ਮਖਦੂਮਪੁਰਾ ਵਿੱਚ ਨਾ ਬਿਜਲੀ, ਨਾ ਪਾਣੀ; ਲੋਕ ਟੈਂਕਰਾਂ ‘ਤੇ ਨਿਰਭਰ

-ਕੌਂਸਲਰ ਜਸਲੀਨ ਸੇਠੀ ਨੇ ਸੜਕਾਂ ‘ਤੇ ਉਤਰਨ ਦੀ ਚਿਤਾਵਨੀ ਦਿੱਤੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਖਦੂਮਪੁਰਾ ਇਲਾਕੇ ’ਚ ਬਿਜਲੀ ਅਤੇ ਪਾਣੀ ਦਾ ਸੰਕਟ ਵੱਧਦਾ ਜਾ ਰਿਹਾ ਹੈ। ਇੱਥੇ ਪਾਣੀ ਦੀ ਕਿੱਲਤ ਕਾਰਨ ਲੋਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਬਿਜਲੀ ਨਾ ਆਉਣ ਕਾਰਨ ਟਿਊਬਵੈੱਲ ਵੀ ਨਹੀਂ ਚੱਲ ਰਹੇ, ਜਿਸ ਕਰਕੇ ਲੋਕ ਪਾਣੀ ਦੇ ਟੈਂਕਰਾਂ ‘ਤੇ ਨਿਰਭਰ ਹੋ ਗਏ ਹਨ। ਹਾਲਾਂਕਿ ਟੈਂਕਰਾਂ ਰਾਹੀਂ ਵੀ ਲੋਕਾਂ ਦੀ ਲੋੜ ਪੂਰੀ ਨਹੀਂ ਹੋ ਰਹੀ। ਇਲਾਕਾ ਕੌਂਸਲਰ ਤੇ ਮਹਿਲਾ ਕਾਂਗਰਸ ਦੀ ਨੈਸ਼ਨਲ ਕੋਆਰਡੀਨੇਟਰ ਡਾ. ਜਸਲੀਨ ਸੇਠੀ ਨੇ ਨਿਗਮ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਲੋਕ ਪਾਣੀ ਲਈ ਤਰਸ ਰਹੇ ਹਨ, ਜਦਕਿ ਨਿਗਮ ਪ੍ਰਸ਼ਾਸਨ ਹੱਥ ’ਤੇ ਹੱਥ ਧਰੇ ਬੈਠਾ ਹੈ। ਉਨ੍ਹਾਂ ਕਿਹਾ ਕਿ ਜਦ ਨਿਗਮ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਗਰਮੀਆਂ ਵਿੱਚ ਪਾਣੀ ਦੀ ਖਪਤ 30 ਫੀਸਦੀ ਤੱਕ ਵੱਧ ਜਾਂਦੀ ਹੈ ਤਾਂ ਪਹਿਲਾਂ ਹੀ ਅਜਿਹੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਕਿ ਲੋਕਾਂ ਨੂੰ ਪੂਰਾ ਪਾਣੀ ਮਿਲ ਸਕੇ।
ਉਨ੍ਹਾਂ ਕਿਹਾ ਕਿ 45 ਡਿਗਰੀ ਤਾਪਮਾਨ ਵਿੱਚ ਸ਼ਹਿਰ ਦੇ ਲੋਕ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਇਸ਼ਤਿਹਾਰਾਂ ਵਿੱਚ ਵਿਅਸਤ ਹੈ। ਡਾ. ਸੇਠੀ ਨੇ ਕਿਹਾ ਕਿ ਜਲੰਧਰ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੋ ਰਿਹਾ। ਸ਼ਹਿਰ ਵਿੱਚ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਈ ਪਰਿਵਾਰ ਨਿੱਜੀ ਟੈਂਕਰ ਮੰਗਵਾਉਣ ਲਈ ਮਜਬੂਰ ਹਨ, ਜਿਸ ਸਰਕਾਰ ਨੇ ਹਰ ਘਰ ਤੱਕ ਸਹੂਲਤਾਂ ਪਹੁੰਚਾਉਣ ਦੇ ਦਾਅਵੇ ਕੀਤੇ ਸਨ, ਉਸੇ ਦੇ ਰਾਜ ਵਿੱਚ ਲੋਕ ਬਾਲਟੀਆਂ ਲੈ ਕੇ ਲਾਈਨਾਂ ਵਿੱਚ ਖੜ੍ਹੇ ਹਨ। ਬਿਜਲੀ ਕੱਟਾਂ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਡਾ. ਸੇਠੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੇ ਮਖਦੂਮਪੁਰਾ ’ਚ ਨਾ ਬਿਜਲੀ ਹੈ ਤੇ ਨਾ ਹੀ ਪਾਣੀ। ਉੱਥੇ ਨਵੰਬਰ ਵਿੱਚ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ ਹੋਇਆ ਸੀ ਪਰ ਮਈ ਵਿੱਚ ਜਾ ਕੇ ਬਿਜਲੀ ਕੁਨੈਕਸ਼ਨ ਲਈ ਅਰਜ਼ੀ ਦਿੱਤੀ ਗਈ। ਇਹ ਕਨੈਕਸ਼ਨ ਦੋ ਮਹੀਨੇ ਪਹਿਲਾਂ ਲੱਗ ਜਾਣਾ ਚਾਹੀਦਾ ਸੀ। ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਟਿਊਬਵੈੱਲ ਚਾਲੂ ਨਾ ਕਰ ਸਕਣਾ ਸਰਕਾਰ ਦੀ ਨਾਕਾਮੀ ਹੈ।
ਉਨ੍ਹਾਂ ਕਿਹਾ ਕਿ ਗਾਂਧੀ ਕੈਂਪ, ਇੰਦਰਾ ਕਾਲੋਨੀ, ਨਿਊ ਇੰਦਰਾ ਕਾਲੋਨੀ, ਅਵਤਾਰ ਨਗਰ, ਬਸਤੀ ਸ਼ੇਖ, ਬਸਤੀ ਗੁਜ਼ਾਂ, ਗੁਰੂ ਨਾਨਕ ਪੁਰਾ, ਮਾਡਲ ਹਾਊਸ, ਸੂਰਿਆ ਇਨਕਲੇਵ, ਭਾਰਗੋ ਕੈਂਪ, ਗੜ੍ਹਾ, ਲਾਡੋਵਾਲੀ ਰੋਡ, ਸੰਤ ਨਗਰ ਅਤੇ ਵਿਵੇਕ ਨਗਰ ਵਿੱਚ ਹਾਲਾਤ ਬਹੁਤ ਖਰਾਬ ਹਨ। ਕਈ ਥਾਵਾਂ ‘ਤੇ ਲੋਕਾਂ ਨੂੰ ਲੋੜ ਦੇ ਅੱਧੇ ਤੋਂ ਵੀ ਘੱਟ ਪਾਣੀ ਮਿਲ ਰਿਹਾ ਹੈ। ਇਸ ਕਾਰਨ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾ. ਜਸਲੀਨ ਸੇਠੀ ਨੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਪੀਣ ਵਾਲੇ ਪਾਣੀ ਦੇ ਸੰਕਟ ਦਾ ਪੱਕਾ ਹੱਲ ਨਾ ਕੀਤਾ ਗਿਆ, ਬੰਦ ਟਿਊਬਵੈੱਲ ਚਾਲੂ ਨਾ ਹੋਏ ਅਤੇ ਨਿਯਮਿਤ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਲੋਕ ਸੜਕਾਂ ’ਤੇ ਉਤਰ ਕੇ ਵੱਡਾ ਅੰਦੋਲਨ ਕਰਨਗੇ।