ਨਿਤਿਨ ਕੋਹਲੀ ਨੇ ਵੱਖ-ਵੱਖ ਗੁਰੂਘਰਾਂ ’ਚ ਟੇਕਿਆ ਮੱਥਾ
ਨਿਤਿਨ ਕੋਹਲੀ ਨੇ ਸ਼ਹਿਰ ਭਰ ਦੇ ਗੁਰਦੁਆਰਿਆਂ ’ਚ ਮੱਥਾ ਟੇਕਿਆ ਤੇ ਸਾਰਿਆਂ ਲਈ ਸ਼ਾਂਤੀ, ਖੁਸ਼ੀ ਤੇ ਖੁਸ਼ਹਾਲੀ ਦੀ ਅਰਦਾਸ ਕੀਤੀ
Publish Date: Wed, 05 Nov 2025 07:22 PM (IST)
Updated Date: Wed, 05 Nov 2025 07:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ’ਤੇ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਗੁਰਦੁਆਰਾ ਸ੍ਰੀ ਗੁਰਢਾਬ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਬੜਿੰਗ), ਗੁਰਦੁਆਰਾ ਸੁਖਮਨੀ ਸੇਵਾ ਸੁਸਾਇਟੀ (ਗੁਰੂ ਨਾਨਕਪੁਰਾ ਵੈਸਟ), ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ (ਸ਼ਾਲੀਮਾਰ ਗਾਰਡਨ), ਗੁਰਦੁਆਰਾ ਨਿਊ ਦਸਮੇਸ਼ ਨਗਰ (ਰਾਮਾ ਮੰਡੀ) ਤੇ ਗੁਰਦੁਆਰਾ ਬੁੱਢਾ ਸਾਹਿਬ ਜੀ (ਨੈਸ਼ਨਲ ਐਵੀਨਿਊ) ਪੁੱਜ ਕੇ ਗੁਰੂ ਸਾਹਿਬ ਦੇ ਚਰਨਾਂ ’ਚ ਮੱਥਾ ਟੇਕਿਆ ਤੇ ਅਰਦਾਸ ਕੀਤੀ। ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਰੀ ਮਨੁੱਖਤਾ ਲਈ ਪ੍ਰੇਰਨਾ ਹੈ। ਉਨ੍ਹਾਂ ਵੱਲੋਂ ਦਿੱਤਾ ਗਿਆ ਸੱਚ, ਸਮਾਨਤਾ, ਸੇਵਾ ਤੇ ਭਾਈਚਾਰੇ ਦਾ ਸੰਦੇਸ਼ ਸਾਡੇ ਸਮਾਜ ਦੀ ਅਸਲ ਨੀਂਹ ਹੈ। ਉਨ੍ਹਾਂ ਕਿਹਾ, ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਦੂਜਿਆਂ ਦੀ ਸੇਵਾ ਕਰਨਾ ਸੱਚੀ ਪੂਜਾ ਹੈ ਤੇ ਸਮਾਜ ’ਚ ਨਫ਼ਰਤ ਨਹੀਂ, ਪਿਆਰ ਦਾ ਸੰਦੇਸ਼ ਫੈਲਾਉਣਾ ਸੱਚੀ ਸ਼ਰਧਾ ਹੈ। ਕੋਹਲੀ ਨੇ ਅੱਗੇ ਕਿਹਾ ਕਿ ਪ੍ਰਕਾਸ਼ ਪੁਰਬ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਨੂੰ ਆਪਣੇ ਜੀਵਨ ’ਚ ਸੱਚਾਈ, ਦਇਆ ਤੇ ਇਮਾਨਦਾਰੀ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਸਮਾਜ ’ਚ ਏਕਤਾ, ਭਾਈਚਾਰਾ ਤੇ ਮਨੁੱਖਤਾ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੰਗਤ ਨੇ ਕੀਰਤਨ ਸੁਣਿਆ ਤੇ ਅਰਦਾਸ ’ਚ ਹਿੱਸਾ ਲਿਆ, ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ।