵਾਏ ਸਨ। ਦੱਸਿਆ ਜਾ ਰਿਹਾ ਹੈ ਕਿ ਬਰੇਲੀ ਤੋਂ ਜੋ ਇਸਲਾਮਿਕ ਝੰਡੇ ਆਉਂਦੇ ਹਨ ਉਸ 'ਚ ਚੰਦ-ਤਾਰਾ ਨਹੀਂ ਬਣਿਆ ਹੁੰਦਾ। ਅਜਿਹੇ 'ਚ ਜਦੋਂ ਜਲੰਧਰ 'ਚ ਇਹ ਝੰਡੇ ਲਾਏ ਗਏ ਤਾਂ ਹਿੰਦੂ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮੁਸਲਿਮ ਸਮਾਜ ਦੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਝੰਡੇ ਮੰਗਵਾਏ ਤਾਂ ਧਾਰਮਿਕ ਸਨ ਪਰ ਗਲਤੀ ਨਾਲ ਦੂਜੇ ਆ ਗਏ।

ਮੁਸਲਿਮ ਸਮਾਜ ਨੇ ਦਿੱਤੀ ਸ਼ਿਕਾਇਤ, ਕਾਰਵਾਈ ਦੀ ਮੰਗ

ਦੇਰ ਸ਼ਾਮ ਮਸਜਿਦ ਗੋਸੀਆ ਦੇ ਇਮਾਮ ਹਾਫਿਸ ਸੂਫੀਆਨ ਨੇ ਥਾਣਾ ਡਵੀਜ਼ਨ-7 ਦੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਕੁਝ ਲੋਕ ਮਸਜਿਦ 'ਚ ਆਏ ਤੇ ਉਥੇ ਪਾਕਿਸਤਾਨੀ ਝੰਡਾ ਲੱਗਾ ਹੋਣ ਦੀ ਗੱਲ ਕਹਿ ਕੇ ਗਾਲੀ-ਗਲੋਚ ਕੀਤਾ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜੋ ਝੰਡਾ ਲੱਗਾ ਹੋਇਆ ਸੀ ਉਹ ਨਬੀ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਦਿਵਸ, ਜੋ ਨਵੰਬਰ ਨੂੰ ਮਨਾਇਆ ਜਾ ਰਿਹਾ ਹੈ, ਦੀ ਨਿਸ਼ਾਨੀ ਹੈ। ਉਕਤ ਲੋਕਾਂ ਨੇ ਉਨ੍ਹਾਂ ਦੇ ਧਰਮ ਦਾ ਅਪਮਾਨ ਕੀਤਾ ਤੇ ਇਲਾਕੇ ਦੇ ਇਕ ਕਰਿਆਨਾ ਵਪਾਰੀ ਵੱਲੋਂ ਇਹ ਸਾਰਾ ਮਾਮਲਾ ਭੜਕਾਇਆ ਗਿਆ। ਉਨ੍ਹਾਂ ਨੇ ਉਕਤ ਲੋਕਾਂ 'ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਧਰ, ਸ਼ਿਵ ਸੈਨਾ ਆਗੂ ਇਸ਼ਾਂਤ ਸ਼ਰਮਾ ਨੇ ਵੀ ਥਾਣਾ-7 ਦੀ ਪੁਲਿਸ ਨੂੰ ਪਾਕਿਸਤਾਨੀ ਝੰਡਾ ਲਾ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।