ਜਾਸ, ਜਲੰਧਰ : ਨਗਰ

ਜਾਸ, ਜਲੰਧਰ : ਨਗਰ ਨਿਗਮ ਨੇ ਮੌਨਸੂਨ ’ਚ ਪਾਣੀ ਭਰਨ ਤੇ ਸੀਵਰੇਜ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਡੇਢ ਮਹੀਨਾ ਪਹਿਲਾਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੇਅਰ ਵਨੀਤ ਧੀਰ ਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਸੀਵਰੇਜ-ਵਾਟਰ ਸਪਲਾਈ ਐਡਹਾਕ ਕਮੇਟੀ ਦੀ ਚੇਅਰਪਰਸਨ ਰਮਨਦੀਪ ਕੌਰ ਬਾਲੀ ਤੇ ਓਐਂਡਐੱਮ ਬ੍ਰਾਂਚ ਦੀ ਟੀਮ ਨਾਲ ਮੌਨਸੂਨ ਨਾਲ ਜੁੜੇ ਸਾਰੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ ਕਿ ਸੁਪਰ ਸੱਕਸ਼ਨ ਮਸ਼ੀਨ ਨਾਲ ਸਾਰੇ ਪ੍ਰਮੁੱਖ ਸੀਵਰੇਜ ਲਾਈਨਾਂ ਦੀ ਸਫਾਈ ਕੀਤੀ ਜਾਵੇਗੀ। ਮੇਅਰ ਵਨੀਤ ਧੀਰ ਨੇ ਹੁਕਮ ਦਿੱਤਾ ਕਿ ਸ਼ਹਿਰ ਦੀਆਂ ਪ੍ਰਮੁੱਖ ਸੀਵਰੇਜ ਲਾਈਨਾਂ ਦੀ ਤੁਰੰਤ ਸੁਪਰ ਸੱਕਸ਼ਨ ਮਸ਼ੀਨਾਂ ਨਾਲ ਸਫਾਈ ਸ਼ੁਰੂ ਕੀਤੀ ਜਾਵੇ। ਮੌਨਸੂਨ ਤੋਂ ਪਹਿਲਾਂ ਜ਼ਿਆਦਾਤਰ ਇਲਾਕਿਆਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨੀਵੇਂ ਇਲਾਕਿਆਂ ’ਚ ਇਹ ਕੰਮ ਸਭ ਤੋਂ ਪਹਿਲਾਂ ਕਰਵਾਇਆ ਜਾਵੇ ਤਾਂ ਜੋ ਪਾਣੀ ਭਰਨ ਦੇ ਹਾਲਾਤ ਘੱਟ ਤੋਂ ਘੱਟ ਬਣਨ। 54 ਇੰਚ ਤੱਕ ਦੀ ਪਾਈਪ ਲਾਈਨ ਵਾਲੀਆਂ ਸਾਰੀਆਂ ਪ੍ਰਮੁੱਖ ਸੀਵਰੇਜ ਲਾਈਨਾਂ ਪਹਿਲਾਂ ਸਾਫ਼ ਕੀਤੀਆਂ ਜਾਣਗੀਆਂ ਫਿਰ ਛੋਟੀਆਂ 'ਤੇ ਧਿਆਨ ਦਿੱਤਾ ਜਾਵੇਗਾ। ਮੇਅਰ ਨੇ ਦੱਸਿਆ ਕਿ ਸੁਪਰ ਸੱਕਸ਼ਨ ਮਸ਼ੀਨਾਂ ਦੀ ਗਿਣਤੀ ਕਾਫੀ ਹੈ ਤੇ ਸਾਰੇ ਇਲਾਕਿਆਂ ’ਚ ਇਕੱਠੇ ਕੰਮ ਕੀਤਾ ਜਾਵੇਗਾ।
