ਦੋ ਕਾਰਾਂ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ, ਦੋ ਜ਼ਖਮੀ
ਦੋ ਕਾਰਾਂ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ, ਦੋ ਜ਼ਖਮੀ
Publish Date: Fri, 17 Apr 2026 11:27 PM (IST)
Updated Date: Sat, 18 Apr 2026 04:16 AM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ–ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਅੱਡਾ ਕਾਲਾ ਬੱਕਰਾ ਨੇੜੇ ਜੱਲੋਵਾਲ ਕਾਲੋਨੀ ਚੌਕ ਵਿਖੇ ਦੋ ਕਾਰਾਂ ਤੇ ਇਕ ਮੋਟਰਸਾਈਕਲ ਦੀ ਭਿਆਨਕ ਟੱਕਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਵੇਰੇ 9:56 ਵਜੇ ਐੱਮਡੀਟੀ ਡਿਵਾਈਸ ਰਾਹੀਂ ਹਾਦਸੇ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ’ਤੇ ਐੱਸਐੱਸਐੱਫ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਮੁੱਢਲੀ ਜਾਣਕਾਰੀ ਮੁਤਾਬਕ ਡਸਟਰ ਕਾਰ (ਜੇਕੇ-08-ਡੀ-0050), ਜਿਸ ਨੂੰ ਸੁਰੇਸ਼ ਚੌਧਰੀ ਵਾਸੀ ਜ਼ਿਲ੍ਹਾ ਕਠੂਆ (ਜੰਮੂ-ਕਸ਼ਮੀਰ) ਚਲਾ ਰਿਹਾ ਸੀ, ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੀ ਸੀ। ਜਦੋਂ ਉਹ ਜੱਲੋਵਾਲ ਕਾਲੋਨੀ ਕੱਟ ਕੋਲ ਪਹੁੰਚੇ ਤਾਂ ਆਲਟੋ ਕਾਰ (ਪੀਬੀ08-ਡੀਐੱਨ-5365), ਜਿਸ ਨੂੰ ਮੱਖਣ ਸਿੰਘ ਵਾਸੀ ਅਰਬਨ ਸਟੇਟ, ਜਲੰਧਰ ਚਲਾ ਰਿਹਾ ਸੀ, ਕੱਟ ’ਤੇ ਮੋੜ ਲੱਗਾ। ਇਸ ਦੌਰਾਨ ਪਿੱਛੋਂ ਆ ਰਹੀ ਡਸਟਰ ਕਾਰ ਆਲਟੋ ਨਾਲ ਟਕਰਾ ਗਈ। ਇਸ ਟੱਕਰ ਦੇ ਪ੍ਰਭਾਵ ਨਾਲ ਭੋਗਪੁਰ ਤੋਂ ਜਲੰਧਰ ਵੱਲ ਜਾ ਰਿਹਾ ਸਪਲੈਂਡਰ ਮੋਟਰਸਾਈਕਲ (ਪੀਬੀ08-ਐੱਫਐੱਨ-8336), ਜਿਸ ਨੂੰ ਕਰਨ ਬਾਗੜੀ ਵਾਸੀ ਜਲੰਧਰ ਚਲਾ ਰਿਹਾ ਸੀ, ਵੀ ਆਲਟੋ ਕਾਰ ਦੀ ਚਪੇਟ ’ਚ ਆ ਗਿਆ। ਹਾਦਸੇ ’ਚ ਆਲਟੋ ਕਾਰ ਚਾਲਕ ਤੇ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਪ੍ਰਾਈਵੇਟ ਵਾਹਨਾਂ ਰਾਹੀਂ ਸਿਵਲ ਹਸਪਤਾਲ ਕਾਲਾ ਬੱਕਰਾ ਪਹੁੰਚਾਇਆ। ਇਲਾਜ ਦੌਰਾਨ ਆਲਟੋ ਕਾਰ ਚਾਲਕ ਮੱਖਣ ਸਿੰਘ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਪੁਲਿਸ ਚੌਕੀ ਲਾਹਦੜਾ ਨੂੰ ਦੇ ਦਿੱਤੀ ਗਈ ਹੈ ਤੇ ਜਾਂਚ ਅਧਿਕਾਰੀ ਏਐੱਸਆਈ ਸਰਬਜੀਤ ਸਿੰਘ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਐੱਸਐੱਸਐੱਫ ਟੀਮ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਟ੍ਰੈਫਿਕ ਨੂੰ ਸੁਚਾਰੂ ਬਣਾਇਆ।