ਨੇਪਾਲ ਨੇ ਲਿਪੁਲੇਖ ’ਤੇ ਆਪਣਾ ਦਾਅਵਾ ਦੁਹਰਾਇਆ
ਕਾਠਮੰਡੂ (ਪੀਟੀਆਈ) : ਭਾਰਤ
Publish Date: Mon, 04 May 2026 10:35 PM (IST)
Updated Date: Mon, 04 May 2026 10:38 PM (IST)
ਕਾਠਮੰਡੂ (ਪੀਟੀਆਈ) : ਭਾਰਤ ਵੱਲੋਂ ਸਖ਼ਤੀ ਨਾਲ ਖਾਰਜ ਕੀਤੇ ਜਾਣ ਦੇ ਇਕ ਦਿਨ ਬਾਅਦ ਨੇਪਾਲ ਨੇ ਲਿਪੁਲੇਖ ’ਤੇ ਆਪਣਾ ਦਾਅਵਾ ਸੋਮਵਾਰ ਨੂੰ ਦੁਹਰਾਇਆ ਤੇ ਇਸ ਮੁੱਦੇ ਨੂੰ ਸੁਲਝਾਉਣ ਲਈ ਭਾਰਤ ਨਾਲ ਗੱਲਬਾਤ ਦੀ ਪੈਰਵਾਈ ਕੀਤੀ। ਭਾਰਤ ਨੇ ਐਤਵਾਰ ਨੂੰ ਹੀ ਲਿਪੁਲੇਖ ਦੱਰੇ ਦੇ ਰਸਤੇ ਹੋਣ ਵਾਲੀ ਆਗਾਮੀ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਨੇਪਾਲ ਦੇ ਇਤਰਾਜ਼ ਨੂੰ ਸਖ਼ਤੀ ਨਾਲ ਖਾਰਜ ਕੀਤਾ ਸੀ। ਭਾਰਤ ਨੇ ਖੇਤਰ ’ਤੇ ਨੇਪਾਲ ਦੇ ਦਾਅਵੇ ਨੂੰ ਇਕਪਾਸੜ ਤੇ ਮਨਮਾਨਾ ਵਿਸਥਾਰ ਦਸਦੇ ਹੋਏ ਨਾਮੰਣਨਯੋਗ ਕਰਾਰ ਦਿੱਤਾ ਸੀ। ਨੇਪਾਲ ਦੇ ਵਿਦੇਸ਼ ਮੰਤਰਾਲਾ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਕੇ ਲਿਪੁਲੇਖ ਦੱਰੇ ਦੇ ਰਸਤੇ ਕੈਲਾਸ਼ ਯਾਤਰਾ ਲਈ ਭਾਰਤ ਤੇ ਚੀਨ ਦੀਆਂ ਤਿਆਰੀਆਂ ’ਤੇ ਇਤਰਾਜ਼ ਜਤਾਇਆ ਸੀ। ਇਸ ਇਤਰਾਜ਼ ਤੇ ਖੇਤਰ ’ਤੇ ਉਸ ਦੇ ਦਾਅਵੇ ਨੂੰ ਭਾਰਤ ਵੱਲੋਂ ਖਾਰਜ ਕੀਤੇ ਜਾਣ ਦੇ ਬਾਵਜੂਦ ਨੇਪਾਲ ਸਰਕਾਰ ਦੇ ਬੁਲਾਰੇ ਸਸਮਿਤ ਪੋਖਾਰੇਲ ਨੇ ਸੋਮਵਾਰ ਨੂੰ ਕਿਹਾ ਕਿ ਨੇਪਾਲ ਦਾ ਆਪਣੀ ਹੱਦ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ, ਇਹ ਖੇਤਰ ਨੇਪਾਲ ਦਾ ਹੈ ਤੇ ਸਰਕਾਰ ਦਾ ਇਸ ਬਾਰੇ ਦ੍ਰਿਸ਼ਟੀਕੋਨ ਸਪਸ਼ਟ ਹੈ ਤੇ ਉਹ ਆਪਣੇ ਰੁਖ਼ ’ਤੇ ਬਰਕਰਾਰ ਹੈ। ਇਸ ਮੁੱਦੇ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਤੇ ਕੂਟਨੀਤਿਕ ਗੱਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ।