ਪੰਜਾਬ ਦੇ ਸਕੂਲਾਂ ’ਚ ਸਿੱਖਿਆ ਦਾ ਨਵਾਂ ਮਾਡਲ: 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਬੈਗਲੈੱਸ ਡੇਅ’ ਦੀ ਹੋਈ ਸ਼ੁਰੂਆਤ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਣਾਲੀ ਨੂੰ ਹੋਰ ਦਿਲਚਸਪ ਅਤੇ ਤਣਾਅ-ਮੁਕਤ ਬਣਾਉਣ ਲਈ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸ.ਸੀ.ਈ.ਆਰ.ਟੀ.) ਵੱਲੋਂ ਇੱਕ ਮਹੱਤਵਪੂਰਨ ਪਹਿਲ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਅਕਾਦਮਿਕ ਸੈਸ਼ਨ 2026-27 ਦੌਰਾਨ ਰਾਜ ਦੇ ਸਾਰੇ ਸਰਕਾਰੀ ਸਕੂਲਾਂ (ਪੀ.ਐੱਮ. ਸ਼੍ਰੀ ਸਕੂਲਾਂ ਤੋਂ ਇਲਾਵਾ) ਵਿੱਚ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ 10 ‘ਬੈਗਲੈੱਸ ਡੇਅ’ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
Publish Date: Tue, 12 May 2026 02:40 PM (IST)
Updated Date: Tue, 12 May 2026 02:44 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਣਾਲੀ ਨੂੰ ਹੋਰ ਦਿਲਚਸਪ ਅਤੇ ਤਣਾਅ-ਮੁਕਤ ਬਣਾਉਣ ਲਈ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸ.ਸੀ.ਈ.ਆਰ.ਟੀ.) ਵੱਲੋਂ ਇੱਕ ਮਹੱਤਵਪੂਰਨ ਪਹਿਲ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਅਕਾਦਮਿਕ ਸੈਸ਼ਨ 2026-27 ਦੌਰਾਨ ਰਾਜ ਦੇ ਸਾਰੇ ਸਰਕਾਰੀ ਸਕੂਲਾਂ (ਪੀ.ਐੱਮ. ਸ਼੍ਰੀ ਸਕੂਲਾਂ ਤੋਂ ਇਲਾਵਾ) ਵਿੱਚ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ 10 ‘ਬੈਗਲੈੱਸ ਡੇਅ’ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਰਚਨਾਤਮਕਤਾ ਅਤੇ ਹੁਨਰ ਵਿਕਾਸ ’ਤੇ ਜ਼ੋਰ
ਇਸ ਪਹਿਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਰੱਟੇਬਾਜ਼ੀ ਦੀ ਪ੍ਰਵਿਰਤੀ ਨੂੰ ਘਟਾ ਕੇ ਉਨ੍ਹਾਂ ਵਿੱਚ ਰਚਨਾਤਮਕਤਾ, 21ਵੀਂ ਸਦੀ ਦੇ ਹੁਨਰਾਂ ਅਤੇ ਵੱਖ-ਵੱਖ ਵਿਸ਼ਿਆਂ ਪ੍ਰਤੀ ਦਿਲਚਸਪੀ ਪੈਦਾ ਕਰਨਾ ਹੈ। 0ਇਨ੍ਹਾਂ ਦਿਨਾਂ ਦੌਰਾਨ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੀ ਥਾਂ ਸੋਸ਼ਲ ਇਮੋਸ਼ਨਲ ਲਰਨਿੰਗ (ਐੱਸ.ਈ.ਐੱਲ.), ਅਨੁਭਵੀ ਸਿੱਖਿਆ ਅਤੇ ਜਮਾਤ ਤੋਂ ਬਾਹਰਲੇ ਐਕਸਪੋਜ਼ਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।
