ਆਨਲਾਈਨ ਫੀਸ ਵਸੂਲੇਗੀ ਤਹਿਬਾਜ਼ਾਰੀ ਬ੍ਰਾਂਚ ਦੀ ਨਵੀਂ ਟੀਮ
ਤਹਿਬਾਜ਼ਾਰੀ ਬ੍ਰਾਂਚ ਦੀ ਨਵੀਂ ਟੀਮ ਆਨਲਾਈਨ ਫੀਸ ਵਸੂਲੇਗੀ, ਪਾਰਕਿੰਗ ਫੀਸ ਵਿੱਚ ਵੀ ਗੜਬੜ
Publish Date: Wed, 29 Apr 2026 10:18 PM (IST)
Updated Date: Wed, 29 Apr 2026 10:22 PM (IST)

-ਪੁਰਾਣੀ ਟੀਮ ਖ਼ਿਲਾਫ਼ ਵਿਜੀਲੈਂਸ ਜਾਂਚ ਦੀ ਚਰਚਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਵਿੱਚ ਹਰ ਸਾਲ ਹੋ ਰਹੀ ਕਰੋੜਾਂ ਦੀ ਗੜਬੜੀ ਨੂੰ ਰੋਕਣ ਲਈ ਨਿਗਮ ਪ੍ਰਸ਼ਾਸਨ ਕਈ ਕੜੇ ਫੈਸਲੇ ਲੈਣ ਜਾ ਰਿਹਾ ਹੈ। ਰੇਹੜੀਆਂ ਤੋਂ ਫੀਸ ਵਸੂਲੀ ਵਿੱਚ ਘਪਲੇ ਨੂੰ ਲੈ ਕੇ ਤਹਿਬਾਜ਼ਾਰੀ ਬ੍ਰਾਂਚ ਦੀ ਪੂਰੀ ਟੀਮ ਬਦਲਣ ਤੋਂ ਬਾਅਦ ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਪਾਰਕਿੰਗ ਫੀਸ ਵਸੂਲੀ ’ਚ ਵੀ ਵੱਡੇ ਪੱਧਰ ਤੇ ਕੁਰੱਪਸ਼ਨ ਹੋਈ ਹੈ। ਕੁਝ ਦਿਨ ਪਹਿਲਾਂ ਸ਼੍ਰੀ ਰਾਮ ਚੌਕ ਸਥਿਤ ਨਿਗਮ ਦੀ ਪਾਰਕਿੰਗ ਵਿੱਚ ਤਾਇਨਾਤ ਇੱਕ ਕਰਮਚਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਕਰਮਚਾਰੀ ਤੇ ਦੋਸ਼ ਸੀ ਕਿ ਉਸ ਨੇ ਪਾਰਕਿੰਗ ਫੀਸ ਇਕੱਠੀ ਕਰਕੇ ਨਿਗਮ ਦਫ਼ਤਰ ਵਿੱਚ ਜਮ੍ਹਾਂ ਨਹੀਂ ਕਰਵਾਈ। ਜਾਂਚ ਤੋਂ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਇਹ ਵੀ ਮੰਗ ਉੱਠ ਰਹੀ ਹੈ ਕਿ ਕਾਰ ਪਾਰਕਿੰਗ ਕਰਨ ਵਾਲਿਆਂ ਨੂੰ ਦਿੱਤੀਆਂ ਗਈਆਂ ਪਰਚੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਸ਼ੱਕ ਹੈ ਕਿ ਨਿਗਮ ਵੱਲੋਂ ਤੈਅ ਕੀਤੀ ਗਈ ਫੀਸ ਦੇ ਮੁਕਾਬਲੇ ਕਿੰਨੀ ਫੀਸ ਲਈ ਗਈ ਤੇ ਕਿਤੇ ਫ਼ਰਜ਼ੀ ਰਸੀਦਾਂ ਤਾਂ ਨਹੀਂ ਦਿੱਤੀਆਂ ਗਈਆਂ। ਮੇਅਰ ਵਨੀਤ ਧੀਰ ਦੇ ਹੁਕਮਾਂ ਤੇ ਤਹਿਬਾਜ਼ਾਰੀ ਵਿਭਾਗ ਵਿੱਚ ਨਵੇਂ ਕਰਮਚਾਰੀ ਨਿਯੁਕਤ ਕੀਤੇ ਗਏ ਹਨ। ਪਾਰਕਿੰਗ ਤੇ ਰੇਹੜੀਆਂ ਤੋਂ ਫੀਸ ਲੈਣ ਦਾ ਕੰਮ ਇਹੀ ਦੇਖਣਗੇ। ਫੀਸ ਵਸੂਲੀ ਲਈ ਪੀਓਐੱਸ ਮਸ਼ੀਨਾਂ ਦਿੱਤੀਆਂ ਗਈਆਂ ਹਨ। ਨਵੇਂ ਕਰਮਚਾਰੀਆਂ ਨੂੰ ਸੁਪਰਡੈਂਟ ਸੰਜੀਵ ਕਾਲੀਆ ਟ੍ਰੇਨਿੰਗ ਦੇਣਗੇ ਕਿ ਮਸ਼ੀਨਾਂ ਰਾਹੀਂ ਆਨਲਾਈਨ ਫੀਸ ਕਿਵੇਂ ਵਸੂਲਣੀ ਹੈ। ਨਿਗਮ ਨੇ 10 ਕਰਮਚਾਰੀਆਂ ਦੀਆਂ ਆਈਡੀਜ਼ ਤਿਆਰ ਕਰ ਦਿੱਤੀਆਂ ਹਨ। ਨਵੇਂ ਲਾਏ ਗਏ ਕਈ ਕਰਮਚਾਰੀ ਹੋਰ ਜ਼ਿਲ੍ਹਿਆਂ ਦੇ ਹਨ, ਜਿਨ੍ਹਾਂ ਨੂੰ ਸ਼ਹਿਰ ਦੇ ਇਲਾਕਿਆਂ ਦੀ ਜਾਣਕਾਰੀ ਨਹੀਂ ਹੈ। ਇਸ ਲਈ ਉਨ੍ਹਾਂ ਨਾਲ ਨਿਗਮ ਦੇ ਸੇਵਾਦਾਰ ਲਗਾਏ ਜਾਣਗੇ, ਜੋ ਉਨ੍ਹਾਂ ਨੂੰ ਇਲਾਕਿਆਂ ਵਿੱਚ ਮਦਦ ਕਰਨਗੇ। ਦੱਸਣਯੋਗ ਹੈ ਕਿ ਨਿਗਮ ਪ੍ਰਸ਼ਾਸਨ ਨੇ ਤਹਿਬਾਜ਼ਾਰੀ ਵਿਭਾਗ ਵਿੱਚ ਰੇਹੜੀ ਵਾਲਿਆਂ ਤੋਂ ਫੀਸ ਦੀ ਸਹੀ ਵਸੂਲੀ ਨਾ ਹੋਣ ਤੇ ਖੁਦ ਜਾਂਚ ਕਰਵਾਈ ਸੀ। ਮੇਅਰ ਦੇ ਨਿਰਦੇਸ਼ ਤੇ ਪਹਿਲੀ ਵਾਰ ਪੂਰੇ ਅਮਲੇ ਨੂੰ ਹੀ ਬਦਲ ਦਿੱਤਾ ਗਿਆ। ਮੇਅਰ ਵਨੀਤ ਧੀਰ ਨੇ ਖੁਦ ਨਾਮਦੇਵ ਚੌਕ ਤੋਂ ਬੱਸ ਸਟੈਂਡ ਤੱਕ ਦੋਹਾਂ ਪਾਸਿਆਂ ਖੜ੍ਹੀਆਂ ਰੇਹੜੀਆਂ ਵਾਲਿਆਂ ਨਾਲ ਪੁੱਛਗਿੱਛ ਕੀਤੀ ਸੀ। ਉਨ੍ਹਾਂ ਨੇ ਰੇਹੜੀ ਵਾਲਿਆਂ ਤੋਂ ਪੁੱਛਿਆ ਕਿ ਉਹ ਕਿਸ ਤਰੀਕੇ ਨਾਲ ਫੀਸ ਦਿੰਦੇ ਹਨ। ਇਸ ਦੌਰਾਨ ਕਈ ਵੱਡੇ ਖੁਲਾਸੇ ਹੋਏ। ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ’ਚ ਰੇਹੜੀਆਂ ਤੋਂ ਵਸੂਲੀ ਵਿੱਚ ਗੜਬੜ ਦੀ ਸੰਭਾਵਨਾ ਤੇ ਨਿਗਮ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਇਆ ਹੈ। -------------------------- ਵਿਜੀਲੈਂਸ ਨੂੰ ਦਿੱਤੀ ਜਾ ਸਕਦੀ ਹੈ ਜਾਂਚ ਪੂਰੀ ਟੀਮ ਬਦਲਣ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਵਿਜੀਲੈਂਸ ਬਿਊਰੋ ਦੇ ਹਵਾਲੇ ਕਰਨ ਦੀ ਚਰਚਾ ਤੇਜ਼ ਹੋ ਗਈ ਹੈ। ਮੇਅਰ ਵਨੀਤ ਧੀਰ ਨੇ ਖੁਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਤਹਿਬਾਜ਼ਾਰੀ ਫੀਸ ਵਸੂਲੀ ਵਿਚ ਸਾਲਾਨਾ ਕਰੋੜਾਂ ਦੀ ਗੜਬੜੀ ਤੇ ਜਾਂਚ ਵਿੱਚ ਕਈ ਸਬੂਤ ਮਿਲਣ ਤੋਂ ਬਾਅਦ ਇਹ ਚਰਚਾ ਬਣ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਵੀ ਦਿੱਤੀ ਜਾ ਸਕਦੀ ਹੈ। ਨਿਗਮ ਪੱਧਰ ਤੇ ਰੇਹੜੀ ਵਾਲਿਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕਿਸ ਇਲਾਕੇ ਵਿੱਚ ਕੌਣ ਵਸੂਲੀ ਕਰਦਾ ਰਿਹਾ ਹੈ। ----------------------------- ਸਭ ਰੇਹੜੀਆਂ ਤੇ ਲੱਗਣਗੀਆਂ ਕਿਊਆਰ ਕੋਡ ਵਾਲੀਆਂ ਪਲੇਟਾਂ ਨਗਰ ਨਿਗਮ ਨੇ ਕਰੀਬ 8 ਮਹੀਨੇ ਪਹਿਲਾਂ ਕਿਊਆਰ ਕੋਡ ਵਾਲੀਆਂ ਪਲੇਟਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਤੱਕ 4400 ਰੇਹੜੀਆਂ ਤੇ ਕਿਊਆਰ ਕੋਡ ਵਾਲੀਆਂ ਪਲੇਟਾਂ ਲੱਗ ਚੁੱਕੀਆਂ ਹਨ। ਨਿਗਮ ਕੋਲ 600 ਨੰਬਰ ਪਲੇਟਾਂ ਹੋਰ ਵੀ ਤਿਆਰ ਪਈਆਂ ਹਨ, ਜਿਨ੍ਹਾਂ ਨੂੰ ਜਲਦ ਲਾਇਆ ਜਾਵੇਗਾ। ਸ਼ਹਿਰ ਵਿੱਚ ਕਰੀਬ 22 ਹਜ਼ਾਰ ਰੇਹੜੀਆਂ ਹੋਣ ਦਾ ਅੰਦਾਜ਼ਾ ਹੈ ਅਤੇ ਸਭ ਤੇ ਕਿਊਆਰ ਕੋਡ ਪਲੇਟਾਂ ਲਗਾਉਣ ਦਾ ਟੀਚਾ ਹੈ। ਇਸ ਲਈ ਇੱਕ ਨਿੱਜੀ ਕੰਪਨੀ ਨੂੰ ਹਾਇਰ ਕੀਤਾ ਜਾਵੇਗਾ, ਜੋ ਸਰਵੇ ਵੀ ਕਰੇਗੀ ਤੇ ਪਲੇਟਾਂ ਵੀ ਲਗਾਏਗੀ। ਨਿਗਮ ਫੀਸ ਵਸੂਲੀ ਦਾ ਪੂਰਾ ਸਿਸਟਮ ਆਨਲਾਈਨ ਕਰੇਗਾ ਤੇ ਕਿਸੇ ਤੋਂ ਵੀ ਨਕਦ ਫੀਸ ਨਹੀਂ ਲਈ ਜਾਵੇਗੀ। ਇਸ ਨਾਲ ਰੈਵੀਨਿਊ ਵਿੱਚ ਵਾਧਾ ਹੋਵੇਗਾ। ਜੇ ਸਭ ਤੋਂ 1000 ਰੁਪਏ ਮਹੀਨਾ ਵੀ ਫੀਸ ਮਿਲਦੀ ਹੈ ਤਾਂ ਨਿਗਮ ਨੂੰ 20 ਤੋਂ 25 ਕਰੋੜ ਰੁਪਏ ਮਿਲ ਸਕਦੇ ਹਨ, ਜਦਕਿ ਇਸ ਵੇਲੇ ਨਿਗਮ ਸਾਲਾਨਾ 2 ਕਰੋੜ ਰੁਪਏ ਵੀ ਨਹੀਂ ਕਮਾ ਰਿਹਾ।