ਐੱਨਐੱਚਐੱਮ ਦੇ ਮੁਲਾਜ਼ਮ ਤਨਖਾਹਾਂ ਨੂੰ ਤਰਸੇ
ਐੱਨਐੱਚਐੱਮ ਦੇ ਮੁਲਾਜ਼ਮ ਤਨਖਾਹਾਂ ਨੂੰ ਤਰਸੇ, ਸਿਵਲ ਸਰਜਨ ਨੂੰ ਦਿੱਤਾ ਮੰਗ-ਪੱਤਰ
Publish Date: Tue, 16 Sep 2025 08:42 PM (IST)
Updated Date: Tue, 16 Sep 2025 08:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਕਈ ਦਿਨਾਂ ਤੋਂ ਪੂਰਾ ਪੰਜਾਬ ਕੁਦਰਤ ਦੇ ਕਹਿਰ ਹੜ੍ਹਾਂ ਦੀ ਮਾਰ ਹੇਠ ਜੂਝ ਰਿਹਾ ਹੈ। ਪੰਜਾਬ ਦੇ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਹਜ਼ਾਰਾਂ ਪਰਿਵਾਰ ਇਸ ਹੜ੍ਹ ਦੀ ਮਾਰ ’ਚ ਆਏ ਹੋਏ ਹਨ ਫਿਰ ਵੀ ਨੈਸ਼ਨਲ ਹੈਲਥ ਮਿਸ਼ਨ ਦੇ ਕੱਚੇ ਕਾਮੇ ਆਪਣੀ ਡਿਊਟੀ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ’ਚ ਜਾ ਕੇ ਤਨਦੇਹੀ ਨਾਲ ਨਿਭਾਅ ਰਹੇ ਹਨ। ਹੈਰਾਨੀਜਨਕ ਹੈ ਕਿ ਅੱਜ ਦੇ ਦਿਨ ਤੱਕ ਬਹੁਤ ਸਾਰੇ ਜ਼ਿਲ੍ਹਿਆਂ ਤੇ ਬਲਾਕਾਂ ਦੀ ਜੁਲਾਈ ਮਹੀਨੇ ਦੀ ਤੇ ਸਾਰੇ ਪੰਜਾਬ ’ਚ ਅਗਸਤ ਮਹੀਨੇ ਦੀ ਤਨਖਾਹ ਜਾਰੀ ਨਹੀਂ ਕੀਤੀ ਗਈ ਹੈ। ਇਸ ਕਾਰਨ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਰੋਜ਼ਾਨਾ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮੁਲਾਜ਼ਮਾਂ ਵੱਲੋਂ ਪਰਿਵਾਰਕ ਜ਼ਿੰਮੇਵਾਰੀਆਂ ਦਾ ਨਿਰਵਾਹ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ਸਬੰਧੀ ਨੈਸ਼ਨਲ ਹੈਲਥ ਮਿਸ਼ਨ ਜਲੰਧਰ ਅਧੀਨ ਕੰਮ ਕਰਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ (ਡੀਪੀਐੱਮ) ਡਾ. ਸੁਖਵਿੰਦਰ ਕੌਰ, ਜਿਲ੍ਹਾ ਆਰਬੀਐੱਸਕੇ ਕੋਆਰਡੀਨੇਟਰ ਪਰਮਵੀਰ ਝੱਮਟ, ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਤੇ ਸਮੂਹ ਐੱਨਐੱਚਐੱਮ ਸਟਾਫ ਵੱਲੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ‘ਨੋ ਸੈਲਰੀ ਨੋ ਵਰਕ’ ਤਹਿਤ ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਨੂੰ ਮੰਗ ਪੱਤਰ ਦਿੱਤਾ ਗਿਆ ਤੇ 17 ਸਤੰਬਰ ਤੋਂ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਭਰ ’ਚ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵੱਲੋਂ 17 ਸਬੰਬਰ ਤੋਂ ਆਨਲਾਈਨ ਕੰਮ ਤੇ ਰਿਪੋਰਟਿੰਗ ਬੰਦ ਰੱਖੀ ਜਾਵੇਗੀ।