ਜਾਸ, ਜਲੰਧਰ : ਵਾਰਡ ਨੰਬਰ

ਜਾਸ, ਜਲੰਧਰ :
ਵਾਰਡ ਨੰਬਰ 55 ਅਧੀਨ ਆਉਂਦੀ ਬਸਤੀ ਗੁਜ਼ਾਂ ’ਚ ਭਗਵਾਨ ਵਾਲਮੀਕੀ ਮੰਦਰ ਦੇ ਆਸ-ਪਾਸ ਦੇ ਇਲਾਕੇ ’ਚ ਪਿਛਲੇ 30 ਘੰਟਿਆਂ ਤੋਂ ਬਿਜਲੀ ਸਪਲਾਈ ਬੰਦ ਹੈ। ਟ੍ਰਾਂਸਫਾਰਮਰ ਖਰਾਬ ਹੋਣ ਕਾਰਨ ਪੂਰੇ ਇਲਾਕੇ ’ਚ ਹਨੇਰਾ ਛਾਇਆ ਹੋਇਆ ਹੈ। ਇਸ ਕਾਰਨ ਇਲਾਕੇ ਦੇ ਟਿਊਬਵੈੱਲ ਵੀ ਬੰਦ ਹੋ ਗਏ ਹਨ, ਜਿਸ ਨਾਲ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਬਿਜਲੀ ਤੇ ਪਾਣੀ ਨਾ ਮਿਲਣ ਕਾਰਨ ਨਾਰਾਜ਼ ਲੋਕਾਂ ਨੇ ਸ਼ੁੱਕਰਵਾਰ ਨੂੰ ਧਰਨਾ-ਪ੍ਰਦਰਸ਼ਨ ਕੀਤਾ ਤੇ ਸੜਕ ਜਾਮ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਬੁਨਿਆਦੀ ਸਹੂਲਤਾਂ ਦੇਣ ’ਚ ਨਾਕਾਮ ਰਹੀ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਸਪਲਾਈ ਮੁੜ ਨਹੀਂ ਚਾਲੂ ਕੀਤੀ ਗਈ ਤਾਂ ਉਹ ਸੜਕਾਂ 'ਤੇ ਆ ਕੇ ਸੰਘਰਸ਼ ਕਰਨਗੇ।
ਲੋਕਾਂ ਨੇ ਕਿਹਾ ਕਿ ਭਿਆਨਕ ਗਰਮੀ ’ਚ ਨਾ ਬਿਜਲੀ ਮਿਲ ਰਹੀ ਹੈ ਤੇ ਨਾ ਹੀ ਪਾਣੀ। ਰਾਤ ਹੋਣ 'ਤੇ ਘਰਾਂ ’ਚ ਹਨੇਰਾ ਛਾ ਜਾਂਦਾ ਹੈ। ਇਨਵਰਟਰ ਵੀ ਕੰਮ ਨਹੀਂ ਕਰ ਰਹੇ। ਬੱਚਿਆਂ ਤੇ ਬਜ਼ੁਰਗਾਂ ਦਾ ਘਰ ’ਚ ਰਹਿਣਾ ਮੁਸ਼ਕਲ ਹੋ ਗਿਆ ਹੈ। ਔਰਤਾਂ ਨੇ ਦੱਸਿਆ ਕਿ 30 ਘੰਟਿਆਂ ਤੋਂ ਨਹਾਉਣ-ਪੀਣ ਲਈ ਪਾਣੀ ਨਹੀਂ ਹੈ। ਉਹ ਆਸ-ਪਾਸ ਦੇ ਇਲਾਕਿਆਂ ਤੋਂ ਪਾਣੀ ਲਿਆਉਣ ਲਈ ਮਜਬੂਰ ਹਨ। ਇਲਾਕਾ ਵਾਸੀਆਂ ਨੇ ਰਾਤ ਦੇ ਸਮੇਂ ਹਨੇਰੇ ਕਾਰਨ ਆਪਰਾਧਿਕ ਘਟਨਾਵਾਂ ਵਧਣ ਦਾ ਖ਼ਤਰਾ ਵੀ ਜਤਾਇਆ ਹੈ।
ਇਲਾਕਾ ਦੇ ਕੌਂਸਲਰ ਤਰਵਿੰਦਰ ਸੋਈ ਨੇ ਕਿਹਾ ਕਿ ਟ੍ਰਾਂਸਫਾਰਮਰ ਖਰਾਬ ਹੋਣ ਕਾਰਨ ਟਿਊਬਵੈੱਲ ਨਹੀਂ ਚੱਲ ਰਹੇ, ਇਸ ਲਈ ਪਾਣੀ ਦੀ ਸਪਲਾਈ ਰੁਕੀ ਹੋਈ ਹੈ। ਪਾਵਰਕਾਮ ਦੀ ਟੀਮ ਮੌਕੇ 'ਤੇ ਪੁੱਜ ਗਈ ਹੈ ਤੇ ਖਰਾਬ ਟ੍ਰਾਂਸਫਾਰਮਰ ਨੂੰ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਮੀਦ ਹੈ ਕਿ ਜਲਦੀ ਹੀ ਬਿਜਲੀ ਤੇ ਪਾਣੀ ਦੀ ਸਪਲਾਈ ਮੁੜ ਚਾਲੂ ਹੋ ਜਾਵੇਗੀ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਰਮੀ ਦੇ ਮੌਸਮ ’ਚ ਬਿਜਲੀ-ਪਾਣੀ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਤਰਜੀਹੀ ਆਧਾਰ ’ਤੇ ਠੀਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਲਾਕਾ ਵਾਸੀ ਪ੍ਰਧਾਨ ਕਾਲੀ ਥਾਪਰ ਨੇ ਕਿਹਾ ਕਿ ਬਿਜਲੀ ਤੇ ਪਾਣੀ ਨਾ ਹੋਣ ਕਾਰਨ ਲੋਕਾਂ ਦੇ ਰੋਜ਼ਮਰ੍ਹਾ ਦੇ ਕੰਮ ਰੁਕ ਗਏ ਹਨ। ਲੋਕ ਸੜਕਾਂ ’ਤੇ ਬੈਠ ਕੇ ਗੁਜ਼ਾਰਾ ਕਰ ਰਹੇ ਹਨ। ਪਾਵਰਕਾਮ ਛੇਤੀ ਕੰਮ ਕਰੇ ਤਾਂਕਿ ਲੋਕਾਂ ਨੂੰ ਰਾਹਤ ਮਿਲੇ। ਐਮਰਜੈਂਸੀ ਲਈ ਟਰਾਂਸਫਾਰਮਰ ਵੀ ਰੱਖੇ ਜਾਣ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮਖਦੂਮਪੁਰਾ ਇਲਾਕੇ ’ਚ ਬਿਜਲੀ ਅਤੇ ਪਾਣੀ ਦਾ ਸੰਕਟ ਪੈਦਾ ਹੋਇਆ ਹੈ। ਇੱਥੇ ਪਾਣੀ ਦੀ ਕਿੱਲਤ ਕਾਰਨ ਲੋਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਬਿਜਲੀ ਨਾ ਆਉਣ ਕਾਰਨ ਟਿਊਬਵੈੱਲ ਵੀ ਨਹੀਂ ਚੱਲ ਰਹੇ, ਜਿਸ ਕਰਕੇ ਲੋਕ ਪਾਣੀ ਦੇ ਟੈਂਕਰਾਂ ‘ਤੇ ਨਿਰਭਰ ਹੋ ਗਏ ਹਨ। ਹਾਲਾਂਕਿ ਟੈਂਕਰਾਂ ਰਾਹੀਂ ਵੀ ਲੋਕਾਂ ਦੀ ਲੋੜ ਪੂਰੀ ਨਹੀਂ ਹੋ ਰਹੀ। ਇਲਾਕਾ ਕੌਂਸਲਰ ਤੇ ਮਹਿਲਾ ਕਾਂਗਰਸ ਦੀ ਨੈਸ਼ਨਲ ਕੋਆਰਡੀਨੇਟਰ ਡਾ. ਜਸਲੀਨ ਸੇਠੀ ਨੇ ਨਿਗਮ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਲੋਕ ਪਾਣੀ ਲਈ ਤਰਸ ਰਹੇ ਹਨ, ਜਦਕਿ ਨਿਗਮ ਪ੍ਰਸ਼ਾਸਨ ਹੱਥ ’ਤੇ ਹੱਥ ਧਰ ਕੇ ਬੈਠਾ ਹੈ। ਉਨ੍ਹਾਂ ਕਿਹਾ ਕਿ ਜਦ ਨਿਗਮ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਗਰਮੀਆਂ ਵਿੱਚ ਪਾਣੀ ਦੀ ਖਪਤ 30 ਫੀਸਦੀ ਤੱਕ ਵੱਧ ਜਾਂਦੀ ਹੈ ਤਾਂ ਪਹਿਲਾਂ ਹੀ ਅਜਿਹੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਕਿ ਲੋਕਾਂ ਨੂੰ ਪੂਰਾ ਪਾਣੀ ਮਿਲ ਸਕੇ।
