ਰਿਹਾਇਸ਼ੀ ਇਲਾਕਿਆਂ, ਧਾਰਮਿਕ ਸਥਾਨਾਂ ਤੇ ਸਕੂਲਾਂ ਦੇ ਨੇੜੇ ਖੁੱਲ੍ਹੇ ਠੇਕੇ, ਲੋਕਾਂ ਨੇ ਤਿੰਨ ਠੇਕੇ ਬੰਦ ਕਰਵਾਏ, ਵਿਭਾਗ ਵਿੱਚ ਸ਼ਿਕਾਇਤਾਂ ਲੰਬਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰਬਰ 81 ਰਾਮ ਨਗਰ ਫਾਟਕ ਦੇ ਬਿਲਕੁਲ ਸਾਹਮਣੇ ਇੰਡਸਟਰੀ ਜ਼ੋਨ ’ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਲੋਕਾਂ ਦੇ ਵਿਰੋਧ ਕਾਰਨ 12 ਮਈ ਨੂੰ ਕੌਂਸਲਰ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਤਾਲੇ ਲਗਾ ਦਿੱਤੇ ਗਏ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜਿੱਥੇ ਠੇਕਾ ਖੋਲ੍ਹਿਆ ਗਿਆ ਸੀ, ਉਸ ਨੇੜੇ ਕੁੜੀਆ ਦਾ ਸਕੂਲ ਹੈ ਤੇ ਵਿਦਿਆਰਥਣਾਂ ਲਈ ਉੱਥੋਂ ਲੰਘਣਾ ਮੁਸ਼ਕਲ ਹੋ ਰਿਹਾ ਸੀ। ਠੀਕ ਤਿੰਨ ਦਿਨ ਬਾਅਦ 15 ਮਈ ਨੂੰ ਲੰਮਾ ਪਿੰਡ ਚੌਕ ਤੋਂ ਕਿਸ਼ਨਪੁਰਾ ਰੋਡ ’ਤੇ ਆਕਾਸ਼ ਕਾਲੋਨੀ ਦੇ ਬਾਹਰ ਦੋ ਦਿਨ ਪਹਿਲਾਂ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਇਲਾਕਾ ਨਿਵਾਸੀਆਂ ਨੇ ਬੰਦ ਕਰਵਾ ਦਿੱਤਾ। ਇੱਥੇ ਨੇੜੇ ਧਾਰਮਿਕ ਸਥਾਨ ਤੇ ਦੋ ਹਸਪਤਾਲ ਹਨ। ਤੀਜਾ ਮਾਮਲਾ 19 ਮਈ ਨੂੰ ਗੁਰੂ ਸੰਤ ਨਗਰ ਬਸਤੀ ਦਾਨਿਸ਼ਮੰਦਾ ’ਚ ਸਾਹਮਣੇ ਆਇਆ, ਜਿੱਥੇ ਲੋਕਾਂ ਦੇ ਵਿਰੋਧ ਕਾਰਨ ਨਵਾਂ ਖੁੱਲ੍ਹਿਆ ਠੇਕਾ ਬੰਦ ਕਰਵਾ ਦਿੱਤਾ ਗਿਆ। ਆਬਕਾਰੀ ਵਿਭਾਗ ਕੋਲ ਠੇਕਿਆਂ ਵਿਰੁੱਧ ਕਈ ਅਰਜ਼ੀਆਂ ਪੁੱਜ ਚੁੱਕੀਆਂ ਹਨ ਪਰ ਕਾਰਵਾਈ ਨਹੀਂ ਹੋ ਰਹੀ।
