ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਕਾਰਨ ਮਚੀ ਹਾਹਾਕਾਰ
ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕੱਟਾਂ ਕਾਰਨ ਮਚੀ ਹਾਹਾਕਾਰ
Publish Date: Tue, 28 Apr 2026 07:09 PM (IST)
Updated Date: Wed, 29 Apr 2026 04:14 AM (IST)

- ਸਰਕਾਰ ਦੇ ਪਾਵਰ ਸਰਪਲਸ ਦੇ ਦਾਅਵੇ ਖੋਖਲੇ : ਡਾ. ਦਾਹੀਆ ਅਵਤਾਰ ਰਾਣਾ, ਪੰਜਾਬੀ ਜਾਗਰਣ ਮੱਲ੍ਹੀਆਂ ਕਲਾਂ : ਅੱਤ ਦੀ ਪੈ ਰਹੀ ਗਰਮੀ ਦੇ ਮੱਦੇਨਜ਼ਰ ਪੰਜਾਬ ਭਰ ’ਚ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਆਮ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ। ਸਰਕਾਰ ਦੇ ਪਾਵਰ ਸਰਪਲੱਸ ਦੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ, ਜਿਸ ਕਾਰਨ ਅੱਤ ਦੀ ਗਰਮੀ ’ਚ ਦਿਨ ਰਾਤ ਆਮ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਕੋਦਰ ਕਾਂਗਰਸ ਦੇ ਹਲਕਾ ਇੰਚਾਰਜ ਤੇ ਮੁੱਖ ਬੁਲਾਰੇ ਡਾਕਟਰ ਨਵਜੋਤ ਸਿੰਘ ਦਾਹੀਆ ਨੇ ਪ੍ਰੈੱਸ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅਜੇ ਤਾ ਗਰਮੀ ਸ਼ੁਰੂ ਹੀ ਹੋਈ ਹੈ ਤੇ ਬਿਜਲੀ ਦਾ ਇਹ ਹਾਲ ਹੈ ਤੇ ਆਉਣ ਵਾਲੇ ਦਿਨਾਂ ’ਚ ਹਾਲਤ ਇਸ ਤੋਂ ਵੀ ਬਦਤਰ ਹੋ ਸਕਦੇ ਹਨ। ਉਨ੍ਹਾਂ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਰਾਜ ’ਚ ਬਿਜਲੀ ਦੀ ਘਾਟ ਨਹੀਂ ਹੈ ਤੇ ਪਾਵਰ ਸਰਪਲੱਸ ਬਿਜਲੀ ਹੈ ਪ੍ਰੰਤੂ ਦੂਜੇ ਪਾਸੇ ਹਰ ਰੋਜ਼ ਲੰਬੇ ਲੰਬੇ ਕੱਟ ਲੱਗ ਰਹੇ ਹਨ। ਕਈ ਇਲਾਕਿਆਂ ਵਿੱਚ ਰਾਤ ਸਮੇਂ ਪੂਰਾ ਬਲੈਕ ਆਊਟ ਹੋ ਜਾਂਦਾ ਹੈ ਜਿਸ ਨਾਲ ਲੋਕਾਂ ਦੀ ਸੁਰੱਖਿਆ ਤੇ ਵੀ ਸਵਾਲ ਖੜ੍ਹੇ ਹੋ ਜਾਂਦੇ ਹਨ। ਰਾਤ ਦੇ ਹਨੇਰੇ ’ਚ ਅਪਰਾਧਿਕ ਗਤੀਵਿਧੀਆਂ ਵੀ ਵੱਧ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਬਿਜਲੀ ਕੱਟਾਂ ਦੇ ਨਾਲ ਪੇਂਡੂ ਖੇਤਰਾਂ ਵਿੱਚ ਆਮ ਲੋਕ ਪਰੇਸ਼ਾਨ ਹੁੰਦੇ ਹਨ ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਬਿਨਾਂ ਪਾਣੀ ਤੋਂ ਸੁੱਖ ਕੇ ਖਰਾਬ ਹੋ ਰਹੀਆਂ ਹਨ। ਕਿਸਾਨਾਂ ਨੂੰ ਜਨਰੇਟਰ ਚਲਾ ਕੇ ਵੀ ਆਪਣੀਆਂ ਫਸਲਾਂ ਨੂੰ ਪਾਣੀ ਦੇਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਪਹਿਲਾਂ ਹੀ ਦੋ ਤਿੰਨ ਫਸਲਾਂ ਖਰਾਬ ਹੋਣ ਕਾਰਨ ਕਿਸਾਨ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਕਿਸਾਨਾਂ ਨੂੰ ਰੋਜ਼ਾਨਾ ਛੇ ਤੋਂ ਸੱਤ ਘੰਟੇ ਬਿਜਲੀ ਦੀ ਸਪਲਾਈ ਨਿਰਵਿਘਨ ਮਿਲਣੀ ਚਾਹੀਦੀ ਹੈ। ਡਾਕਟਰ ਦਾਹੀਆ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬਿਜਲੀ ਸਪਲਾਈ ਨੂੰ ਸੁਧਾਰਨ ਲਈ ਤੁਰੰਤ ਕਦਮ ਚੁੱਕੇ ਜਾਣ ਤਾਂ ਕਿ ਆਮ ਲੋਕਾਂ ਨੂੰ ਇਸ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।