ਪੂਰੇ ਸਾਲ ਦਾ ਦਿਲਚਸਪ ਸ਼ਡਿਊਲ
ਐੱਸ.ਸੀ.ਈ.ਆਰ.ਟੀ. ਵੱਲੋਂ ਮਈ 2026 ਤੋਂ ਫਰਵਰੀ 2027 ਤੱਕ ਲਈ ਗਤੀਵਿਧੀਆਂ ਦਾ ਵਿਸਤ੍ਰਿਤ ਕੈਲੰਡਰ ਜਾਰੀ ਕੀਤਾ ਗਿਆ ਹੈ।
ਮਈ-ਜੁਲਾਈ: ਭਾਸ਼ਾਵਾਂ ਨਾਲ ਮਨੋਰੰਜਨ (ਰੋਲ ਪਲੇਅ, ਕਵਿਤਾ ਉਚਾਰਨ) ਅਤੇ ਛੁੱਟੀਆਂ ਦੇ ਕੰਮ ਦੀ ਪ੍ਰਦਰਸ਼ਨੀ।
ਅਗਸਤ-ਸਤੰਬਰ: ਗਣਿਤ ਦੀਆਂ ਆਕ੍ਰਿਤੀਆਂ ਨਾਲ ਖੇਡਾਂ ਅਤੇ ਅਧਿਆਪਕ ਦਿਵਸ ’ਤੇ ‘ਵਿਦਿਆਰਥੀ-ਅਧਿਆਪਕ’ ਗਤੀਵਿਧੀ।
ਅਕਤੂਬਰ-ਨਵੰਬਰ: ਸਮਾਜਿਕ ਵਿਗਿਆਨ ਪ੍ਰਦਰਸ਼ਨੀ, ਕੂੜਾ ਪ੍ਰਬੰਧਨ ਵਰਕਸ਼ਾਪ ਅਤੇ ਬਾਲ ਦਿਵਸ ਸਮਾਰੋਹ।
ਦਸੰਬਰ-ਫਰਵਰੀ: ਸਾਈਬਰ ਸੁਰੱਖਿਆ ਅਤੇ ਵਾਤਾਵਰਣ ’ਤੇ ‘ਸਪਾਰਕ ਸੈਸ਼ਨ’, ਵਿਗਿਆਨ ਗਤੀਵਿਧੀਆਂ ਅਤੇ ਇਤਿਹਾਸਕ ਸਥਾਨਾਂ ਦਾ ਦੌਰਾ।
ਗਤੀਵਿਧੀਆਂ ਦਾ ਵਿਸ਼ੇਸ਼ ਸਰੂਪ
‘ਬੈਗਲੈੱਸ ਡੇਅ’ ਦੀ ਸ਼ੁਰੂਆਤ ਵਿਸ਼ੇਸ਼ ਸਵੇਰ ਦੀ ਸਭਾ ਅਤੇ ਮਾਈਂਡਫੁਲਨੈੱਸ ਗਤੀਵਿਧੀਆਂ ਨਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਮੁੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ‘ਕੁਦਰਤ ਬਣੋ’ ਵਰਗੀਆਂ ਸਰਗਰਮੀਆਂ ਵੀ ਸ਼ਾਮਲ ਹਨ। ਇਸ ਗਤੀਵਿਧੀ ਤਹਿਤ ਵਿਦਿਆਰਥੀ ਆਪਣੇ ਆਪ ਨੂੰ ਕੁਦਰਤ ਦਾ ਹਿੱਸਾ ਮੰਨਦੇ ਹੋਏ ਪੋਸਟਰ ਤਿਆਰ ਕਰਨਗੇ ਅਤੇ ਸੰਦੇਸ਼ ਲਿਖਣਗੇ।
ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਇੱਕ ਨੋਡਲ ਅਧਿਆਪਕ ਨਿਯੁਕਤ ਕੀਤਾ ਜਾਵੇ ਅਤੇ ਹਰ ਗਤੀਵਿਧੀ ਦਾ ਰਿਕਾਰਡ ਵਿਸ਼ੇਸ਼ ਰਜਿਸਟਰ ਵਿੱਚ ਸੰਭਾਲਿਆ ਜਾਵੇ। ਇਨ੍ਹਾਂ ਗਤੀਵਿਧੀਆਂ ਦੀਆਂ ਰਿਪੋਰਟਾਂ ਅਤੇ ਤਸਵੀਰਾਂ 31 ਮਾਰਚ 2027 ਤੱਕ ਮੁੱਖ ਦਫ਼ਤਰ ਭੇਜਣੀਆਂ ਲਾਜ਼ਮੀ ਹੋਣਗੀਆਂ।
ਇਹ ਪਹਿਲ ਨਾ ਸਿਰਫ਼ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਵਿੱਚ ਸਹਾਇਕ ਸਾਬਤ ਹੋਵੇਗੀ, ਸਗੋਂ ਉਨ੍ਹਾਂ ਨੂੰ ਜ਼ਿੰਮੇਵਾਰ ਅਤੇ ਜਾਗਰੂਕ ਨਾਗਰਿਕ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।