45 ਡਿਗਰੀ ਤਾਪਮਾਨ ਵਿੱਚ ਸ਼ਹਿਰ ਦੇ ਲੋਕ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ’ਚ ਰੁੱਝੀ ਹੋਈ ਹੈ। ਡਾ. ਸੇਠੀ ਨੇ ਕਿਹਾ ਕਿ ਜਲੰਧਰ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੋ ਰਿਹਾ। ਸ਼ਹਿਰ ਵਿੱਚ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਈ ਪਰਿਵਾਰ ਨਿੱਜੀ ਟੈਂਕਰ ਮੰਗਵਾਉਣ ਲਈ ਮਜਬੂਰ ਹਨ, ਜਿਸ ਸਰਕਾਰ ਨੇ ਹਰ ਘਰ ਤੱਕ ਸਹੂਲਤਾਂ ਪਹੁੰਚਾਉਣ ਦੇ ਦਾਅਵੇ ਕੀਤੇ ਸਨ, ਉਸੇ ਦੇ ਰਾਜ ਵਿੱਚ ਲੋਕ ਬਾਲਟੀਆਂ ਲੈ ਕੇ ਲਾਈਨਾਂ ਵਿੱਚ ਖੜ੍ਹੇ ਹਨ। ਬਿਜਲੀ ਕੱਟਾਂ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਡਾ. ਸੇਠੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੇ ਮਖਦੂਮਪੁਰਾ ’ਚ ਨਾ ਬਿਜਲੀ ਹੈ ਤੇ ਨਾ ਹੀ ਪਾਣੀ। ਉੱਥੇ ਨਵੰਬਰ ਵਿੱਚ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ ਹੋਇਆ ਸੀ ਪਰ ਮਈ ਵਿੱਚ ਜਾ ਕੇ ਬਿਜਲੀ ਕੁਨੈਕਸ਼ਨ ਲਈ ਅਰਜ਼ੀ ਦਿੱਤੀ ਗਈ। ਇਹ ਕਨੈਕਸ਼ਨ ਦੋ ਮਹੀਨੇ ਪਹਿਲਾਂ ਲੱਗ ਜਾਣਾ ਚਾਹੀਦਾ ਸੀ। ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਟਿਊਬਵੈੱਲ ਚਾਲੂ ਨਾ ਕਰ ਸਕਣਾ ਸਰਕਾਰ ਦੀ ਨਾਕਾਮੀ ਹੈ। ਡਾ. ਸੇਠੀ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਜਲਦੀ ਪੀਣ ਵਾਲੇ ਪਾਣੀ ਦੇ ਸੰਕਟ ਦਾ ਪੱਕਾ ਹੱਲ ਨਾ ਕੀਤਾ ਗਿਆ, ਬੰਦ ਟਿਊਬਵੈੱਲ ਚਾਲੂ ਨਾ ਹੋਏ ਅਤੇ ਨਿਯਮਿਤ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਲੋਕ ਸੜਕਾਂ ’ਤੇ ਉਤਰ ਕੇ ਵੱਡਾ ਅੰਦੋਲਨ ਕਰਨਗੇ।