ਮੇਅਰ, ਕਮਿਸ਼ਨਰ ਤੇ ਕਮੇਟੀ ਦੀ ਚੇਅਰਪਰਸਨ ਨੇ ਓਐਂਡਐੱਮ ਵਿਭਾਗ ਦੇ ਸਟਾਫ ਨੂੰ ਸਾਰੇ ਡਿਸਪੋਜ਼ਲਾਂ ਦੀ ਲਗਾਤਾਰ ਚੈਕਿੰਗ ਕਰਨ ਲਈ ਕਿਹਾ ਹੈ। ਜਿੱਥੇ ਮੋਟਰ ਖਰਾਬ ਹੈ ਜਾਂ ਸਮਰੱਥਾ ਵਧਾਉਣ ਦੀ ਲੋੜ ਹੈ, ਉਸ ਨੂੰ ਸਮੇਂ 'ਤੇ ਠੀਕ ਕੀਤਾ ਜਾਵੇ। ਫੋਲੜੀਵਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਕੰਮਕਾਜ 'ਤੇ ਖਾਸ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਪਿਛਲੇ ਸਾਲ ਮੌਨਸੂਨ ’ਚ ਫੋਲਡੀਵਾਲ ਐੱਸਟੀਪੀ ’ਚ ਸਮੱਸਿਆ ਆਉਣ ਕਾਰਨ ਮਾਡਲ ਟਾਊਨ, ਅਰਬਨ ਅਸਟੇਟ ਸਮੇਤ ਕਈ ਇਲਾਕਿਆਂ ’ਚ ਪਾਣੀ ਭਰਨ ਗਿਆ ਸੀ। ਮੇਅਰ ਨੇ ਹੁਕਮ ਦਿੱਤਾ ਹੈ ਕਿ ਇਸ ਵਾਰ ਅਜਿਹਾ ਨਹੀਂ ਹੋਣਾ ਚਾਹੀਦਾ। ਸਾਰੇ ਪਲਾਂਟ ਤੇ ਪਾਵਰ ਬੈਕਅਪ ਦਾ ਪੂਰਾ ਧਿਆਨ ਰੱਖਿਆ ਜਾਵੇ।
---
ਨੀਵੇਂ ਇਲਾਕਿਆਂ 'ਤੇ ਖਾਸ ਧਿਆਨ ਦੇ ਹੁਕਮ
ਐਡਹਾਕ ਕਮੇਟੀ ਦੀ ਚੇਅਰਪਰਸਨ ਰਮਨਦੀਪ ਕੌਰ ਬਾਲੀ ਨੇ ਦੱਸਿਆ ਕਿ ਨੀਵੇਂ ਇਲਾਕਿਆਂ ’ਚ ਜਿੱਥੇ ਪਾਣੀ ਭਰਦਾ ਹੈ, ਉੱਥੇ ਪਾਣੀ ਦੀ ਨਿਕਾਸੀ ਲਈ ਲੱਗੀਆਂ ਮੋਟਰਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ। ਕਿਸ਼ਨਪੁਰਾ, ਬਸਤੀਆਂ, ਲੰਮਾ ਪਿੰਡ ਚੌਕ, ਤੰਗ ਬਾਜ਼ਾਰਾਂ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪਾਣੀ ਦੀ ਨਿਕਾਸੀ ਦੋ-ਤਿੰਨ ਘੰਟਿਆਂ ’ਚ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਹਰ ਵਾਰਡ ’ਚ ਰੱਖੇ ਗਏ ਤਿੰਨ ਮੁਲਾਜ਼ਮਾਂ ਨੂੰ ਸੜਕਾਂ-ਗਲੀਆਂ ਦੀ ਫੌਰੀ ਸਫਾਈ ਦੇ ਹੁਕਮ ਦਿੱਤੇ ਗਏ ਹਨ। ਹਰ ਹਫ਼ਤੇ ਇਸ ਦਾ ਰੀਵਿਊ ਵੀ ਕੀਤਾ ਜਾਵੇਗਾ ਤਾਂ ਜੋ ਪਾਣੀ ਦੀ ਨਿਕਾਸੀ ਠੀਕ ਰਹੇ। ਕੌਂਸਲਰ ਸਾਥੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਇਲਾਕਿਆਂ ’ਚ ਸੀਵਰੇਜ ਤੇ ਸੜਕਾਂ-ਗਲੀਆਂ ਦੀ ਸਫਾਈ ਦੀ ਮਾਨੀਟਰਿੰਗ ਕਰਨ। ਚੇਅਰਪਰਸਨ ਬਾਲੀ ਨੇ ਸੁਪਰ ਸੱਕਸ਼ਨ ਮਸ਼ੀਨ ਨਾਲ ਕਈ ਇਲਾਕਿਆਂ ’ਚ ਸਫਾਈ, ਸੀਵਰੇਜ ਚੈਂਬਰਾਂ ਦੀ ਚੈਕਿੰਗ ਤੇ ਖਰਾਬ ਚੈਂਬਰਾਂ ਨੂੰ ਠੀਕ ਕਰਨ ਦੇ ਮੁੱਦੇ ਨੂੰ ਵੀ ਉਠਾਇਆ। ਉਨ੍ਹਾਂ ਨੇ ਕਿਹਾ ਕਿ ਮੌਨਸੂਨ ਤੋਂ ਪਹਿਲਾਂ ਸਾਰੇ ਜ਼ਰੂਰੀ ਕੰਮ ਪੂਰੇ ਕਰ ਲਏ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਪਾਣੀ ਭਰਨ ਤੋਂ ਰਾਹਤ ਮਿਲ ਸਕੇ।
---
ਦੂਸ਼ਿਤ ਪਾਣੀ ਦੀ ਸਪਲਾਈ ਰੋਕਣ ਦੇ ਹੁਕਮ
ਮੀਟਿੰਗ ’ਚ ਵਾਟਰ ਸਪਲਾਈ ਵਿਭਾਗ ਦੇ ਕੰਮ 'ਤੇ ਵੀ ਚਰਚਾ ਹੋਈ। ਹੁਕਮ ਦਿੱਤਾ ਗਿਆ ਕਿ ਟਿਊਬਵੈੱਲ ਖਰਾਬ ਹੋਣ 'ਤੇ ਕੁਝ ਹੀ ਘੰਟਿਆਂ ’ਚ ਠੀਕ ਕਰਨ ਦਾ ਇੰਤਜ਼ਾਮ ਕੀਤਾ ਜਾਵੇ ਤੇ ਵਾਧੂ ਮੋਟਰਾਂ ਰੱਖੀਆਂ ਜਾਣ। ਮੇਅਰ ਨੇ ਕਿਹਾ ਕਿ ਸਟਾਫ ਦੀ ਘਾਟ ਕਾਰਨ ਕਈ ਵਾਰ ਪਾਈਪ ਲੀਕੇਜ ਦੂਰ ਕਰਨਾ ਮੁਸ਼ਕਲ ਹੁੰਦਾ ਹੈ, ਜਿਸ ਨਾਲ ਗੰਦੇ ਪਾਣੀ ਦੀ ਸਪਲਾਈ ਹੁੰਦੀ ਹੈ। ਮੇਅਰ ਵਨੀਤ ਧੀਰ ਨੇ ਕਿਹਾ ਕਿ ਸੀਵਰੇਜ ਤੇ ਵਾਟਰ ਸਪਲਾਈ ਨਾਲ ਜੁੜੇ ਕੰਮਾਂ ’ਚ ਜਿੱਥੇ ਸਟਾਫ ਦੀ ਘਾਟ ਕਾਰਨ ਮੁਸ਼ਕਲ ਆ ਰਹੀ ਹੈ, ਉਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਓਐਂਡਐੱਮ ਵਿਭਾਗ ਨੂੰ ਜਿੰਨਾ ਸਟਾਫ ਚਾਹੀਦਾ ਹੈ, ਉਸ ਦੀ ਡਿਮਾਂਡ ਜਲਦੀ ਤਿਆਰ ਕਰਨ ਲਈ ਕਿਹਾ ਗਿਆ ਹੈ। ਮੇਅਰ ਨੇ ਸਖਤੀ ਨਾਲ ਕਿਹਾ ਕਿਤੇ ਵੀ ਦੂਸ਼ਿਤ ਪਾਣੀ ਦੀ ਸਪਲਾਈ ਨਹੀਂ ਹੋਣੀ ਚਾਹੀਦੀ।
