ਸੀਐੱਨਜੀ ਪਲਾਂਟ ਮਾਮਲੇ ਦੀ ਅਗਲੀ ਸੁਣਵਾਈ 15 ਜੁਲਾਈ ਨੂੰ
ਭੋਗਪੁਰ ਸ਼ੂਗਰ ਮਿਲ ’ਚ ਪ੍ਰਸਤਾਵਿਤ ਸੀਐੱਨਜੀ ਬਾਇਓ ਗੈਸ ਪਲਾਂਟ ਦੇ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਅਗਲੀ ਸੁਣਵਾਈ ਹੁਣ 15 ਜੁਲਾਈ ਨੂੰ ਹੋਵੇਗੀ। ਪਿਛਲੇ ਲਗਪਗ ਦੋ ਸਾਲਾਂ ਤੋਂ ਭੋਗਪੁਰ ਤੇ ਆਸਪਾਸ ਦੇ ਪਿੰਡਾਂ ਦੇ ਲੋਕ ਇਸ ਪਲਾਂਟ ਦਾ ਲਗਾਤਾਰ ਵਿਰੋਧ ਕਰ ਰਹੇ ਹਨ।
Publish Date: Thu, 28 May 2026 09:39 PM (IST)
Updated Date: Thu, 28 May 2026 09:40 PM (IST)

ਸੰਵਾਦ ਸੂਤਰ, ਜਾਗਰਣ, ਭੋਗਪੁਰ : ਭੋਗਪੁਰ ਸ਼ੂਗਰ ਮਿਲ ’ਚ ਪ੍ਰਸਤਾਵਿਤ ਸੀਐੱਨਜੀ ਬਾਇਓ ਗੈਸ ਪਲਾਂਟ ਦੇ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਅਗਲੀ ਸੁਣਵਾਈ ਹੁਣ 15 ਜੁਲਾਈ ਨੂੰ ਹੋਵੇਗੀ। ਪਿਛਲੇ ਲਗਪਗ ਦੋ ਸਾਲਾਂ ਤੋਂ ਭੋਗਪੁਰ ਤੇ ਆਸਪਾਸ ਦੇ ਪਿੰਡਾਂ ਦੇ ਲੋਕ ਇਸ ਪਲਾਂਟ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਤੇ ਗ੍ਰੀਨ ਜ਼ੋਨ ਖੇਤਰ ’ਚ ਪਲਾਂਟ ਲਗਾਉਣ ਨਾਲ ਸਿਹਤ 'ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਦੂਜੇ ਪਾਸੇ, ਪਲਾਂਟ ਦਾ ਠੇਕਾ ਲੈਣ ਵਾਲੀ ਕੰਪਨੀ ਨੇ ਵੀ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਪ੍ਰੋਜੈਕਟ 'ਤੇ ਪਹਿਲਾਂ ਹੀ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ ਤੇ ਕੰਮ ਦੁਬਾਰਾ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ। ਇਸ ਪੂਰੇ ਮਾਮਲੇ ’ਚ ਜਨਹਿਤ ਪਟੀਸ਼ਨ (ਪੀਐੱਲਆਈ) ਵੀ ਦਾਇਰ ਕੀਤੀ ਗਈ ਹੈ, ਜਿਸ ’ਚ ਚਰਨਜੀਤ ਸਿੰਘ ਡੱਲਾ, ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਰਾਜ ਕੁਮਾਰ ਰਾਜਾ, ਲੱਕੀ ਟੂਰ, ਰਾਕੇਸ਼ ਕੁਮਾਰ ਬੱਗਾ ਸਮੇਤ ਹੋਰ ਲੋਕ ਸ਼ਾਮਲ ਹਨ। ਦੋਵੇਂ ਪਾਸਿਆਂ ਦੀ ਸੁਣਵਾਈ ਹਾਈ ਕੋਰਟ ’ਚ ਇਕੱਠੀ ਚੱਲ ਰਹੀ ਹੈ। 25 ਮਈ ਨੂੰ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਪਹਿਲਾਂ ਦਿੱਤੀਆਂ ਰਿਪੋਰਟਾਂ ਤੋਂ ਵੱਖਰੀ ਇਕ ਨਵੀਂ ਤੇ ਸਪੱਸ਼ਟ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਖਾਸ ਤੌਰ 'ਤੇ ਇਹ ਜਾਣਕਾਰੀ ਮੰਗੀ ਹੈ ਕਿ ਭੋਗਪੁਰ ਸ਼ੂਗਰ ਮਿੱਲ ਦੇ ਵਿਹੜੇ ’ਚ ਜਿੱਥੇ ਪਲਾਂਟ ਲਾਉਣ ਦੀ ਯੋਜਨਾ ਹੈ, ਉੱਥੇ ਬਣੀਆਂ ਤਿੰਨ ਕੰਪੋਸਟ ਯੂਨਿਟਾਂ ਦੀ ਮੌਜੂਦਾ ਸਥਿਤੀ ਕੀ ਹੈ।