ਨਿਤਿਨ ਕੋਹਲੀ ਵੱਲੋਂ ਨਵੇਂ ਟਿਊਬਵੈੱਲ ਦਾ ਉਦਘਾਟਨ
ਕਿਹਾ-ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ
Publish Date: Sat, 16 May 2026 08:43 PM (IST)
Updated Date: Sun, 17 May 2026 04:13 AM (IST)

ਕਿਹਾ-ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪਹਿਲ ਦੇ ਰਹੀ ਟੀਮ, ਲੋਕਾਂ ਨੂੰ ਮਿਲੇਗੀ ਪਾਣੀ ਦੀ ਸਮੱਸਿਆ ਤੋਂ ਰਾਹਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰਬਰ 12 ’ਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਟਿਊਬਵੈੱਲ ਦਾ ਉਦਘਾਟਨ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਵੱਲੋਂ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਕੌਂਸਲਰ ਸ਼ਿਵਮ ਸ਼ਰਮਾ, ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਦੀ ਹਾਜ਼ਰੀ ਰਹੀ। ਟਿਊਬਵੈੱਲ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਤੇ ਲੋਕਾਂ ਨੇ ਇਸ ਕੰਮ ਨੂੰ ਸਮੇਂ ਦੀ ਲੋੜ ਦੱਸਿਆ। ਇਸ ਮੌਕੇ ਕੌਂਸਲਰ ਸ਼ਿਵਮ ਸ਼ਰਮਾ ਨੇ ਨਿਤਿਨ ਕੋਹਲੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਵਾਰਡ ਨੰਬਰ 12 ਵਿੱਚ ਪਾਣੀ ਦੀ ਕਿਲਤ ਇੱਕ ਵੱਡੀ ਸਮੱਸਿਆ ਬਣੀ ਹੋਈ ਸੀ। ਕਈ ਇਲਾਕਿਆਂ ’ਚ ਲੋਕਾਂ ਨੂੰ ਘੰਟਿਆਂ ਤੱਕ ਪਾਣੀ ਦੀ ਉਡੀਕ ਕਰਨੀ ਪੈਂਦੀ ਸੀ, ਜਿਸ ਕਾਰਨ ਘਰੇਲੂ ਕੰਮਾਂ ਦੇ ਨਾਲ ਨਾਲ ਰੋਜ਼ਾਨਾ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਨਿਤਿਨ ਕੋਹਲੀ ਨੇ ਲੋਕਾਂ ਦੀ ਇਸ ਮੁਸ਼ਕਲ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਨਵੇਂ ਟਿਊਬਵੈੱਲ ਦੀ ਮਨਜ਼ੂਰੀ ਦਿਵਾ ਕੇ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਨਿਤਿਨ ਕੋਹਲੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਉਨ੍ਹਾਂ ਦੀ ਪਹਿਲ ਹੈ ਅਤੇ ਹਲਕੇ ਦੇ ਹਰ ਵਾਰਡ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਪਾਣੀ, ਸੜਕਾਂ ਅਤੇ ਸਫਾਈ ਵਰਗੀਆਂ ਮੁੱਢਲੀਆਂ ਸਹੂਲਤਾਂ ਲੋਕਾਂ ਦਾ ਹੱਕ ਹਨ ਅਤੇ ਉਹ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਵਾ ਰਹੇ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕ ਭਲਾਈ ਦੇ ਕੰਮ ਤੇਜ਼ੀ ਨਾਲ ਕਰਵਾਏ ਜਾਣਗੇ। ਇਲਾਕਾ ਵਾਸੀਆਂ ਨੇ ਵੀ ਨਵੇਂ ਟਿਊਬਵੈੱਲ ਦੇ ਉਦਘਾਟਨ ’ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਇਸ ਨਾਲ ਖਾਸ ਕਰਕੇ ਗਰਮੀ ਦੇ ਦਿਨਾਂ ਵਿੱਚ ਪਾਣੀ ਦੀ ਕਮੀ ਤੋਂ ਕਾਫੀ ਹੱਦ ਤੱਕ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਕਾਸ ਕਾਰਜ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਂਦੇ ਹਨ ਅਤੇ ਇਲਾਕੇ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ, ਪਾਰਟੀ ਵਰਕਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ, ਜਿਨ੍ਹਾਂ ਵਿੱਚ ਜਨਰਲ ਏ. ਐਸ. ਬਾਹੀਆ, ਜਨਰਲ ਐਨ. ਐਸ. ਬਾਵਾ, ਕਰਨਲ ਕੇ. ਐਸ. ਪੁਰੀ, ਜੇ. ਪੀ. ਗੁਪਤਾ, ਐਸ. ਕੇ. ਵਸ਼ਿਸ਼ਟ ਅਤੇ ਅਸ਼ਵਨੀ ਸ਼ਰਮਾ ਸ਼ਾਮਲ ਸਨ।