ਜਾਗਰਣ ਸੰਵਾਦਦਾਤਾ, ਜਲੰਧਰ :

ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ’ਚ ਨੈਸ਼ਨਲ ਹਾਈਵੇ ਦੇ ਰੂਟ 'ਤੇ ਬਲੈਕ ਸਪਾਟ ਖਤਮ ਕਰਨ ਲਈ ਨੈਸ਼ਨਲ ਹਾਈਵੇ ਅਥਾਰਟੀ ਨੇ ਨਵੀਂ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਅਨੁਸਾਰ ਬਲੈਕ ਸਪਾਟ ਨੂੰ ਖਤਮ ਕਰਨ ਲਈ ਵੱਖ-ਵੱਖ ਪੜਾਵਾਂ ’ਚ ਕੰਮ ਕਰਵਾਏ ਜਾਣਗੇ। ਇਸ ਦਾ ਮਤਲਬ ਹੈ ਕਿ ਜਦੋਂ ਗੱਡੀ ਚਲਾਉਂਦੇ ਸਮੇਂ ਕੋਈ ਗਲਤੀ ਹੋਵੇਗੀ ਤਾਂ ਸੜਕ ਦੀ ਡਿਜ਼ਾਈਨ ਉਸ ਨੂੰ ਸੁਰੱਖਿਆ ਮੁਹੱਈਆ ਕਰੇਗੀ। ਇਸੇ ਤਹਿਤ, ਪੀਏਪੀ ਫਲਾਈਓਵਰ ਨਾਲ ਪੀਏਪੀ ਚੌਕ 'ਤੇ ਨਵਾਂ ਰੈਂਪ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤਾਂ ਜੋ ਬਿਨਾਂ ਕਿਸੇ ਪਰੇਸ਼ਾਨੀ ਦੇ ਵਾਹਨ ਚਾਲਕ ਰਾਮਾ ਮੰਡੀ ਚੌਕ ਜਾ ਕੇ ਯੂ-ਟਰਨ ਲੈਣ ਦੀ ਬਜਾਏ ਸਿੱਧਾ ਅੰਮ੍ਰਿਤਸਰ ਵੱਲ ਜਾ ਸਕਣ। ਲਗਪਗ 300 ਮੀਟਰ ਲੰਬਾ ਅਤੇ 5.5 ਮੀਟਰ ਚੌੜਾ ਰੈਂਪ ਦਾ ਨਿਰਮਾਣ ਕਾਰਜ ਸਾਲ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਇਸੇ ਤਰ੍ਹਾਂ, ਮੇਨ ਹਾਈਵੇ 'ਤੇ ਬਰਸਾਤ ਦਾ ਪਾਣੀ ਜਮ੍ਹਾਂ ਤੋਂ ਰੋਕਣ ਲਈ ਬਰਸਾਤੀ ਨਾਲੇ ਦੀ ਥਾਂ ਪਾਈਪਲਾਈਨ ਪਾਈ ਜਾਵੇਗੀ ਤਾਂ ਜੋ ਨਿਕਾਸ ਹੋ ਸਕੇ।
-----------
ਕਿੱਥੇ ਕਿੰਨੇ ਹਨ ਬਲੈਕਸਪਾਟ
ਜਲੰਧਰ ਪ੍ਰਸ਼ਾਸਨ ਤੇ ਟ੍ਰੈਫਿਕ ਪੁਲਿਸ ਦੀ ਤਾਜ਼ਾ ਰਿਪੋਰਟ (ਅਕਤੂਬਰ, 2025) ਅਨੁਸਾਰ ਪੂਰੇ ਜ਼ਿਲ੍ਹੇ ’ਚ ਕੁੱਲ 56 ਐਕਸੀਡੈਂਟ ਪ੍ਰੋਨ ਬਲੈਕਸਪਾਟ (ਹਾਦਸਾ ਸੰਭਾਵਿਤ ਖੇਤਰ) ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਨੈਸ਼ਨਲ ਹਾਈਵੇ-44 (ਜਲੰਧਰ-ਅੰਮ੍ਰਿਤਸਰ ਤੇ ਜਲੰਧਰ-ਲੁਧਿਆਣਾ ਮਾਰਗ) ਅਤੇ ਪਠਾਨਕੋਟ ਹਾਈਵੇ 'ਤੇ ਇਹ ਸਥਾਨ ਸਭ ਤੋਂ ਵੱਧ ਹਾਦਸਾ ਸੰਭਾਵੀ ਹਨ। ਪੀਏਪੀ ਚੌਕ 'ਤੇ ਸਭ ਤੋਂ ਗੁੰਝਲਦਾਰ ਤੇ ਖਤਰਨਾਕ ਪੁਆਇੰਟ ਮੰਨਿਆ ਜਾਂਦਾ ਹੈ। ਇੱਥੇ ਭਾਰੀ ਆਵਾਜਾਈ ਤੇ ਅੰਮ੍ਰਿਤਸਰ ਵੱਲ ਜਾਣ ਵਾਲੇ ਰੈਂਪ ਦੀ ਘਾਟ ਕਾਰਨ ਹਾਦਸੇ ਹੁੰਦੇ ਹਨ। ਰਾਮਾ ਮੰਡੀ ਚੌਕ 'ਤੇ ਫਲਾਈਓਵਰ ਨੇੜੇ ਸਰਵਿਸ ਰੋਡ ਤੇ ਗਲਤ ਦਿਸ਼ਾ ਤੋਂ ਆਉਣ ਵਾਲੇ ਵਾਹਨਾਂ ਕਾਰਨ ਖ਼ਤਰਾ ਬਣਿਆ ਰਹਿੰਦਾ ਹੈ। ਪਠਾਨਕੋਟ ਚੌਕ ’ਤੇ ਭਾਰੇ ਵਾਹਨਾਂ ਦੀ ਆਵਾਜਾਈ ਅਤੇ ਤੇਜ਼ ਰਫ਼ਤਾਰ ਕਾਰਨ ਅਕਸਰ ਪੈਦਲ ਚੱਲਣ ਵਾਲੇ ਅਤੇ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਲੰਮਾ ਪਿੰਡ ਚੌਕ 'ਤੇ ਡ੍ਰੇਨਜ ਤੇ ਵਿਜ਼ੀਬਿਲਿਟੀ ਦੀ ਸਮੱਸਿਆ ਰਹਿੰਦੀ ਹੈ, ਜਿਸ ਨੂੰ ਠੀਕ ਕਰਨ ਦਾ ਕੰਮ ਪ੍ਰਸਤਾਵਿਤ ਹੈ। ਵੇਰਕਾ ਮਿਲਕ ਪਲਾਂਟ ਅੰਡਰਪਾਸ ’ਚ ਅਚਾਨਕ ਵਾਹਨਾਂ ਦੇ ਮੁੜਨ ਅਤੇ ਅੰਡਰਪਾਸ ਦੀ ਬਣਾਵਟ ਕਾਰਨ ਹਾਦਸੇ ਹੁੰਦੇ ਹਨ। ਚੁਗਿੱਟੀ ਫਲਾਈਓਵਰ 'ਤੇ ਤੇਜ਼ ਰਫ਼ਤਾਰ ਵਾਹਨਾਂ ਵਿਚਾਲੇ ਤਾਲਮੇਲ ਦੀ ਘਾਟ ਤੇ ਖਰਾਬ ਲਾਈਟਿੰਗ ਮੁੱਖ ਕਾਰਨ ਹਨ। ਕਿਸ਼ਨਗੜ੍ਹ ਚੌਕ ਹਾਈਵੇ 'ਤੇ ਸਥਿਤ ਇਸ ਜੰਕਸ਼ਨ ਨੂੰ ਹਾਲ ਹੀ ਵਿਚ ਬਹੁਤ ਜ਼ਿਆਦਾ ਹਾਦਸਾ ਸੰਭਾਵੀ ਐਲਾਨਿਆ ਕੀਤਾ ਗਿਆ ਹੈ ਤੇ ਇੱਥੇ ਨਵੀਆਂ ਟ੍ਰੈਫਿਕ ਲਾਈਟਾਂ ਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਧੰਨੋਵਾਲੀ ਰੋਡ, ਦਕੋਹਾ ਫਾਟਕ, ਮਕਸੂਦਾਂ ਮੰਡੀ, ਕਾਲੀਆ ਕਾਲੋਨੀ ਤੇ ਫੇਅਰ ਲੈਅ ਰਿਸੋਰਟ ਦੇ ਸਾਹਮਣੇ ਦਾ ਹਾਈਵੇ ਹਿੱਸਾ ਵੀ ਬਲੈਕਸਪਾਟਸ ਦੀ ਸ਼੍ਰੇਣੀ ’ਚ ਸ਼ਾਮਲ ਹੈ।
---------
ਕਿੱਥੇ ਤੇ ਹੋਣਗੇ ਕੀ-ਕੀ ਸੁਧਾਰ
