ਆਪ੍ਰੇਸ਼ਨ ਸੰਧੂਰ : ਭਾਰਤ ਦਾ ਬਦਲਾ ਕਹਿਰ ਬਣ ਕੇ ਵਰ੍ਹਿਆ ਸੀ ਦੁਸ਼ਮਨ ’ਤੇ
ਪਹਿਲਗਾਮ ਦੇ ਗੁਨਾਹਗਾਰਾਂ ਨੂੰ
Publish Date: Mon, 04 May 2026 09:20 PM (IST)
Updated Date: Mon, 04 May 2026 09:23 PM (IST)

ਪਹਿਲਗਾਮ ਦੇ ਗੁਨਾਹਗਾਰਾਂ ਨੂੰ ਲੁਕਣ ਦੀ ਜਗ੍ਹਾ ਤੱਕ ਨਹੀਂ ਮਿਲੀ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ’ਚ ਤਬਾਹ ਕਰ ਦਿੱਤਾ ਗਿਆ ਅੱਤਵਾਦ ਦਾ ਅੱਡਾ ਨਵੀਨ ਨਵਾਜ਼, ਜਾਗਰਣ ਸ੍ਰੀਨਗਰ : ਪਹਿਲਗਾਮ ਦੇ ਬੈਸਰਨ ’ਚ ਨਿਰਦੋਸ਼ 26 ਲੋਕਾਂ ਦੀ ਜ਼ਾਲਮਾਨਾ ਹੱਤਿਆ ਨਾਲ ਧਰਤੀ ਖੂਨ ਨਾਲ ਲਾਲ ਸੀ। ਇਸ ਕਾਇਰਤਾ ਭਰੇ ਹਮਲੇ ਨਾਲ ਪੂਰਾ ਦੇਸ਼ ਗੁੱਸੇ ’ਚ ਸੀ। ਦੁਸ਼ਮਨ ਦੇ ਘਰ ’ਚ ਦਾਖਲ ਹੋ ਕੇ ਬਾਲਾਕੋਟ ਏਅਰਸਟ੍ਰਾਈਕ ਵਰਗਾ ਬਦਲਾ ਲੈਣ ਦੀ ਮੰਗ ਉੱਠ ਰਹੀ ਸੀ। ਮੂਹਰਲੀਆਂ ਚੌਕੀਆਂ ’ਤੇ ਤਾਇਨਾਤ ਜਵਾਨ ਕੰਟ੍ਰੋਲ ਲਾਈਨ (ਐੱਲਓਸੀ) ਟੱਪਣ ਲਈ ਇਕ ਹੁਕਮ ਦੇ ਇੰਤਜ਼ਾਰ ’ਚ ਸਨ। ਉਦੋਂ ਛੇ-ਸੱਤ ਮਈ ਦੀ ਅੱਧੀ ਰਾਤ ਲਗਪਗ ਇਕ ਵਜੇ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫਰਾਬਾਦ ਤੋਂ ਲੈ ਕੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੇ ਲਾਹੌਰ ਤੱਕ ਅੱਤਵਾਦੀ ਟਿਕਾਣਿਆਂ ’ਤੇ ਜ਼ੋਰਦਾਰ ਧਮਾਕਿਆਂ ਨਾਲ ਸਭ ਕੁਝ ਬਦਲ ਗਿਆ। ਪਹਿਲਗਾਮ ਦੇ ਗੁਨਾਹਗਾਰਾਂ ਨੂੰ ਲੁਕਣ ਤੱਕ ਦੀ ਜਗ੍ਹਾ ਨਹੀਂ ਮਿਲੀ। ਇਹ ਸਿਰਫ ਧਮਾਕੇ ਨਹੀਂ ਸਨ, ਸਗੋਂ ਭਾਰਤ ਦਾ ਬਦਲਾ ਸੀ, ਜੋ ਆਪ੍ਰੇਸ਼ਨ ਸੰਧੂਰ ਦੇ ਰੂਪ ’ਚ ਦੁਸ਼ਮਨ ’ਤੇ ਕਹਿਰ ਬਣ ਕੇ ਵਰ੍ਹਿਆ ਸੀ। ਭਾਰਤੀ ਫ਼ੌਜਾਂ ਨੇ ਬਿਨਾਂ ਸਰਹੱਦ ਪਾਰ ਕੀਤਿਆਂ ਤੇ ਬਿਨਾਂ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆਂ ਅੱਤਵਾਦੀਆਂ ਦੇ ਅੱਡਿਆਂ ਨੂੰ ਤਬਾਹ ਕਰ ਦਿੱਤਾ। ਭਾਰਤ ਦੀ ਇਸ ਕਾਰਵਾਈ ਨਾਲ ਦੁਸ਼ਮਨ ਕੰਬ ਉੱਠਿਆ। ਆਪ੍ਰੇਸ਼ਨ ਸੰਧੂਰ ’ਚ ਭਾਰਤ ਨੇ ਆਪਣੀ ਸਵਦੇਸ਼ੀ ਤਕਨੀਕ ਦੀ ਵਰਤੋਂ ਕੀਤੀ। ਆਕਾਸ਼ ਵਰਗੀ ਮਿਜ਼ਾਈਲ ਪ੍ਰਣਾਲੀ ਤੇ ਆਧੁਨਿਕ ਡ੍ਰੋਨ ਤਕਨੀਕ ਨੇ ਖ਼ਾਸ ਭੂਮਿਕਾ ਨਿਭਾਈ। ਭਾਰਤੀ ਹਵਾਈ ਫ਼ੌਜ ਦੀ ਏਕੀਕ੍ਰਿਤ ਕਮਾਂਡ ਪ੍ਰਣਾਲੀ ਨੇ ਫ਼ੌਜ, ਜਲ ਸੈਨਾ ਤੇ ਹਵਾਈ ਸੈਨਾ ’ਚ ਬੇਹਤਰ ਤਾਲਮੇਲ ਯਕੀਨੀ ਕੀਤਾ। ਭਾਰਤ ਦੀ ਤਾਕਤ ਦਾ ਅਹਿਸਾਸ ਸਿਰਫ ਪਾਕਿਸਤਾਨ ਨੂੰ ਹੀ ਨਹੀਂ ਹੋਇਆ ਸਗੋਂ ਪੂਰੀ ਦੁਨੀਆ ਨੇ ਲੋਹਾ ਮੰਨਿਆ। ਹਰ ਕੋਈ ਬੋਲਿਆ-ਪਾਕਿਸਤਾਨ ਨੂੰ ਸਬਕ ਸਿਖਾਉਣਾ ਜ਼ਰੂਰੀ ਜੰਮੂ ਦੇ ਸਰਹੱਦੀ ਅਖਨੂਰ ’ਚ ਚੇਨਾਬ ਨਦੀ ਦੇ ਕੰਢੇ ਪਹਿਲੇ ਪਿੰਡ ਪਰਗਵਾਲ ਦੇ ਵਾਸੀ ਰੋਹਿਤ ਨੇ ਕਿਹਾ,‘ਸੱਤ ਮਈ ਦਾ ਜਦ ਸੂਰਜ ਨਿਕਲਿਆ ਤਾਂ ਸਾਨੂੰ ਪਾਕਿਸਤਾਨ ਦੀ ਜਵਾਬੀ ਕਾਰਵਾਈ ਦਾ ਡਰ ਨਹੀਂ, ਸਗੋਂ ਉਸ ਤੋਂ ਬਦਲਾ ਪੂਰਾ ਕਰਨ ਦਾ ਜੋਸ਼ ਸੀ। ਸਾਨੂੰ ਪਤਾ ਸੀ ਕਿ ਸਾਡੇ ’ਤੇ ਵੀ ਗੋਲੇ ਡਿੱਗਣਗੇ ਪਰ ਪਿੰਡ ’ਚ ਸਾਰੇ ਇਹੀ ਕਹਿ ਰਹੇ ਸਨ ਕਿ ਇਸ ਵਾਰ ਪਾਕਿਸਤਾਨ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ। ਜਵਾਨਾਂ ਨੂੰ ਕਿਹਾ,‘ਬੂਟ ਨਾ ਲਾਹੁਣਾ, ਐੱਲਓਸੀ ਪਾਰ ਕਰਾਂਗੇ’ ਉੜੀ ’ਚ ਤਾਇਨਾਤ ਰਹੇ ਕਰਨਲ ਰੈਂਕ ਦੇ ਇਕ ਅਧਿਕਾਰੀ ਨੇ ਦਸਿਆ ਕਿ ਸਾਨੂੰ ਕਿਹਾ ਗਿਆ ਸੀ ਕਿ ਦੁਸ਼ਮਨ ’ਤੇ ਟੁੱਟ ਪੈਣ ਲਈ ਤਿਆਰ ਰਹੋ। ਅਸੀਂ ਅਗਲੇ ਹੁਕਮ ਦਾ ਇੰਤਜ਼ਾਰ ਕਰ ਰਹੇ ਸੀ। ਉਮੀਦ ਸੀ ਕਿ ਸਾਨੂੰ ਐੱਲਓਸੀ ਪਾਰ ਕਰਨ ਤੇ ਹਾਜ਼ੀਪੀਰ (ਮਕਬੂਜ਼ਾ ਕਸ਼ਮੀਰ) ’ਚ ਤਿਰੰਗਾ ਫਹਿਰਾਉਣ ਦਾ ਮੌਕਾ ਮਿਲੇਗਾ। ਇਸੇ ਉਤਸ਼ਾਹ ’ਚ ਅਸੀਂ ਆਪਣੇ ਜਵਾਨਾਂ ਨੂੰ ਕਿਹਾ,‘ਬੂਟ ਨਾ ਲਾਹੁਣਾ, ਅੱਗੇ ਵਧਣ ਲਈ ਤਿਆਰ ਰਹੋ, ਪਰ ਛੇ-ਸੱਤ ਮਈ ਦੀ ਅੱਧੀ ਰਾਤ ਨੂੰ ਮੁਜ਼ੱਫਰਾਬਾਦ ’ਚ ਕਾਰਵਾਈ ਹੋ ਗਈ। ਪਿੰਡ ਵਾਲਿਆਂ ਨੇ ਹੀ ਦੁਸ਼ਮਨ ਦਾ ਕਵਾਡਕਾਪਟਰ ਡੇਗ ਦਿੱਤਾ ਰਾਜਵੀਰ ਨਾਮ ਦੇ ਇਕ ਨੌਜਵਾਨ ਨੇ ਕਿਹਾ ਕਿ ਅਰਨੀਆ ਸੈਕਟਰ ’ਚ ਇਕ ਜਗ੍ਹਾ ਦੁਸ਼ਮਨ ਦਾ ਕਵਾਡਕਾਪਟਰ (ਡ੍ਰੋਨ) ਕਾਫੀ ਹੇਠਾਂ ਆਇਆ ਤਾਂ ਲੋਕਾਂ ਨੇ ਉਸ ਨੂੰ ਡੇਗ ਦਿੱਤਾ। ਹਰ ਕਿਸੇ ’ਚ ਜੋਸ਼ ਸੀ। ਸਾਰੇ ਪਹਿਲਗਾਮ ਦਾ ਬਦਲਾ ਚਾਹੁੰਦੇ ਸਨ। ਉਸ ਸਮੇਂ ਜੋ ਜਿਸ ਤਰ੍ਹਾਂ ਨਾਲ ਫ਼ੌਜ ਦੀ ਮਦਦ ਕਰ ਸਕਦਾ ਸੀ, ਕਰ ਰਿਹਾ ਸੀ। ਚੀਨੀ ਮਿਜ਼ਾਈਲ ਤੇ ਤੁਰਕੀ ਡ੍ਰੋਨ ’ਤੇ ਭਾਰੀ ਪਈ ਭਾਰਤੀ ਰੱਖਿਆ ਪ੍ਰਣਾਲੀ ਸ਼ੌਰਿਆ ਚੱਕਰ, ਕੀਰਤੀ ਚੱਕਰ ਸਮੇਤ ਵੱਖ-ਵੱਖ ਵੀਰਤਾ ਪੁਰਸਕਾਰਾਂ ਨਾਲ ਸਨਮਾਨਿਤ ਕਰਨਲ (ਰਿਟਾ.) ਆਰਕੇ ਸ਼ਰਮਾ ਨੇ ਕਿਹਾ ਕਿ ਭਾਰਤ ਨੇ ਜਿਸ ਤਰ੍ਹਾਂ ਨਾਲ ਪਾਕਿਸਤਾਨ ਨੂੰ ਸਬਕ ਸਿਖਾਇਆ, ਉਹ ਇਕ ਕੇਸ ਸਟੱਡੀ ਹੈ। ਛੇ-ਸੱਤ ਮਈ ਦੀ ਅੱਧੀ ਰਾਤ ਨੂੰ ਅਸੀਂ ਪਾਕਿਸਤਾਨ ’ਚ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ ਤੇ ਸੱਤ-ਅੱਠ ਮਈ ਦੀ ਰਾਤ ਪਾਕਿਸਤਾਨ ਨੇ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਤੇ ਗੁਜਰਾਤ ਦੇ ਕਈ ਫ਼ੌਜੀ ਟਿਕਾਣਿਆਂ ’ਤੇ ਹਮਲੇ ਦੀ ਕੋਸ਼ਿਸ਼ ਕੀਤੀ। ਭਾਰਤ ਦੀ ਮਜ਼ਬੂਤ ਹਵਾਈ ਰੱਖਿਆ ਪ੍ਰਣਾਲੀ ਨੇ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਪਾਕਿਸਤਾਨ ਵੱਲੋਂ ਵਰਤੀਆਂ ਜਾ ਰਹੀਆਂ ਚੀਨੀ ਮਿਜ਼ਾਈਲਾਂ ਤੇ ਤੁਰਕੀ ਡ੍ਰੋਨ, ਭਾਰਤੀ ਰੱਖਿਆ ਪ੍ਰਣਾਲੀ ਦੇ ਸਾਹਮਣੇ ਬੇਅਸਰ ਸਾਬਤ ਹੋਏ।