ਕੋਹਲੀ ਵੱਲੋਂ 85 ਲੱਖ ਨਾਲ ਤਿਆਰ ਸੜਕ ਲੋਕਾਂ ਨੂੰ ਸਮਰਪਿਤ
ਨਿਤਿਨ ਕੋਹਲੀ ਵੱਲੋਂ ਵਾਰਡ ਨੰਬਰ 12 ਵਿੱਚ 85 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਇੰਟਰਲਾਕ ਟਾਈਲਜ਼ ਵਾਲੀ ਸੜਕ ਲੋਕਾਂ ਨੂੰ ਸਮਰਪਿਤ
Publish Date: Mon, 04 May 2026 09:47 PM (IST)
Updated Date: Mon, 04 May 2026 09:50 PM (IST)

-ਬਿਜਲੀ ਘਰ ਤੋਂ ਮੇਨ ਰੋਡ ਤੱਕ ਨਵੀਂ ਉਸਾਰੀ ਨਾਲ 15–20 ਸਾਲਾਂ ਦੀ ਪੁਰਾਣੀ ਮੰਗ ਹੋਈ ਪੂਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਵੱਲੋਂ ਵਾਰਡ ਨੰਬਰ 12 ਵਿੱਚ ਕਰੀਬ 85 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਜ਼ ਲਗਾ ਕੇ ਤਿਆਰ ਕੀਤੀ ਗਈ ਸੜਕ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਲਾਕਾ ਵਾਸੀਆਂ ਦੀ ਇਹ ਮੰਗ ਪਿਛਲੇ ਕਈ ਸਾਲਾਂ ਤੋਂ ਪੈਂਡਿੰਗ ਸੀ ਅਤੇ ਕਰੀਬ 15 ਤੋਂ 20 ਸਾਲਾਂ ਤੋਂ ਇਹ ਸੜਕ ਨਾ ਬਣਨ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਵਿਕਾਸ ਕਾਰਜ ਬਿਜਲੀ ਘਰ ਤੋਂ ਮੇਨ ਰੋਡ ਤੱਕ ਕਰਵਾਇਆ ਗਿਆ ਹੈ, ਜਿਸ ਤਹਿਤ ਪੂਰੇ ਰਸਤੇ ‘ਤੇ ਇੰਟਰਲਾਕ ਟਾਈਲਜ਼ ਲਗਾ ਕੇ ਸੜਕ ਦੀ ਨਵੀਂ ਉਸਾਰੀ ਕੀਤੀ ਗਈ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਸੁਵਿਧਾਜਨਕ ਆਵਾਜਾਈ ਦੇ ਨਾਲ-ਨਾਲ ਇੱਕ ਬਿਹਤਰ ਬੁਨਿਆਦੀ ਢਾਂਚਾ ਵੀ ਪ੍ਰਾਪਤ ਹੋਇਆ ਹੈ। ਇਸ ਮੌਕੇ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਸ਼ਿਵਮ ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਅੱਜ ਪੂਰਾ ਹੁੰਦਾ ਦੇਖ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਨਿਤਿਨ ਕੋਹਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਵਾਰਡ ਵਿੱਚ ਵਿਕਾਸ ਕਾਰਜ ਲਗਾਤਾਰ ਰਫ਼ਤਾਰ ਫੜ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਲੋਕ-ਹਿਤੈਸ਼ੀ ਪ੍ਰੋਜੈਕਟ ਇਲਾਕੇ ਨੂੰ ਸਮਰਪਿਤ ਕੀਤੇ ਜਾਣਗੇ। ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੇ ਸੜਕਾਂ ਦੇ ਨਿਰਮਾਣ ਦਾ ਕੰਮ ਹੋਵੇ, ਸੀਵਰੇਜ ਪ੍ਰਬੰਧ ਨੂੰ ਸੁਧਾਰਨਾ ਹੋਵੇ, ਟਰੈਫਿਕ ਸਮੱਸਿਆਵਾਂ ਦਾ ਹੱਲ ਹੋਵੇ ਜਾਂ ਇਲਾਕਿਆਂ ਵਿੱਚ ਸਟਰੀਟ ਲਾਈਟਾਂ ਦੀ ਵਿਵਸਥਾ ਹਰ ਖੇਤਰ ਵਿੱਚ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਯੋਜਨਾਬੱਧ ਢੰਗ ਨਾਲ ਕੰਮ ਹੋ ਰਿਹਾ ਹੈ। ਇਸਦੇ ਨਾਲ ਹੀ ਘਰੇਲੂ ਖਪਤਕਾਰਾਂ ਲਈ 300 ਯੂਨਿਟ ਤੱਕ ਮੁਫ਼ਤ ਬਿਜਲੀ ਵਰਗੀਆਂ ਲੋਕ-ਹਿਤੈਸ਼ੀ ਸਹੂਲਤਾਂ ਵੀ ਲੋਕਾਂ ਨੂੰ ਵੱਡੀ ਰਾਹਤ ਦੇ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ, ਔਰਤਾਂ ਦੀ ਆਰਥਿਕ ਮਜ਼ਬੂਤੀ ਲਈ ਐਲਾਨੀਆਂ ਸਕੀਮਾਂ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸਖ਼ਤ ਰੁਖ ਇਸ ਗੱਲ ਦਾ ਪ੍ਰਮਾਣ ਹਨ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੇ ਹਿੱਤਾਂ ਲਈ ਡੱਟ ਕੇ ਖੜੀ ਹੈ। ਨਿਤਿਨ ਕੋਹਲੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਲੰਧਰ ਸੈਂਟਰਲ ਦੇ ਹਰ ਵਾਰਡ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਹੀ ਉਨ੍ਹਾਂ ਦੀ ਪਹਿਲ ਰਹੇਗੀ। ਇਲਾਕਾ ਨਿਵਾਸੀਆਂ ਨੇ ਇਸ ਵਿਕਾਸ ਕਾਰਜ ਲਈ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਕਈ ਸਾਲਾਂ ਤੋਂ ਲਟਕਦੀ ਆ ਰਹੀ ਮੰਗ ਨੂੰ ਹੁਣ ਪੂਰਾ ਹੁੰਦਾ ਦੇਖ ਕੇ ਲੋਕਾਂ ਵਿੱਚ ਉਤਸ਼ਾਹ ਹੈ ਅਤੇ ਇਸ ਨਾਲ ਇਲਾਕੇ ਦੀ ਤਸਵੀਰ ਬਦਲੇਗੀ। ਇਸ ਮੌਕੇ ਤ੍ਰਿਲੋਕ ਸਿੰਘ ਸਰਾਂ, ਸਮੀਰ ਮਰਵਾਹਾ, ਸੰਜੀਵ ਤ੍ਰੇਹਨ, ਰਾਮ ਲੁਭਾਇਆ, ਬਾਬਾ ਰੋਸ਼ਨ ਅਲੀ, ਮੁਲਕ ਰਾਜ, ਜਸਮੀਤ ਅਤੇ ਰਾਮਪਾਲ ਸਰੋਆ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।