ਪੁਰਾਣੇ ਇਲੈਕਟ੍ਰਿਕਲ ਕੰਡਕਟਰ ਵੀ ਬਣ ਰਹੇ ਹਨ ਬਿਜਲੀ ਫਾਲਟ ਦਾ ਕਾਰਨ
ਜਾਸ, ਜਲੰਧਰ : ਜਿਸ
Publish Date: Mon, 25 May 2026 10:44 PM (IST)
Updated Date: Mon, 25 May 2026 10:46 PM (IST)

ਜਾਸ, ਜਲੰਧਰ : ਜਿਸ ਇਲਾਕੇ ਦੇ ਟ੍ਰਾਂਸਫਾਰਮਰ ’ਚ ਵਾਰ-ਵਾਰ ਫਾਲਟ ਆ ਰਹੇ ਹਨ, ਉਥੇ ਪਾਵਰਕਾਮ ਟ੍ਰਾਂਸਫਾਰਮਰ ਨੂੰ ਅਪਗਰੇਡ ਕਰ ਕੇ ਸਮਰੱਥਾ ਵਧਾ ਰਿਹਾ ਹੈ। ਹੁਣ ਟ੍ਰਾਂਸਫਾਰਮਰ ’ਚ ਫਾਲਟ ਦੇ ਨਾਲ-ਨਾਲ ਪੁਰਾਣੇ ਲੱਗੇ ਇਲੈਕਟ੍ਰਿਕਲ ਕੰਡਕਟਰ ਵੀ ਲੋਡ ਵਧਣ ਨਾਲ ਟੁੱਟ ਰਹੇ ਹਨ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ’ਚ ਕਈ ਸਾਲਾਂ ਤੋਂ ਪੁਰਾਣੇ ਕੰਡਕਟਰ ਲੱਗੇ ਹੋਏ ਹਨ। ਜਦੋਂ ਇਲਾਕੇ ਦਾ ਲੋਡ ਵਧਦਾ ਹੈ ਤਾਂ ਕੰਡਕਟਰ ਟੁੱਟ ਜਾਂਦੇ ਹਨ। ਕੰਡਕਟਰ ਟੁੱਟਣ ਕਾਰਨ ਬਿਜਲੀ ਸਪਲਾਈ ’ਚ ਰੁਕਾਵਟ ਆਉਂਦੀ ਹੈ। ਘੰਟਿਆਂਬੱਧੀ ਤੱਕ ਬਿਜਲੀ ਦੀ ਸਪਲਾਈ ਸੁਚਾਰੂ ਨਹੀਂ ਹੁੰਦੀ। ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਇਕ ਹਫ਼ਤਾ ਪਹਿਲਾਂ ਅੰਬੇਡਕਰ ਕਾਲੋਨੀ ’ਚ ਪੁਰਾਣੇ ਕੰਡਕਟਰ ਨੂੰ ਬਦਲ ਕੇ ਨਵੇਂ ਲਾ ਦਿੱਤੇ ਗਏ ਸਨ। ਕਾਰਨ ਇਹ ਸੀ ਕਿ ਲੋਡ ਵਧਣ ਕਾਰਨ ਉਹ ਟੁੱਟ ਗਏ ਸਨ। ਜ਼ਿਆਦਾਤਰ ਇਲਾਕਿਆਂ ’ਚ 30 ਐੱਮਐੱਮ ਦਾ ਕੰਡਕਟਰ ਲੱਗਾ ਹੋਇਆ ਹੈ। ਜਿਸ ਇਲਾਕੇ ’ਚ ਲੋਡ ਵਧ ਰਿਹਾ ਹੈ, ਉਥੇ ਫਾਲਟ ਨਾ ਆਵੇ, ਇਸ ਲਈ 30 ਐੱਮਐੱਮ ਦੀ ਜਗ੍ਹਾ 50 ਐੱਮਐੱਮ ਦਾ ਇਲੈਕਟ੍ਰਿਕਲ ਕੰਡਕਟਰ ਲਾਇਆ ਜਾ ਰਿਹਾ ਹੈ। 30 ਫੀਸਦ ਸਥਾਈ ਸਟਾਫ ਦੇ ਨਾਲ ਪਾਵਰਕਾਮ ਮੀਟਰ ਰੀਡਿੰਗ, ਬਿਜਲੀ ਚੋਰੀ ਕਰਨ ਵਾਲਿਆਂ 'ਤੇ ਸ਼ਿਕੰਜਾ, ਟ੍ਰਾਂਸਫਾਰਮਰ ਨੂੰ ਬਦਲਣ ਦੇ ਨਾਲ-ਨਾਲ ਕਈ ਕੰਮ ਕਰ ਰਿਹਾ ਹੈ। ਬਿਜਲੀ ਦੀ ਖਪਤ ਵਧਣ ਕਾਰਨ ਲੋਡ ਵਧ ਰਿਹਾ ਹੈ। ਟ੍ਰਾਂਸਫਾਰਮਰ ’ਚ ਫਾਲਟ ਆ ਰਹੇ ਹਨ, ਜਿਸ ਨੂੰ ਠੀਕ ਕਰਨ ਵਿਚ ਇਕ ਤੋਂ ਦੋ ਘੰਟੇ ਦਾ ਸਮਾਂ ਲੱਗ ਰਿਹਾ ਹੈ। ਪਾਵਰਕਾਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਜਿੱਥੇ ਪੁਰਾਣੇ ਕੰਡਕਟਰ ਲੱਗੇ ਹਨ, ਉਥੇ ਨਵੇਂ ਲਾਏ ਜਾ ਰਹੇ ਹਨ। ਇਲਾਕਿਆਂ ’ਚ 50 ਐੱਮਐੱਮ ਦੇ ਕੰਡਕਟਰ ਲੱਗ ਰਹੇ ਹਨ। ਫਿਲਹਾਲ ਇਕਦਮ ਤੋਂ ਲੋਡ ਵਧਣ ਕਾਰਨ ਫਾਲਟ ਆ ਰਹੇ ਹਨ। ਸ਼ਿਕਾਇਤਾਂ ਦਾ ਹੱਲ ਕੀਤਾ ਜਾ ਰਿਹਾ ਹੈ।
---
ਸ਼ਿਕਾਇਤ ਕੇਂਦਰਾਂ ’ਚ ਪੁੱਜੀਆਂ ਸ਼ਿਕਾਇਤਾਂ
ਸੋਮਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਿਜਲੀ ਦੀ ਲੁੱਕਣ ਮੀਟੀ ਚੱਲਦੀ ਰਹੀ। ਭਗਤ ਸਿੰਘ ਕਾਲੋਨੀ, ਸੰਜੈ ਗਾਂਧੀ ਕਾਲੋਨੀ, ਮਾਡਲ ਹਾਊਸ, ਮਾਡਲ ਟਾਊਨ, ਬਸਤੀ ਸ਼ੇਖ, ਬਸਤੀ ਦਾਨਿਸ਼ਮੰਦ, ਵਿਵੇਕ ਵਿਹਾਰ, ਅੰਮ੍ਰਿਤ ਵਿਹਾਰ, ਦੁਰਗਾ ਕਾਲੋਨੀ, ਮਾਸਟਰ ਤਾਰਾ ਸਿੰਘ ਨਗਰ, ਬੰਚਿਤ ਨਗਰ ਤੇ ਨਾਲ ਲੱਗਦੇ ਇਲਾਕਿਆਂ ਵਿਚ ਬਿਜਲੀ ਇਕ ਤੋਂ ਦੋ ਘੰਟੇ ਦੁਪਹਿਰ ਨੂੰ ਬੰਦ ਰਹੀ। ਕਿਸੇ ਇਲਾਕੇ ਦੇ ਟ੍ਰਾਂਸਫਾਰਮਰ ਦਾ ਫਿਊਜ਼ ਉੱਡ ਗਿਆ ਸੀ ਤਾਂ ਕਿਸੇ ਦੀ ਵਾਇਰਿੰਗ ਸੜ ਗਈ ਸੀ। ਕਿਤੇ ਕੇਬਲ ਸੜੀ ਹੋਈ ਹੈ। ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ’ਚ 440 ਸ਼ਿਕਾਇਤਾਂ ਪੁੱਜੀਆਂ ਸਨ, ਜਿਨ੍ਹਾਂ ਦਾ ਨਿਬੇੜਾ ਕਰ ਦਿੱਤਾ ਗਿਆ ਸੀ।