ਜਾਣਕਾਰੀ ਮੁਤਾਬਕ ਆਬਕਾਰੀ ਵਿਭਾਗ ਦੋ ਜ਼ਿਲ੍ਹਿਆਂ ’ਚ ਵੰਡਿਆ ਹੋਇਆ ਹੈ ਅਤੇ ਦੋਵੇਂ ਕੋਲ ਦਰਜਨਾਂ ਸ਼ਿਕਾਇਤਾਂ ਤਾਂ ਹਨ ਪਰ ਹੱਲ ਨਹੀਂ। 12 ਮਈ ਤੋਂ 19 ਮਈ ਵਿਚਾਲੇ ਵੱਖ-ਵੱਖ ਥਾਵਾਂ ’ਤੇ ਤਿੰਨ ਠੇਕੇ ਬੰਦ ਹੋਣ ਨਾਲ ਸ਼ਰਾਬ ਕਾਰੋਬਾਰੀਆਂ ਦੀ ਮਨਮਰਜ਼ੀ ਸਾਹਮਣੇ ਆ ਰਹੀ ਹੈ। ਸ਼ਿਕਾਇਤਾਂ ਹਨ ਕਿ ਠੇਕੇਦਾਰ ਮੰਦਰਾਂ, ਗੁਰਦੁਆਰਿਆਂ, ਸਿੱਖਿਆ ਸੰਸਥਾਵਾਂ ਅਤੇ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਸੜਕਾਂ ’ਤੇ ਉਤਰਨਾ ਪੈਂਦਾ ਹੈ ਤੇ ਪੁਲਿਸ ਨੂੰ ਦਖ਼ਲ ਦੇ ਕੇ ਮਾਮਲੇ ਸੁਲਝਾਉਣੇ ਪੈਂਦੇ ਹਨ। ਵਾਰਡ ਨੰਬਰ 81 ਦੀ ਕੌਂਸਲਰ ਸੀਮਾ ਰਾਣੀ ਬੱਧਣ ਤੇ ਉਨ੍ਹਾਂ ਦੇ ਪਤੀ ਆਪ ਆਗੂ ਚਰਨਜੀਤ ਬੱਧਣ ਨੇ ਕਿਹਾ ਕਿ ਮਕਸੂਦਾਂ ਦੇ ਇਸ ਇਲਾਕੇ ਤੋਂ ਠੇਕਾ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਉਹ ਨਵੀਂ ਥਾਂ ’ਤੇ ਠੇਕਾ ਖੋਲ੍ਹਣ। ਇਸ ਤੋਂ ਬਾਅਦ ਲੰਮਾ ਪਿੰਡ ਚੌਕ ਤੋਂ ਕਿਸ਼ਨਪੁਰਾ ਰੋਡ ’ਤੇ ਸਿੰਘ ਸਭਾ ਰਾਮਗੜ੍ਹੀਆ ਗੁਰਦੁਆਰਾ ਕਮੇਟੀ ਨੇ ਦੋ ਦਿਨ ਪਹਿਲਾਂ ਖੁੱਲ੍ਹੇ ਠੇਕੇ ਨੂੰ ਬੰਦ ਕਰਵਾਇਆ, ਜੋ ਅੱਜ ਤੱਕ ਬੰਦ ਹੈ। ਉਨ੍ਹਾਂ ਧਾਰਮਿਕ ਭਾਵਨਾਵਾਂ ਦਾ ਧਿਆਨ ਰੱਖਣ ਦੀ ਚਿਤਾਵਨੀ ਦਿੱਤੀ। ਗੁਰੂ ਸੰਤ ਨਗਰ ਬਸਤੀ ਦਾਨਿਸ਼ਮੰਦਾ ਵਿੱਚ ਵੀ ਲੋਕਾਂ ਦੇ ਵਿਰੋਧ ਕਾਰਨ ਠੇਕਾ ਬੰਦ ਕਰਵਾਇਆ ਗਿਆ।
-----------------------------
ਜਿੱਥੋਂ ਮਿਲ ਰਹੀਆਂ ਹਨ ਸ਼ਿਕਾਇਤਾਂ