---
ਇੱਥੇ ਕਈ ਇਲਾਕਿਆਂ ’ਚ ਹਾਲਾਤ ਜਿਉਂ ਦੇ ਤਿਉਂ
ਜਲੰਧਰ : ਨਗਰ ਨਿਗਮ ਪ੍ਰਸ਼ਾਸਨ ਨੇ ਮੌਨਸੂਨ ’ਚ ਪਾਣੀ ਭਰਨ ਦੀ ਸਮੱਸਿਆ ਘਟਾਉਣ ਲਈ ਕਈ ਹੁਕਮ ਜਾਰੀ ਕੀਤੇ ਹਨ ਪਰ ਇਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ ਹਾਲੇ ਵੀ ਚੁਣੌਤੀ ਹੈ। ਨਗਰ ਨਿਗਮ ਨੇ ਪਿਛਲੀ ਵਾਰ ਜੋ ਹੁਕਮ ਜਾਰੀ ਕੀਤੇ ਸਨ, ਉਹ ਵੀ ਹਾਲੇ ਤੱਕ ਜ਼ਮੀਨੀ ਪੱਧਰ 'ਤੇ ਨਹੀਂ ਦਿਖਾਈ ਦੇ ਰਹੇ। ਅਜਿਹੇ ’ਚ ਨਵੇਂ ਹੁਕਮਾਂ ਨੂੰ ਲੈ ਕੇ ਵੀ ਖ਼ਦਸ਼ਾ ਬਰਕਰਾਰ ਹੈ ਤੇ ਪਾਣੀ ਭਰਨ ਨੂੰ ਲੈ ਕੇ ਲੋਕਾਂ ਦੀ ਮੁਸ਼ਕਲ ਜਿਉਂ ਦੀ ਤਿਉਂ ਬਣੀ ਰਹਿ ਸਕਦੀ ਹੈ।
---
ਕੇਸ-1 : ਤਹਿਸੀਲ ਤੋਂ ਸੰਵਿਧਾਨ-ਬੀਐੱਮਸੀ ਚੌਕ
ਤਹਿਸੀਲ ਕੰਪਲੈਕਸ ਤੋਂ ਸੰਵਿਧਾਨ-ਬੀਐੱਮਸੀ ਚੌਕ ਤੱਕ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਨਵਾਂ ਬਰਸਾਤੀ ਸੀਵਰੇਜ ਪਾਉਣ ਦਾ 6 ਮਹੀਨੇ ਪਹਿਲਾਂ ਟੈਂਡਰ ਜਾਰੀ ਹੋਇਆ ਸੀ ਪਰ ਕੰਮ ਅੱਜ ਤੱਕ ਸ਼ੁਰੂ ਨਹੀਂ ਹੋਇਆ। ਇਹ ਸ਼ਹਿਰ ਦਾ ਅਹਿਮ ਇਲਾਕਾ ਹੈ, ਜਿੱਥੇ ਵੱਡੇ ਅਧਿਕਾਰੀ ਬੈਠਦੇ ਹਨ ਪਰ ਇੱਥੇ ਸਭ ਤੋਂ ਵੱਧ ਪਾਣੀ ਭਰਨ ਦੀ ਸਮੱਸਿਆ ਹੁੰਦੀ ਹੈ। ਪਿਛਲੇ ਸਾਲ ਵਰਗੇ ਹਾਲਾਤ ਇਸ ਵਾਰ ਵੀ ਬਣੇ ਰਹਿਣਗੇ।
--
ਕੇਸ-2 : ਬਸਤੀਆਂ ਸ਼ੇਖ ਸਕੂਲ ਰੋਡ
ਬਸਤੀ ਸ਼ੇਖ ’ਚ ਲੜਕੀਆਂ ਦੇ ਸਰਕਾਰੀ ਸਕੂਲ ਦੇ ਬਾਹਰ 30-40 ਸਾਲ ਤੋਂ ਪਾਣੀ ਭਰਨ ਦੀ ਸਮੱਸਿਆ ਬਣੀ ਹੋਈ ਹੈ। ਇਸ ਵਾਰ ਤਾਂ ਸੜਕ ਵੀ ਉਖੜ ਗਈ ਹੈ। ਮੌਨਸੂਨ ਵਿਚ ਬੱਚਿਆਂ ਨੂੰ ਸਕੂਲ ਪੁੱਜਣ ’ਚ ਵੱਡੀ ਮੁਸ਼ਕਲ ਹੋਵੇਗੀ। ਇਸ ਇਲਾਕੇ ਨੂੰ 120 ਫੁੱਟ ਰੋਡ ਦੇ ਬਰਸਾਤੀ ਸੀਵਰੇਜ ਨਾਲ ਜੋੜਿਆ ਜਾਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਸਕੂਲ ਦੇ ਬਾਹਰ ਦੋ ਫੁੱਟ ਤੱਕ ਪਾਣੀ ਭਰ ਜਾਂਦਾ ਹੈ।
--
ਕੇਸ-3 : ਮਿਲਾਪ ਚੌਕ ਰੋਡ
ਮਿਲਾਪ ਚੌਕ ਨੇੜੇ ਮਹੀਨਿਆਂ ਤੋਂ ਸੀਵਰੇਜ ਜਾਮ ਹੈ। ਲੋਕਾਂ ਦੀ ਵਾਰ-ਵਾਰ ਸ਼ਿਕਾਇਤ 'ਤੇ ਨਗਰ ਨਿਗਮ ਨੇ ਸੀਵਰੇਜ ਦੀ ਪੁਰਾਣੀ ਲਾਈਨ ਨੂੰ ਉਖਾੜ ਕੇ ਨਵੀਂ ਪਾਈਪਲਾਈਨ ਪਾਈ ਪਰ ਸਮੱਸਿਆ ਹੱਲ ਨਹੀਂ ਹੋਈ। ਹਾਲੇ ਵੀ ਇੱਥੇ ਰੋਜ਼ਾਨਾ ਸੀਵਰੇਜ ਦਾ ਪਾਣੀ ਸੜਕ 'ਤੇ ਦਿਖਾਈ ਦਿੰਦਾ ਹੈ। ਮੀਂਹ ਕਣੀ ਦੇ ਦਿਨਾਂ ਦੌਰਾਨ ਇਹ ਸੜਕ ਟ੍ਰੈਫਿਕ ਲਈ ਬੰਦ ਹੋ ਜਾਂਦੀ ਹੈ। ਮੌਨਸੂਨ ’ਚ ਇੱਥੇ ਵੀ ਪਾਣੀ ਭਰਨਾ ਤੈਅ ਹੈ।
--
ਕੇਸ-4 : ਅਲੀ ਮੁਹੱਲਾ ਤੋਂ ਸ਼ੇਖਾਂ ਬਾਜ਼ਾਰ
ਅਲੀ ਮੁਹੱਲਾ ਤੋਂ ਸ਼ੇਖਾਂ ਬਾਜ਼ਾਰ ਚੌਕ ਤੱਕ ਦੀ ਸੜਕ 'ਤੇ ਮੌਨਸੂਨ ’ਚ ਪਾਣੀ ਭਰ ਜਾਂਦਾ ਹੈ। ਇਹ ਸੜਕ ਜ਼ਿਆਦਾ ਚੌੜੀ ਨਹੀਂ ਹੈ ਤੇ ਦੁਕਾਨਦਾਰਾਂ ਦਾ ਕੰਮ ਠੱਪ ਹੋ ਜਾਂਦਾ ਹੈ ਤੇ ਗਾਹਕ ਨਹੀਂ ਆਉਂਦੇ। ਸੜਕਾਂ-ਗਲੀਆਂ ਨਹੀਂ ਹਨ ਤੇ ਸੀਵਰੇਜ ਦੀ ਪਾਈਪ ਲਾਈਨ ਵੀ ਪੁਰਾਣੀ ਤੇ ਛੋਟੀ ਹੈ। ਪਾਣੀ ਦੀ ਨਿਕਾਸੀ ਦਾ ਹਾਲੇ ਤੱਕ ਇੱਥੇ ਕੋਈ ਇੰਤਜ਼ਾਮ ਨਹੀਂ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਕੁਝ ਨਹੀਂ ਬਦਲਿਆ।