ਘਰ ’ਤੇ ਹਮਲਾ ਕਰਨ ਤੇ ਭੰਨ-ਤੋੜ ਦੇ ਮਾਮਲੇ ’ਚ ਇਕ ਮੁਲਜ਼ਮ ਕਾਬੂ
-ਪਿਸਤੌਲ ਬਰਾਮਦ, ਫ਼ਰਾਰ ਹੋਏ
Publish Date: Tue, 19 May 2026 06:43 PM (IST)
Updated Date: Tue, 19 May 2026 06:45 PM (IST)
-ਪਿਸਤੌਲ ਬਰਾਮਦ, ਫ਼ਰਾਰ ਹੋਏ ਸਾਥੀਆਂ ਦੀ ਭਾਲ ’ਚ ਕਈ ਥਾਵਾਂ 'ਤੇ ਛਾਪੇ
ਜਾਸ, ਜਲੰਧਰ : ਕਬੀਰ ਨਗਰ ਇਲਾਕੇ ’ਚ ਰੰਜਿਸ਼ਨ ਘਰ 'ਤੇ ਹਮਲਾ ਤੇ ਭੰਨ-ਤੋੜ ਕਰਨ ਦੇ ਮਾਮਲੇ ’ਚ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ, ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਲੁਧਿਆਣਾ ਤੋਂ ਕਾਬੂ ਕੀਤਾ ਗਿਆ ਹੈ। ਉਸ ਕੋਲੋਂ ਇਕ ਨਾਜਾਇਜ਼ ਪਿਸਤੌਲ ਵੀ ਬਰਾਮਦ ਹੋਈ ਹੈ। ਪੁਲਿਸ ਹੁਣ ਉਸ ਦੇ ਬਾਕੀ ਫ਼ਰਾਰ ਹੋਏ ਸਾਥੀਆਂ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਰਹੀ ਹੈ ਤੇ ਵੱਖ-ਵੱਖ ਥਾਵਾਂ 'ਤੇ ਟੀਮਾਂ ਭੇਜੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਆਪਣੇ ਰਿਸ਼ਤੇਦਾਰਾਂ ਕੋਲ ਲੁਕਿਆ ਹੋਇਆ ਸੀ। ਉਸ ਦੀ ਭਾਲ ’ਚ ਪੁਲਿਸ ਟੀਮਾਂ ਨੇ ਕਈ ਥਾਵਾਂ 'ਤੇ ਛਾਪੇ ਮਾਰੇ ਤਾਂ ਪਤਾ ਲੱਗਾ ਕਿ ਉਹ ਲੁਧਿਆਣਾ ’ਚ ਹੈ। ਇਸ ਤਰ੍ਹਾਂ ਪੁਲਿਸ ਨੇ ਉੱਥੇ ਛਾਪਾ ਮਾਰਿਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਉਸ ਤੋਂ ਇਹ ਵੀ ਪੁੱਛ ਰਹੀ ਹੈ ਕਿ ਉਸ ਨਾਲ ਹੋਰ ਕੌਣ ਸੀ ਤੇ ਉਨ੍ਹਾਂ ਦਾ ਪਤਾ ਵੀ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਤੋਂ ਬਰਾਮਦ ਕੀਤਾ ਗਿਆ ਹਥਿਆਰ ਵੀ ਨਾਜ਼ਾਇਜ ਦੱਸਿਆ ਜਾ ਰਿਹਾ ਹੈ। ਹੁਣ ਪੁਲਿਸ ਇਹ ਪਤਾ ਲਾਉਣ ਵਿਚ ਜੁਟ ਗਈ ਹੈ ਕਿ ਉਸ ਨੇ ਇਹ ਹਥਿਆਰ ਕਿੱਥੋਂ ਲਿਆ ਸੀ।
ਇਹ ਮਾਮਲਾ 14 ਮਈ ਦੀ ਰਾਤ ਦਾ ਹੈ, ਜਦੋਂ ਕਬੀਰ ਨਗਰ ਦੇ ਨਿਵਾਸੀ 72 ਸਾਲਾ ਰਮੇਸ਼ ਚੰਦਰ ਆਪਣੇ ਪਰਿਵਾਰ ਨਾਲ ਘਰ 'ਚ ਸਨ। ਦੋਸ਼ ਲਾਇਆ ਗਿਆ ਹੈ ਕਿ ਰਾਤ ਕਰੀਬ 11:30 ਵਜੇ ਗੁਆਂਢੀ ਤਰਸੇਮ ਲਾਲ ਦਾ ਪੁੱਤਰ ਜਤਿਨ ਆਪਣੇ ਸਾਥੀ ਕਰਨਬੀਰ ਉਰਫ਼ ਕੈਂਬੀ, ਮੋਹਿਤ ਤੇ 10 ਤੋਂ 12 ਹੋਰ ਨੌਜਵਾਨਾਂ ਨਾਲ ਮੋਟਰਸਾਈਕਲਾਂ 'ਤੇ ਉੱਥੇ ਪੁੱਜਾ। ਸਾਰੇ ਨੌਜਵਾਨ ਦਾਤਰ ਤੇ ਤਲਵਾਰਾਂ ਨਾਲ ਲੈਸ ਸਨ। ਪੀੜਤ ਪਰਿਵਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਉਂਦਿਆਂ ਹੀ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਤੇ ਘਰ ’ਚ ਵੜਨ ਦੀ ਕੋਸ਼ਿਸ਼ ਕੀਤੀ। ਪਰਿਵਾਰ ਨੇ ਕਿਸੇ ਤਰ੍ਹਾਂ ਗੇਟ ਬੰਦ ਕੀਤਾ, ਜਿਸ ਤੋਂ ਬਾਅਦ ਹਮਲਾਵਰਾਂ ਨੇ ਗੇਟ 'ਤੇ ਹਥਿਆਰਾਂ ਨਾਲ ਹਮਲਾ ਕੀਤਾ ਤੇ ਬਾਹਰ ਰੱਖੇ ਗਮਲੇ ਤੋੜ ਦਿੱਤੇ। ਇਸ ਤੋਂ ਬਾਅਦ ਸਾਹਮਣੇ ਰਹਿਣ ਵਾਲੇ ਅਸ਼ੋਕ ਕੁਮਾਰ ਤੇ ਰੂਪੇਸ਼ ਦੇ ਘਰ 'ਤੇ ਵੀ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਘਰਾਂ ਦੇ ਗੇਟਾਂ, ਖਿੜਕੀਆਂ ਤੇ ਹੋਰ ਸਾਮਾਨ ਨੂੰ ਨੁਕਸਾਨ ਪਹੁੰਚਾਇਆ। ਗਲੀ ਵਿਚ ਖੜ੍ਹੀ ਕਾਰ ਦੀ ਭੰਨ-ਤੋੜ ਕੀਤੀ ਤੇ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ। ਹਾਲਾਂਕਿ ਵਾਰਦਾਤ ਦੀਆਂ ਕਈ ਤਸਵੀਰਾਂ ਦੂਜੇ ਕੈਮਰਿਆਂ ’ਚ ਕੈਦ ਹੋ ਗਈਆਂ, ਜਿਸ ਦੇ ਆਧਾਰ 'ਤੇ ਪੁਲਿਸ ਮੁਲਜ਼ਮਾਂ ਤੱਕ ਪੁੱਜੀ।