ਆਧੁਨਿਕ ਲਾਈਟਾਂ ਸਮੇਤ ਬਣੇਗੀ ਮਾਰਕੀਟ, ਅਲੱਗ ਕਿਸਮ ਦਾ ਬਣੇਗਾ ਫੁੱਟਪਾਥ
ਆਧੂਨਿਕ ਲਾਇਟਾਂ ਸਮੇਤ ਬਣੇਗੀ ਮਾਰਕੀਟ, ਅਲਗ ਕਿਸਮ ਦਾ ਬਣੇਗਾ ਫੁਟਪਾਥ
Publish Date: Wed, 13 May 2026 08:51 PM (IST)
Updated Date: Thu, 14 May 2026 04:16 AM (IST)

6.34 ਕਰੋੜ ਦਾ ਪ੍ਰਾਜੈਕਟ 6 ਮਹੀਨਿਆਂ ’ਚ ਹੋਵੇਗਾ ਮੁਕੰਮਲ : ਐਕਸੀਅਨ, 32-33 ਨੰਬਰ ਵਾਰਡ ਦੀ ਬਦਲੇਗੀ ਨੁਹਾਰ ਮਦਨ ਭਾਰਦਵਾਜ ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਨੇ ਮਾਡਲ ਟਾਊਨ ਮਾਰਕੀਟ ’ਚ ਪੈਦਲ ਚੱਲਣ ਵਾਲਿਆਂ ਨੂੰ ਬਿਹਤਰ ਸਹੂਲਤ ਦੇਣ ਲਈ 6.34 ਕਰੋੜ ਦਾ ਪੇਡੈਸਟ੍ਰਿਅਨ ਐਂਡ ਨੇਬਰਹੁੱਡ ਇੰਪਰੂਵਮੈਂਟ ਪ੍ਰਾਜੈਕਟ ਦੇ ਅਧੀਨ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਅਧੀਨ ਬਿਨਾਂ ਕਿਸੇ ਰੁਕਾਵਟ ਦੇ ਲੋਕਾਂ ਨੂੰ ਪੈਦਲ ਚੱਲਣ ਲਈ ਫੁੱਟਪਾਥ ਮਿਲੇਗਾ। ਇਹ ਫੁੱਟਪਾਥ ਬੀਐੱਸਐੱਨਐੱਲ ਐਕਸਚੇਂਜ ਤੋਂ ਢਾਈ ਕਿੱਲੋ ਮੀਟਰ ਲੰਮੀ ਸੜਕ ਦੇ ਨਾਲ-ਨਾਲ ਬਣੇਗਾ, ਜਿਥੇ ਆਧੂਨਿਕ ਕਿਸਮ ਦੀਆਂ ਲਾਈਟਾਂ ਵੀ ਲਗਾਈਆਂ ਜਾਣਗੀਆਂ। ਸੜਕਾਂ ਦਾ ਸੁੰਦਰੀਕਰਨ ਮਾਡਲ ਟਾਊਨ ਮਾਰਕੀਟ ਦੀਆਂ ਮੁੱਖ ਸੜਕਾਂ ਦਾ ਸੁੰਦਰੀਕਰਨ ਤਾਂ ਕੀਤਾ ਹੀ ਜਾਏਗਾ, ਨਾਲ ਹੀ ਰਾਤ ਨੂੰ ਲੋਕਾਂ ਦੀ ਸੁਰੱਖਿਆ ਲਈ ਆਨੋਮੈਂਟਲ ਲਾਈਟਾਂ ਵੀ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸਕੂਲਾਂ ਤੇ ਹਸਪਤਾਲਾਂ ਦੇ ਬਾਹਰ ਲਗਪਗ 30 ਕਿਲੋਮੀਟਰ ਦੀ ਰਫਤਾਰ ਨਾਲ ਚੱਲਣ ਦਾ ਸਪੀਡ ਜ਼ੋਨ ਤੈਅ ਕੀਤਾ ਗਿਆ ਹੈ। ਭੀੜ ਵਾਲੇ ਚੌਕਾਂ ’ਤੇ ਜ਼ੈਬਰਾ ਕ੍ਰਾਸਿੰਗ ਤੇ ਪੈਦਲ ਚੱਲਣ ਵਾਲਿਆਂ ਲਈ ਅਲੱਗ ਸਿਗਨਲ ਦਾ ਪ੍ਰਬੰਧ ਹੋਵੇਗਾ। ਨਾਜਾਇਜ਼ ਕਬਜ਼ੇ ਹਟਣਗੇ ਮਾਡਲ ਟਾਊਨ ਮਾਰਕੀਟ ’ਚ ਜਿਨ੍ਹਾਂ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ੇ ਕਰ ਕੇ ਦੁਕਾਨਾਂ ਅੱਗੇ ਵਧਾ ਰੱਖੀਆਂ ਹਨ, ਉਨ੍ਹਾਂ ਨੂੰ ਤੋੜਿਆ ਜਾਏਗਾ, ਤਾਂ ਜੋ ਪੈਦਲ ਚੱਲਣ ਵਾਲਿਆਂ ਨੂੰ ਆਸਾਨੀ ਨਾਲ ਰਸਤਾ ਮਿਲ ਸਕੇ। ਇਸ ਤੋਂ ਇਲਾਵਾ ਬਜ਼ੁਰਗਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਪ੍ਰਮੁੱਖ ਰਸਤਿਆਂ ’ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਸੜਕ ’ਤੇ ਵਿਸ਼ੇਸ਼ ਕੂੜੇਦਾਨ ਲਗਾਏ ਜਾਣਗੇ ਅਤੇ ਰਿਹਾਇਸ਼ੀ ਇਲਾਕਿਆਂ ’ਚ ਸਪੀਡ ਬਰੇਕਰ ਵੀ ਬਣਾਏ ਜਾਣਗੇ। 6 ਮਹੀਨਿਆਂ ’ਚ ਪੂਰਾ ਹੋਵੇਗਾ ਪ੍ਰਾਜੈਕਟ : ਐਕਸੀਅਨ ਇਸ ਦੌਰਾਨ ਬੀਐਂਡਆਰ ਬਰਾਂਚ ਦੇ ਐਕਸੀਅਨ ਰਾਮਪਾਲ ਅਨੁਸਾਰ ਉਕਤ 6.34 ਕਰੋੜ ਦਾ ਪ੍ਰਾਜੈਕਟ 6 ਮਹੀਨਿਆਂ ’ਚ ਤਿਆਰ ਹੋਵੇਗਾ ਤੇ ਇਸ ’ਚ ਲਤੀਫਪੁਰਾ ਵਾਲੀ ਸਾਰੀ ਸੜਕ ਕਵਰ ਕੀਤੀ ਜਾਏਗੀ ਤੇ ਦੇਵਦੱਤ ਖੁੱਲਰ ਮਾਰਗ, ਪ੍ਰਕਾਸ਼ ਨਗਰ ਤੇ ਗੁਰਦੁਆਰਾ ਸਾਹਿਬ ਵਾਲੀ ਸੜਕ ਵੀ ਸ਼ਾਮਿਲ ਹੈ। ਪੀਪੀਆਰ ਮਾਲ ਤੋਂ ਵਿਨੇ ਮੰਦਿਰ ਸੜਕ ਦਾ ਕੰਮ ਹੋਇਆ ਸ਼ੁਰੂ ਇਸ ਦੌਰਾਨ ਐਕਸੀਅਨ ਰਾਮਪਾਲ ਨੇ ਦੱਸਿਆ ਕਿ ਬੁੱਧਵਾਰ ਨੂੰ ਕੈਂਟ ਹਲਕੇ ਦੇ ਪੀਪੀਆਰ ਮਾਲ ਤੋਂ ਵਿਨੇ ਮੰਦਿਰ ਰੋਡ ਜਿਸ ਨੂੰ ਮਦਰ ਟਰੇਸਾ ਰੋਡ ਵੀ ਕਿਹਾ ਜਾਂਦਾ ਹੈ, ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਵੀ ਛੇਤੀ ਬਣਾ ਦਿੱਤੀ ਜਾਏਗੀ।