ਐੱਲਪੀਜੀ ਦੀ ਸਪਲਾਈ ਸੁਚਾਰੂ ਹੋਣ ਤੱਕ ਨਵੇਂ ਗੈਸ ਕੁਨੈਕਸ਼ਨ 'ਤੇ ਰੋਕ
-ਬੁਕਿੰਗ ਤੇ ਸਪਲਾਈ ਵਿਚਾਲੇ
Publish Date: Sat, 02 May 2026 10:17 PM (IST)
Updated Date: Sat, 02 May 2026 10:20 PM (IST)
-ਬੁਕਿੰਗ ਤੇ ਸਪਲਾਈ ਵਿਚਾਲੇ ਫਰਕ ਕਾਰਨ ਲਿਆ ਫੈਸਲਾ
- ਖਪਤਕਾਰਾਂ ਨੂੰ ਕਰਨਾ ਪਵੇਗਾ ਇੰਤਜ਼ਾਰ
ਜਾਸ, ਜਲੰਧਰ : ਰਸੋਈ ਗੈਸ ਸਿਲੰਡਰ ਦੀ ਬੁਕਿੰਗ ਤੇ ਸਪਲਾਈ ਵਿਚਾਲੇ ਫਰਕ ਕਾਰਨ ਹੁਣ ਨਵੇਂ ਗੈਸ ਕੁਨੈਕਸ਼ਨ ਜਾਰੀ ਕਰਨ 'ਤੇ ਰੋਕ ਲਾ ਦਿੱਤੀ ਗਈ ਹੈ। ਇਸ ਨਾਲ ਰਸੋਈ ਗੈਸ ਕੁਨੈਕਸ਼ਨ ਲਈ ਅਰਜ਼ੀ ਦੇਣ ਵਾਲੇ ਖਪਤਕਾਰਾਂ ਨੂੰ ਹੁਣ ਦੋ ਮਹੀਨੇ ਤੱਕ ਇੰਤਜ਼ਾਰ ਕਰਨਾ ਪਵੇਗਾ। ਕਾਰਨ ਇਹ ਹੈ ਕਿ ਤੇਲ ਕੰਪਨੀਆਂ ਨੇ ਸਾਰੇ ਗੈਸ ਡਿਸਟ੍ਰਿਬਿਊਟਰਾਂ ਨੂੰ ਪਹਿਲੀ ਜੁਲਾਈ ਤੋਂ ਬਾਅਦ ਹੀ ਨਵੇਂ ਗੈਸ ਕੁਨੈਕਸ਼ਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜੁਲਾਈ ਮਹੀਨੇ ਦੇ ਬਾਅਦ ਐੱਲਪੀਜੀ ਗੈਸ ਦੀ ਸਪਲਾਈ ਆਮ ਹੋ ਜਾਵੇਗੀ।
ਅਸਲ ਵਿਚ ਈਰਾਨ ਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਕਾਰਨ ਐੱਲਪੀਜੀ ਦੀ ਸਪਲਾਈ 'ਤੇ ਸਭ ਤੋਂ ਵੱਧ ਪ੍ਰਭਾਵ ਪਿਆ ਹੈ। ਹਾਲਾਂਕਿ, ਐੱਲਪੀਜੀ ਦੀ ਕਮੀ ਨੂੰ ਦੇਖਦਿਆਂ ਤਿੰਨੇ ਤੇਲ ਕੰਪਨੀਆਂ (ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ) ਨੇ ਘਰੇਲੂ ਗੈਸ ਸਲਿੰਡਰ ਦੀ ਸਪਲਾਈ ਲਈ ਡਲਿਵਰੀ ਦੇ 25 ਦਿਨਾਂ ਬਾਅਦ ਦੂਜੀ ਬੁਕਿੰਗ ਦੀ ਵਿਵਸਥਾ ਕੀਤੀ ਹੈ। ਇਸ ਦੇ ਨਾਲ, ਵਪਾਰਕ ਗੈਸ ਸਿਲੰਡਰ ਦੀ ਸਪਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਕਮੇਟੀ ਦੇ ਨਿਰਦੇਸ਼ਾਂ ਮੁਤਾਬਕ ਹੀ ਸਪਲਾਈ ਦਿੱਤੀ ਜਾ ਰਹੀ ਹੈ। ਫਿਰ ਵੀ, ਇਸ ਵੇਲੇ ਐੱਲਪੀਜੀ ਦੀ ਸਪਲਾਈ ਆਮ ਹੁੰਦੀ ਨਹੀਂ ਦਿਖਾਈ ਦੇ ਰਹੀ। ਇਸੇ ਕਾਰਨ ਕਈ ਗੈਸ ਏਜੰਸੀਆਂ 'ਤੇ 25 ਦਿਨਾਂ ਬਾਅਦ ਬੁਕਿੰਗ ਤੇ ਉਸ ਦੇ 10 ਤੋਂ 15 ਦਿਨਾਂ ਬਾਅਦ ਡਲਿਵਰੀ ਦਿੱਤੀ ਜਾ ਰਹੀ ਹੈ। ਇਸ ਦਾ ਮਤਲਬ ਹੈ ਕਿ ਘਰੇਲੂ ਖਪਤਕਾਰਾਂ ਨੂੰ ਇਕ ਸਿਲੰਡਰ ਪ੍ਰਾਪਤ ਕਰਨ ਲਈ 35 ਤੋਂ 40 ਦਿਨਾਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਦੌਰਾਨ ਨਵੇਂ ਗੈਸ ਕੁਨੈਕਸ਼ਨ ਜਾਰੀ ਕਰਨ 'ਤੇ ਰੋਕ ਲਾ ਕੇ ਹਾਲਾਤ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਹਿਤ ਤੇਲ ਕੰਪਨੀਆਂ ਨੇ ਇਸ ਵੇਲੇ ਨਵੇਂ ਗੈਸ ਕੁਨੈਕਸ਼ਨ ਜਾਰੀ ਨਾ ਕਰਨ ਦਾ ਫੈਸਲਾ ਲਿਆ ਹੈ।