ਡਿਪਟੀ ਕਮਿਸ਼ਨਰ ਨੇ ਐੱਨਐੱਚਏਆਈ ਨੂੰ ਬਲੈਕਸਪਾਟਸ ’ਤੇ ਚਿਤਾਵਨੀ ਬੋਰਡ ਲਾਉਣ ਅਤੇ ਸੁਧਾਰ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਿਧੀਪੁਰ ਚੌਕ ਤੋਂ ਫਗਵਾੜੇ ਤੱਕ ਰੋਡ ਰਿਵੈਂਪ ਪ੍ਰੋਜੈਕਟ ਤੇ ਪੀਏਪੀ ਫਲਾਈਓਵਰ 'ਤੇ ਵਾਧੂ ਲੇਨ ਬਣਾਉਣ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਹਾਈਵੇ 'ਤੇ ਬਣੇ ਅਸੁਰੱਖਿਅਤ ਅਤੇ ਨਾਜਾਇਜ਼ ਕੱਟਾਂ ਨੂੰ ਕੰਕਰੀਟ ਦੀਆਂ ਕੰਧਾਂ ਨਾਲ ਬੰਦ ਕੀਤਾ ਜਾਵੇਗਾ। ਰਾਤ ਦੇ ਸਮੇਂ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਹਾਈ-ਮਾਸਟ ਸੋਲਰ ਲਾਈਟਾਂ ਤੇ ਕੈਟ-ਆਈ ਰਿਫਲੈਕਟਰ ਲਾਏ ਜਾਣਗੇ। ਆਬਾਦੀ ਵਾਲੇ ਇਲਾਕਿਆਂ ਤੋਂ ਪਹਿਲਾਂ ਸੜਕਾਂ 'ਤੇ ਸਪੀਡ ਬ੍ਰੇਕਰ ਜਿਹੀਆਂ ਰੰਬਲ ਸਟ੍ਰਿਪਸ ਬਣਾਈਆਂ ਜਾਣਗੀਆਂ ਤਾਂ ਜੋ ਰਫ਼ਤਾਰ 'ਤੇ ਲਗਾਮ ਲਾਈ ਜਾ ਸਕੇ। ਇਨ੍ਹਾਂ ਕੰਮਾਂ ਦੀ ਨਿਗਰਾਨੀ ਟ੍ਰੈਫਿਕ ਪੁਲਿਸ ਤੇ ਸੜਕ ਸੁਰੱਖਿਆ ਮਾਹਿਰਾਂ ਦੀ ਟੀਮ ਕਰੇਗੀ ਤਾਂ ਜੋ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ’ਚ ਕਮੀ ਲਿਆਈ ਜਾ ਸਕੇ।
----------
ਹਾਈਵੇ ’ਤੇ ਦੋ ਫੁੱਟਓਵਰ ਬ੍ਰਿਜ ਤੇ ਕਿਸ਼ਨਗੜ੍ਹ ’ਚ ਬਣੇਗਾ ਫਲਾਈਓਵਰ
ਐੱਨਐੱਚਏਆਈ ਵੱਲੋਂ ਤਿਆਰ ਕੀਤੀ ਗਈ ਯੋਜਨਾ ਵਿਚ ਕਿਸ਼ਨਗੜ੍ਹ ’ਚ ਫਲਾਈਓਵਰ ਬਣਾਉਣ ਦਾ ਪ੍ਰਸਤਾਵ ਹੈ, ਜਿਸ ਲਈ ਹਾਲ ਹੀ ਵਿਚ ਐੱਨਐੱਚਏਆਈ ਦੀ ਟੀਮ ਸਰਵੇ ਕਰਕੇ ਗਈ ਹੈ। ਯੋਜਨਾ ਦੀ ਮਨਜ਼ੂਰੀ ਦੇ ਬਾਅਦ ਟੈਂਡਰ ਪ੍ਰਕਿਰਿਆ ਅਤੇ ਨਿਰਮਾਣ ਕਾਰਜ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਕਿਸ਼ਨਗੜ੍ਹ ਵਿਚ ਟ੍ਰੈਫਿਕ ਲਾਈਟ ਲਗਾਉਣ ਦਾ ਕੰਮ ਹੋ ਚੁੱਕਾ ਹੈ। ਇਸਦੇ ਨਾਲ ਨਾਲ, ਬਲੈਕਸਪਾਟ ਖਤਮ ਕਰਨ ਲਈ ਪੀਏਪੀ ਚੌਕ ਦੇ ਅੱਗੇ ਭੂਰਮੰਡੀ ਤੇ ਚੱਕ ਜਿੰਦਾਂ ਪਿੰਡ ਦੇ ਸਾਹਮਣੇ ਫੁੱਟਓਵਰ ਬ੍ਰਿਜ ਦਾ ਨਿਰਮਾਣ ਪ੍ਰਸਤਾਵਿਤ ਹੈ।
----------
