ਜ਼ਿਲ੍ਹੇ ’ਚ ਇਕ ਤਿਹਾਈ ਫ਼ਸਲ ਦੀ ਹੀ ਲਿਫਟਿੰਗ, ਮੰਡੀਆਂ ’ਚ ਲੱਗੇ ਕਣਕ ਦੇ ਅੰਬਾਰ
-ਕਿਸਾਨਾਂ ਨੂੰ ਕਣਕ ਵੇਚਣ
Publish Date: Sat, 25 Apr 2026 11:08 PM (IST)
Updated Date: Sat, 25 Apr 2026 11:10 PM (IST)

-ਕਿਸਾਨਾਂ ਨੂੰ ਕਣਕ ਵੇਚਣ ਕਰਨ ’ਚ ਆ ਰਹੀਆਂ ਨੇ ਸਮੱਸਿਆਵਾਂ ਜਾਸ, ਜਲੰਧਰ : ਜ਼ਿਲ੍ਹੇ ’ਚ ਇਸ ਸਮੇਂ ਕਣਕ ਦੀ ਖਰੀਦ ਦਾ ਕੰਮ ਜਾਰੀ ਹੈ ਪਰ ਲਿਫਟਿੰਗ ਦੀ ਮੱਠੀ ਰਫਤਾਰ ਨਾਲ ਮੰਡੀਆਂ ਦੇ ਹਾਲਾਤ ਚਿੰਤਾਜਨਕ ਬਣ ਰਹੇ ਹਨ। ਜ਼ਿਲ੍ਹੇ ਦੀਆਂ ਮੰਡੀਆਂ ’ਚ ਕਣਕ ਦੇ ਅੰਬਾਰ ਲੱਗਣ ਲੱਗੇ ਹਨ। ਇਸ ਕਾਰਨ ਕਿਸਾਨਾਂ ਨੂੰ ਫਸਲ ਦੀ ਬਿਕਵਾਲੀ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਖੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਅਨੁਸਾਰ ਸਾਰੀਆਂ ਖਰੀਦ ਏਜੰਸੀਆਂ ਤੇ ਟ੍ਰਾਂਸਪੋਰਟ ਠੇਕੇਦਾਰਾਂ ਨੂੰ ਲਿਫਟਿੰਗ ਦੇ ਕੰਮ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਲਈ ਸੋਮਵਾਰ ਨੂੰ ਲਿਫਟਿੰਗ ਦੇ ਕੰਮ ’ਚ ਵਿਆਪਕ ਪੱਧਰ ’ਤੇ ਤੇਜ਼ੀ ਲਿਆਈ ਜਾਵੇਗੀ। ਪੰਜਾਬ ਸਰਕਾਰ ਨੇ ਸੂਬੇ ਭਰ ’ਚ ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਦੇ ਨਿਰਦੇਸ਼ ਦਿੱਤੇ ਸਨ ਪਰ ਕਟਾਈ ਦਾ ਕੰਮ ਤੇ ਮੰਡੀਆਂ ’ਚ ਆਮਦ 15 ਅਪ੍ਰੈਲ ਦੇ ਆਸ-ਪਾਸ ਸ਼ੁਰੂ ਹੋਇਆ ਹੈ। ਇਸ ਦੌਰਾਨ ਅਚਾਨਕ ਆਮਦ ਵਧਣ ਤੇ ਲਿਫਟਿੰਗ ਦੀ ਰਫਤਾਰ ਘੱਟ ਹੋਣ ਕਾਰਨ ਮੰਡੀਆਂ ’ਚ ਕਣਕ ਦੀ ਬੋਰੀਆਂ ਦੇ ਅੰਬਾਰ ਲੱਗਣ ਲੱਗੇ ਹਨ। ਜ਼ਿਲ੍ਹੇ ’ਚ 79 ਸਥਾਈ ਮੰਡੀਆਂ ਦੇ ਨਾਲ-ਨਾਲ 24 ਆਰਜ਼ੀ ਖਰੀਦ ਕੇਂਦਰਾਂ ’ਚ ਲਿਫਟਿੰਗ ਦੀ ਸਥਿਤੀ ਇੱਕੋ ਜਿਹੀ ਹੈ। ਲਿਫਟਿੰਗ ਦੀ ਮੱਠੀ ਰਫਤਾਰ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਇਸ ਦੌਰਾਨ ਮੰਡੀਆਂ ’ਚ ਫਸਲ ਲੈ ਕੇ ਪੁੱਜ ਰਹੇ ਕਿਸਾਨਾਂ ਨੂੰ ਮਾਲ ਅਨਲੋਡ ਕਰਨ, ਨਮੀ ਨੂੰ ਸੁਕਾਉਣ ਤੇ ਵਜ਼ਨ ਮਗਰੋਂ ਬੋਰੀਆਂ ’ਚ ਭਰਨ ’ਚ ਮੁਸ਼ਕਲਾਂ ਆ ਰਹੀਆਂ ਹਨ। ਇਸ ਬਾਰੇ ਪਿੰਡ ਧੀਣਾ ਦੇ ਕਿਸਾਨ ਜਸਪਾਲ ਸਿੰਘ ਨੇ ਕਿਹਾ ਕਿ ਫਸਲ ਦੀ ਖਰੀਦ ਲਈ ਮੁੱਢਲੀਆਂ ਸਹੂਲਤਾਂ ਤਾਂ ਉਪਲੱਬਧ ਕਰਵਾਈਆਂ ਗਈਆਂ ਹਨ ਪਰ ਲਿਫਟਿੰਗ ਦੇ ਪ੍ਰਬੰਧ ਵੀ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਲਿਫਟਿੰਗ ਮਗਰੋਂ ਹੀ ਮੰਡੀਆਂ ’ਚ ਜਗ੍ਹਾ ਖਾਲੀ ਹੋਵੇਗੀ, ਜਿੱਥੇ ਕਣਕ ਦੀ ਨਮੀ ਦੂਰ ਕਰਨ ਦੀ ਪ੍ਰਕਿਰਿਆ ਪੂਰੀ ਕਰਨ, ਇਸ ਦਾ ਵਜ਼ਨ ਕਰ ਕੇ ਬੋਰੀਆਂ ’ਚ ਭਰਨ ਦਾ ਕੰਮ ਕੀਤਾ ਜਾ ਸਕਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। --- ਵਿਭਾਗ ਦੇ ਅੰਕੜੇ ਤੇ ਜ਼ਮੀਨੀ ਹਕੀਕਤ ਖੁਰਾਕ ਅਤੇ ਸਪਲਾਈ ਵਿਭਾਗ ਦੇ ਅੰਕੜਿਆਂ ਅਨੁਸਾਰ, ਜ਼ਿਲ੍ਹੇ ’ਚ ਹੁਣ ਤੱਕ 3,31,627 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਇਸ ਵਿਚੋਂ 3,31,419 ਮੀਟ੍ਰਿਕ ਟਨ ਕਣਕ ਦੀ ਖਰੀਦ ਵੀ ਪੂਰੀ ਹੋ ਚੁੱਕੀ ਹੈ ਪਰ ਲਿਫਟਿੰਗ ਦਾ ਕੰਮ ਬਹੁਤ ਹੀ ਮੱਠਾ ਹੈ। ਇਸ ਕਾਰਨ ਹੁਣ ਤੱਕ ਸਿਰਫ 1,13,704 ਮੀਟ੍ਰਿਕ ਟਨ ਕਣਕ ਦੀ ਹੀ ਮੰਡੀਆਂ ਤੋਂ ਲਿਫਟਿੰਗ ਹੋ ਸਕੀ ਹੈ। ਇਸ ਦਾ ਮਤਲਬ ਹੈ ਕਿ ਕੁੱਲ ਖਰੀਦ ਦਾ ਸਿਰਫ ਇਕ ਤਿਹਾਈ ਹਿੱਸਾ ਹੀ ਚੁੱਕਿਆ ਜਾ ਸਕਿਆ ਹੈ। ਇਸ ਨਾਲ ਮੰਡੀਆਂ ’ਚ ਮੁਸ਼ਕਲਾਂ ਵਧ ਰਹੀਆਂ ਹਨ।