ਲੋਹੀਆਂ ‘ਚ ਬਿਨਾਂ ਬਿਜਲੀ ਤੋਂ ਤੋਲੀ ਜਾ ਰਹੀ ਹੈ ਝੋਨੇ ਦੀ ਫ਼ਸਲ : ਸੁਖਵਿੰਦਰ ਸਿੰਘ
ਇੰਦਰਾ ਦਾਣਾ ਮੰਡੀ ਲੋਹੀਆਂ ‘ਚ ਬਿਨਾਂ ਬਿਜਲੀ ਤੋਂ ਤੋਲੀ ਜਾ ਰਹੀ ਹੈ ਝੋਨੇ ਦੀ ਫਸਲ - ਸੁਖਵਿੰਦਰ ਸਿੰਘ ਸਰਪੰਚ ਘੁਦੂਵਾਲ
Publish Date: Mon, 13 Oct 2025 10:13 PM (IST)
Updated Date: Mon, 13 Oct 2025 10:14 PM (IST)

-ਮੋਬਾਈਲ ਫੋਨ ਦੀ ਰੋਸ਼ਨੀ ’ਚ ਕਿਸਾਨ ਆਪਣੀ ਜਿਣਸ ਦਾ ਤੋਲ ਕਰਵਾਉਣ ਲਈ ਮਜਬੂਰ -ਕੁੰਡੀ ਕੁਨੈਕਸ਼ਨ ਨਾਲ ਹਾਸਲ ਕੀਤੀ ਜਾ ਰਹੀ ਬਿਜਲੀ ਪਾਵਰਕਾਮ ਨੇ ਬੀਤੇ ਦਿਨ ਕੱਟੀ ਸੀ ਸਪਲਾਈ਼ ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਇੰਦਰਾ ਦਾਣਾ ਮੰਡੀ ਵਿਖੇ ਮਾਰਕੀਟ ਕਮੇਟੀ ਲੋਹੀਆਂ ਖਾਸ ਵੱਲੋਂ ਬਿਜਲੀ ਦੇ ਕੀਤੇ ਗਏ ਮਾੜੇ ਪ੍ਰਬੰਧਾਂ ਦਾ ਜ਼ਿਕਰ ਉਦੋਂ ਹੋਇਆ ਜਦੋਂ ਕਿਸਾਨਾਂ ਨੂੰ ਹਨੇਰੇ ’ਚ ਆਪਣੀ ਝੋਨੇ ਦੀ ਫਸਲ ਦਾ ਤੋਲ ਕਰਵਾਉਣਾ ਪਿਆ। ਇਹ ਸ਼ਬਦ ਅੱਜ ਸੁਖਵਿੰਦਰ ਸਿੰਘ ਸਰਪੰਚ ਘੁਦੂਵਾਲ ਨੇ ਉਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ ਜਦੋਂ ਉਹ ਉੱਕਤ ਮੰਡੀ ’ਚ ਆਪਣੀ ਝੋਨੇ ਦੀ ਫਸਲ ਵੇਚਣ ਲਈ ਮੋਬਾਇਲ ਫੋਨ ਦੀ ਰੋਸ਼ਨੀ ’ਚ ਝੋਨੇ ਦਾ ਤੋਲ ਕਰਵਾ ਰਹੇ ਸਨ। ਇਸ ਮੌਕੇ ’ਤੇ ਹੀ ਇਕ ਹੋਰ ਕਿਸਾਨ ਸੁਰਿੰਦਰ ਸਿੰਘ ਮਾਣਕ ਨੇ ਵੀ ਦੱਸਿਆ ਕਿ ਮਾਰਕੀਟ ਕਮੇਟੀ ਲੋਹੀਆਂ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਫੋਕਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੀ ਉਦਾਹਰਣ ਬਿਜਲੀ ਦਾ ਨਾ ਹੋਣਾ ਹੈ। ਇਸ ਮੌਕੇ ਤੇ ਹਨੇਰੇ ‘ਚ ਖੜ੍ਹੇ ਹੋਰ ਕਿਸਾਨਾਂ ਦਾ ਵੀ ਕਹਿਣਾ ਸੀ ਕਿ ਪੁੱਤਾਂ ਵਾਂਗ ਪਾਲੀ ਹੋਈ ਇਸ ਫ਼ਸਲ ਨੂੰ ਉਹ ਹਨੇਰੇ ’ਚ ਇੰਜ ਤੁਲਵਾ ਰਹੇ ਹਨ ਜਿਵੇਂ ਉਹ ਝੋਨਾ ਚੋਰੀ ਕਰਕੇ ਲਿਆਏ ਹੋਣ। ਉਂਜ ਮੌਕੇ ’ਤੇ ਮੰਡੀ ‘ਚ ਭਾਵੇਂ ਇਕ ਪਾਸੇ ਲਾਈਟਾਂ ਜਗ ਰਹੀਆਂ ਸਨ ਤੇ ਇਕ ਪਾਸਾ ਬਿਲਕੁਲ ਹੀ ਹਨੇਰੇ ’ਚ ਡੁੱਬਿਆ ਹੋਇਆ ਸੀ। ਮੰਡੀ ‘ਚ ਬਿਜਲੀ ਦਾ ਇਕ ਟਾਵਰ ਹੈ ਜਿਸ ਦੇ ਅੱਠ ਬਲਬ ਪੂਰੀ ਤਰ੍ਹਾਂ ਬੰਦ ਪਏ ਹਨ ਜਿਸ ਕਰਕੇ ਮੰਡੀ ਦੇ ਇਕ ਪਾਸੇ ਪੂਰੀ ਤਰ੍ਹਾਂ ਹਨੇਰਾ ਛਾਇਆ ਹੋਇਆ ਹੈ ਤੇ ਇਸ ਹਨੇਰੇ ’ਚ ਹੀ ਝੋਨੇ ਦੀ ਫਸਲ ਵੀ ਤੋਲੀ ਜਾ ਰਹੀ ਹੈ। ਜਾਣਕਾਰ ਸੂਤਰਾਂ ਅਨੁਸਾਰ ਇਸ ਟਾਵਰ ਦੀ ਬਿਜਲੀ ਦੀ ਸਪਲਾਈ ਮਾਰਕੀਟ ਕਮੇਟੀ ਲੋਹੀਆਂ ਵੱਲੋਂ ਸਿੱਧੀ ਤਾਰਾਂ ’ਤੇ ਲਗਾਈ ਹੋਈ ਸੀ ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਾਵਰਕਾਮ ਵੱਲੋਂ ਉਕਤ ਮੰਡੀ ਦੇ ਮੁੱਖ ਟਾਵਰ ਦੀ ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਸਾਲ ਤੋਂ ਹੀ ਇਹ ਬਿਜਲੀ ਦੀ ਸਪਲਾਈ ਮਾਰਕੀਟ ਕਮੇਟੀ ਲੋਹੀਆਂ ਵੱਲੋਂ ਸਿੱਧੀ ਕੁੰਡੀ ਪਾ ਕੇ ਹਾਸਲ ਕੀਤੀ ਜਾ ਰਹੀ ਸੀ ਤਾਂ ਕਿ ਮਾਰਕੀਟ ਕਮੇਟੀ ਦਾ ਖ਼ਰਚਾ ਬਚਾਇਆ ਜਾ ਸਕੇ। ਇਸ ਮੌਕੇ ’ਤੇ ਇਕ ਆੜ੍ਹਤੀ ਨੇ ਦੋਸ਼ ਲਗਾਇਆ ਕਿ ਮਾਰਕੀਟ ਕਮੇਟੀ ਵੱਲੋਂ ਸੜਕ ਦੀ ਵੀ ਸਫਾਈ ਨਹੀਂ ਕਰਵਾਈ ਜਾ ਰਹੀ ਜਿਸ ਕਰਕੇ ਝੋਨੇ ਦੀ ਫ਼ਸਲ ਖਰਾਬ ਹੋ ਰਹੀ ਹੈਂ ਭਾਵੇਂ ਕਿ ਉਨ੍ਹਾਂ ਵੱਲੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਪ੍ਰੰਤੂ ਪ੍ਰਬੰਧ ਨਹੀਂ ਹੋਏ। ਇਸ ਮੌਕੇ ’ਤੇ ਸਰਪੰਚ ਸੁਖਵਿੰਦਰ ਸਿੰਘ, ਕਿਸਾਨ ਸੁਰਿੰਦਰ ਸਿੰਘ ਮਾਣਕ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੰਡੀ ’ਚ ਫੌਰਨ ਬਿਜਲੀ ਦੀ ਸਪਲਾਈ ਦੇ ਪ੍ਰਬੰਧ ਕੀਤੇ ਜਾਣ ਤਾਂ ਕਿ ਕਿਸਾਨਾਂ ਦੀ ਲੁੱਟ ਨਾ ਹੋ ਸਕੇ।