ਬਸਤੀ ਸ਼ੇਖਾ ਦੇ ਮੁਹੱਲੇ ਤੋਂ ਇਕ ਠੇਕਾ ਸ਼ਿਫਟ ਕਰਵਾਇਆ ਗਿਆ। ਮਾਡਲ ਹਾਊਸ ਦੇ ਠੇਕੇ ਨੂੰ ਮੁੜ ਲਾਇਸੈਂਸ ਮਿਲਣ ਨਾਲ ਲੋਕਾਂ ’ਚ ਰੋਸ ਹੈ। ਉਹ ਪਿਛਲੇ ਇਕ ਸਾਲ ਤੋਂ ਠੇਕਾ ਬੰਦ ਕਰਵਾਉਣ ਦੀ ਮੰਗ ਕਰ ਰਹੇ ਹਨ। ਇਸੇ ਤਰ੍ਹਾਂ ਨਿਊ ਦਸ਼ਮੇਸ਼ ਨਗਰ ਦੀ ਆਬਾਦੀ ਵਿਚਾਲੇ ਖੁੱਲ੍ਹੇ ਠੇਕੇ ਦੇ ਵਿਰੋਧ ’ਚ ਲੋਕ ਆਬਕਾਰੀ ਵਿਭਾਗ ਨੂੰ ਸ਼ਿਕਾਇਤ ਦੇ ਚੁੱਕੇ ਹਨ ਪਰ ਕੋਈ ਅਸਰ ਨਹੀਂ ਹੋਇਆ। ਭਾਰਗੋ ਕੈਂਪ ਦੇ ਠੇਕੇ ਦੀ ਸ਼ਿਕਾਇਤ ਵੀ ਲੋਕ ਕਰ ਚੁੱਕੇ ਹਨ। ਅਧਿਕਾਰੀ ਸਿਰਫ਼ ਜਾਂਚ ਦੀ ਗੱਲ ਕਰਕੇ ਮਾਮਲਾ ਟਾਲਣ ਦੀ ਕੋਸ਼ਿਸ਼ ਕਰਦੇ ਹਨ।
---------------------------
ਹਰ ਸਰਕਲ ਦਾ ਇੰਚਾਰਜ ਵੱਖਰੇ ਤੌਰ ’ਤੇ ਕਰਦਾ ਹੈ ਜਾਂਚ
ਆਬਕਾਰੀ ਵਿਭਾਗ ਦੋ ਜ਼ਿਲ੍ਹਿਆਂ ’ਚ ਵੰਡਿਆ ਹੋਇਆ ਹੈ। ਹਰ ਸਰਕਲ ਨੂੰ ਵੱਖਰਾ ਆਬਕਾਰੀ ਇੰਸਪੈਕਟਰ ਦੇਖਦਾ ਹੈ ਅਤੇ ਵਿਰੋਧ ਦੀਆਂ ਸ਼ਿਕਾਇਤਾਂ ਵੀ ਉਨ੍ਹਾਂ ਕੋਲ ਹੀ ਪੁੱਜਦੀਆਂ ਹਨ। ਠੇਕੇ ਅਲਾਟ ਕਰਨ ਵੇਲੇ ਨਿਯਮ ਦੱਸੇ ਜਾਂਦੇ ਹਨ। ਜੇ ਲੋਕ ਵਿਰੋਧ ਕਰਦੇ ਹਨ ਤਾਂ ਨਿਯਮਾਂ ਦੀ ਜਾਂਚ ਕੀਤੀ ਜਾਂਦੀ ਹੈ। ਕਈ ਵਾਰ ਠੇਕਾ ਨਿਯਮਾਂ ਮੁਤਾਬਕ ਹੀ ਖੁੱਲ੍ਹਿਆ ਹੁੰਦਾ ਹੈ ਪਰ ਲੋਕ ਵਿਰੋਧ ਕਰਦੇ ਹਨ। ਅਜਿਹੇ ਮਾਮਲਿਆਂ ’ਚ ਵਿਭਾਗ ਦੇ ਡਿਪਟੀ ਕਮਿਸ਼ਨਰ ਹਾਲਾਤ ਦੇਖ ਕੇ ਫ਼ੈਸਲਾ ਲੈਂਦੇ ਹਨ। ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਠੇਕੇ ਦੀ ਥਾਂ ਵੀ ਬਦਲਣੀ ਪੈਂਦੀ ਹੈ। ਅਜਿਹਾ ਨਹੀਂ ਕਿ ਸ਼ਿਕਾਇਤ ਆਉਣ ’ਤੇ ਮੌਕੇ ’ਤੇ ਜਾ ਕੇ ਜਾਂਚ ਨਾ ਕੀਤੀ ਜਾਂਦੀ ਹੋਵੇ।
-ਅਨਿਲ ਕੁਮਾਰ, ਆਬਕਾਰੀ ਇੰਸਪੈਕਟਰ, ਜਲੰਧਰ