ਤੂੜੀ ਨਾਲ ਭਰੀ ਓਵਰਲੋਡ ਟਰਾਲੀ ਪਲਟੀ, ਵੱਡੇ ਹਾਦਸੇ ਤੋਂ ਬਚਾਅ
ਤੂੜੀ ਨਾਲ ਭਰੀ ਓਵਰਲੋਡ ਟਰਾਲੀ ਪਲਟੀ, ਵੱਡੇ ਹਾਦਸੇ ਤੋਂ ਬਚਾਅ
Publish Date: Sun, 26 Apr 2026 07:50 PM (IST)
Updated Date: Sun, 26 Apr 2026 07:52 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਅੱਡਾ ਰਾਏਪੁਰ ਰਸੂਲਪੁਰ ਨੇੜੇ ਬੱਜਰੀ ਲੁੱਕ ਪਲਾਂਟ ਦੇ ਸਾਹਮਣੇ ਤੜਕੇ ਕਰੀਬ 4 ਵਜੇ ਤੂੜੀ ਨਾਲ ਭਰੀ ਇਕ ਓਵਰਲੋਡ ਟਰੈਕਟਰ-ਟਰਾਲੀ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਖੁਸ਼ਕਿਸਮਤੀ ਨਾਲ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9:45 ਵਜੇ ਮਕਸੂਦਾਂ ਥਾਣੇ ਤੋਂ ਸੂਚਨਾ ਮਿਲਣ ’ਤੇ ਟੀਮ ਮੌਕੇ ’ਤੇ ਪਹੁੰਚੀ। ਜਾਂਚ ਦੌਰਾਨ ਪਤਾ ਲੱਗਾ ਕਿ ਟਰੈਕਟਰ-ਟਰਾਲੀ, ਜਿਸ ਨੂੰ ਸਤਨਾਮ ਸਿੰਘ ਵਾਸੀ ਮੁਸਤਫਾ ਜ਼ਿਲ੍ਹਾ ਮੋਗਾ ਚਲਾ ਰਿਹਾ ਸੀ, ਮੋਗਾ ਤੋਂ ਤੂੜੀ ਲੈ ਕੇ ਤਲਵਾੜਾ ਵੱਲ ਜਾ ਰਹੀ ਸੀ। ਅੱਡਾ ਰਾਏਪੁਰ ਰਸੂਲਪੁਰ ਪਾਰ ਕਰਨ ਤੋਂ ਬਾਅਦ ਓਵਰਲੋਡ ਹੋਣ ਕਾਰਨ ਟਰਾਲੀ ਦਾ ਸੰਤੁਲਨ ਬਿਗੜ ਗਿਆ ਤੇ ਉਹ ਪਲਟ ਗਈ। ਹਾਦਸੇ ਕਾਰਨ ਸੜਕ ਦਾ ਇਕ ਪਾਸਾ ਅੰਸ਼ਿਕ ਤੌਰ ’ਤੇ ਬਲਾਕ ਹੋ ਗਿਆ। ਮੌਕੇ ’ਤੇ ਪਹੁੰਚੀ ਐੱਸਐੱਸਐੱਫ ਟੀਮ ਨੇ ਤੁਰੰਤ ਸੁਰੱਖਿਆ ਪ੍ਰਬੰਧ ਕਰਦਿਆਂ ਸੇਫਟੀ ਕੋਨ ਲਗਾਏ ਤੇ ਆਵਾਜਾਈ ਨੂੰ ਕੰਟਰੋਲ ਕੀਤਾ। ਇਸ ਤੋਂ ਬਾਅਦ ਟਰਾਲੀ ਦੇ ਮਾਲਕ ਸ਼ਿਵਰਾਜ ਵਾਸੀ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸੂਚਿਤ ਕੀਤਾ ਗਿਆ। ਮਾਲਕ ਵੱਲੋਂ ਲੇਬਰ ਤੇ ਦੂਜੀ ਗੱਡੀ ਦਾ ਪ੍ਰਬੰਧ ਕਰ ਕੇ ਪਲਟੀ ਹੋਈ ਟਰਾਲੀ ’ਚੋਂ ਤੂੜੀ ਨੂੰ ਦੂਜੇ ਵਾਹਨ ’ਚ ਸ਼ਿਫਟ ਕਰਵਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਸੜਕ ਨੂੰ ਪੂਰੀ ਤਰ੍ਹਾਂ ਕਲੀਅਰ ਕਰਨ ਦੀ ਕਾਰਵਾਈ ਜਾਰੀ ਸੀ।