ਜ਼ਿਲ੍ਹੇ ਦੀ ਰੋਡ ਸੁਰੱਖਿਆ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਸੈਣੀ ਨੇ ਕਿਹਾ ਹੈ ਕਿ ਸ਼ਹਿਰ ਦਾ 15 ਕਿੱਲੋਮੀਟਰ ਦਾ ਰੂਟ ਸਿੱਧਾ ਤੌਰ 'ਤੇ ਹਾਈਵੇ ਕੰਢੇ ਹੈ। ਜਿੱਥੇ ਬਲੈਕ ਸਪਾਟ ਖਤਮ ਕਰਨ ਦਾ ਯੋਜਨਾ ਹੀ ਬਣੀ ਹੈ ਪਰ ਕੰਮ ਹੋਣ ’ਚ ਦੇਰੀ ਹੋ ਰਹੀ ਹੈ। ਅਜਿਹੇ ਵਿਚ ਜੇ ਹਾਦਸੇ ਵਿਚ ਕਿਸੇ ਦੀ ਜਾਨ ਜਾਂਦੀ ਹੈ ਤਾਂ ਫਿਰ ਸਾਬਕਾ ਡੀਸੀ ਦੇ ਹੁਕਮ ਮੁਤਾਬਕ ਸਬੰਧਤ ਇੰਜੀਨੀਅਰਾਂ ਖ਼ਿਲਾਫ਼ ਪਰਚਾ ਦਰਜ ਕਰਵਾਇਆ ਜਾਵੇ। ਉਦੋਂ ਹੀ ਅਜਿਹੇ ਮਾਮਲਿਆਂ ’ਚ ਸੁਧਾਰ ਹੋ ਸਕੇਗਾ।
---
6 ਮਹੀਨਿਆਂ ’ਚ ਹੋਏ ਹਾਦਸੇ, ਚਾਰ ਮੌਤਾਂ ਤੇ 12 ਜ਼ਖ਼ਮੀ
ਪਹਿਲੀ ਮਈ ਨੂੰ ਗੁਰਾਇਆ-ਫਿਲਲੌਰ ਨੈਸ਼ਨਲ ਹਾਈਵੇ ’ਤੇ ਇਕ ਤੇਜ਼ ਰਫਤਾਰ ਕਾਰ ਅੱਗੇ ਜਾ ਰਹੇ ਅਣਪਛਾਤੇ ਵਾਹਨ ਨਾਲ ਟਕਰਾਈ, ਜਿਸ ’ਚ ਇਕ ਹੀ ਪਰਿਵਾਰ ਦੇ ਪੰਜ ਲੋਕ ਜ਼ਖਮੀ ਹੋ ਗਏ। ਅਪ੍ਰੈਲ ’ਚ ਦੋ ਕਾਰਾਂ ਆਪਸ ’ਚ ਟਕਰਾ ਗਈਆਂ, ਜਿਸ ’ਚ ਡਿਵਾਈਡਰ ਨਾਲ ਟਕਰਾਉਣ ਮਗਰੋਂ ਦੋਵੇਂ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪਹਿਲੀ ਜਨਵਰੀ ਨੂੰ ਭੋਗਪੁਰ ਹਾਈਵੇ ’ਤੇ ਰਾਏਪੁਰ ਪਿੰਡ ਨੇੜੇ ਕਾਰ ਤੇ ਆਟੋ ’ਚ ਟੱਕਰ ਹੋਈ, ਜਿਸ ਵਿਚ ਆਟੋ ਡਰਾਈਵਰ ਦੀ ਮੌਤ ਹੋ ਗਈ ਤੇ ਚਾਰ ਹੋਰ ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ। 25 ਜਨਵਰੀ ਨੂੰ ਪਿੰਡ ਗਾਰਾ (ਫਿਲੌਰ) ’ਚ ਸੜਕ ਕੰਢੇ ਚੱਲ ਰਹੀ 13 ਸਾਲਾ ਕੁੜੀ ਨੂੰ ਤੇਜ਼ ਰਫਤਾਰ ਕਾਰ ਨੇ ਟਕਰ ਮਾਰੀ, ਜਿਸ ’ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਕਤੂਬਰ ਦੇ ਅੰਤ ’ਚ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਕਰਤਾਰਪੁਰ ’ਚ ਕਾਰ ਖੜ੍ਹੇ ਟਰਾਲੇ ਹੇਠਾਂ ਜਾ ਵੜੀ, ਜਿਸ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ’ਚ ਜ਼ਖਮੀ ਹੋਏ।